Site icon Sikh Siyasat News

ਗੁਰਦੁਆਰਾ ਗਿਆਨ ਗੋਦੜੀ (ਹਰਿਦੁਆਰ) ਦੀ ਸਥਾਪਨਾ ਲਈ ਕਾਨੂੰਨੀ ਲੜਾਈ ਲੜਾਂਗੇ: ਦਿੱਲੀ ਕਮੇਟੀ

ਨਵੀਂ ਦਿੱਲੀ: ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਲਈ ਯਤਨਸ਼ੀਲ ਸੰਗਤਾਂ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਰਿਸ਼ੀਕੇਸ਼ ਵਿਖੇ ਮੁਲਾਕਾਤ ਕੀਤੀ। ਦਿੱਲੀ ਕਮੇਟੀ ਵਲੋਂ ਜਾਰੀ ਇਕ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਆਦੇਸ਼ ’ਤੇ ਤਥਾਂ ਦੀ ਜਾਣਕਾਰੀ ਲੈਣ ਗਏ ਵਫਦ ਦੀ ਅਗਵਾਹੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਕੀਤੀ। ਵਫਦ ’ਚ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ, ਲੇਖਕ ਹਰਭਜਨ ਸਿੰਘ ਤੇ ਨੌਜਵਾਨ ਆਗੂ ਭੂਪਿੰਦਰ ਪਾਲ ਸਿੰਘ ਅਤੇ ਡਾ. ਪੁੰਨਪ੍ਰੀਤ ਸਿੰਘ ਮੌਜੂਦ ਸਨ।

ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਲਈ ਯਤਨਸ਼ੀਲ ਸੰਗਤਾਂ

ਜਾਰੀ ਬਿਆਨ ਮੁਤਾਬਕ ਵਫਦ ਨੇ ਸੰਘਰਸ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਦੌਰਾਨ ਕਾਨੂੰਨੀ ਅਤੇ ਸਾਮਾਜਿਕ ਸਰੋਕਾਰਾਂ ਨੂੰ ਸਮਝਣ ’ਤੇ ਜ਼ੋਰ ਦਿੱਤਾ। ਦਿੱਲੀ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਹਰਿ ਕੀ ਪੌੜੀ ਵਾਲੀ ਥਾਂ ’ਤੇ ਗੁਰੂ ਨਾਨਕ ਸਾਹਿਬ ਨੇ ਪਾਡਿਆਂ ਵੱਲੋਂ ਸੂਰਜ ਨੂੰ ਜਲ ਚੜਾਉਣ ਦੀ ਚਲਾਈ ਜਾਂਦੀ ਪਿਰਤ ਦਾ ਖੰਡਨ ਕੀਤਾ ਸੀ। ਇਸ ਇਤਿਹਾਸਿਕ ਪਲ ਦੀ ਗਵਾਹੀ ਭਰਦਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸੰਨ 1979 ਤਕ ਲੰਢੋਰਾ ਹਾਊਸ ’ਚ ਲੀਜ਼ ਤੇ ਲਈ ਗਈ ਲਗਭਗ 200 ਵਰਗ ਫੁੱਟ ਦੀ ਥਾਂ ’ਤੇ ਸਥਾਪਤ ਸੀ। ਜਿਥੇ ਅੱਜਕਲ ਭਾਰਤ ਸਕਾਉਟ ਅਤੇ ਗਾਈਡ ਦਾ ਦਫ਼ਤਰ ਹੈ। ਦਿੱਲੀ ਕਮੇਟੀ ਮੁਤਾਬਕ 1979 ਵਿਚ ਕੁੰਭ ਦੇ ਮੇਲੇ ਦੌਰਾਨ ਕੁਝ ਸ਼ਰਧਾਲੂਆਂ ਦੀ ਹੋਈ ਮੌਤ ਉਪਰੰਤ ਪ੍ਰਸ਼ਾਸਨ ਨੇ ਵਿਕਾਸ ਮੁਹਿੰਮ ਤਹਿਤ ਗੁਰਦੁਆਰਾ ਸਾਹਿਬ ਨੂੰ ਮਲਿਆਮੇਟ ਕਰ ਦਿੱਤਾ ਸੀ।

ਗੁਰਦੁਆਰਾ ਸਾਹਿਬ ਦੀ ਥਾਂ ‘ਤੇ ਹੁਣ ਭਾਰਤ ਸਕਾਊਟ ਦਾ ਦਫਤਰ ਬਣਿਆ ਹੋਇਆ ਹੈ

ਦਿੱਲੀ ਗੁਰਦੁਆਰਾ ਕਮੇਟੀ ਦੇ ਜਾਰੀ ਬਿਆਨ ‘ਚ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੰਘਰਸ ਕਮੇਟੀ ਦੇ ਆਗੂਆਂ ਨੇ ਵਫਦ ਨੂੰ ਜਾਣਕਾਰੀ ਦਿੱਤੀ ਕਿ 2001 ’ਚ ਹਰਿਦੁਆਰ ਦੀਆਂ ਸੰਗਤਾਂ ਵੱਲੋਂ ਕੌਮੀ ਘਟਗਿਣਤੀ ਕਮਿਸ਼ਨ ’ਚ ਗੁਰਦੁਆਰਾ ਸਾਹਿਬ ਨੂੰ ਥਾਂ ਦੇਣ ਸੰਬੰਧੀ ਪ੍ਰਸ਼ਾਸਨ ਦੇ ਢਿੱਲੇ ਵਿਵਹਾਰ ਬਾਰੇ ਸ਼ਿਕਾਇਤ ਕੀਤੀ ਗਈ ਸੀ। ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਦੀ ਅਗਵਾਹੀ ਹੇਠ ਉਸ ਵੇਲੇ ਚਲਦੇ ਕਮਿਸ਼ਨ ਨੇ ਹਰਿਦੁਆਰ ਦੇ ਡੀ.ਐਮ. ਨੂੰ ਹਰਿ ਕੀ ਪੌੜੀ ਤੇ ਗੁਰੂ ਸਾਹਿਬ ਦੇ ਆਗਮਨ ਦੀ ਜਾਣਕਾਰੀ ਦੇਣ ਵਾਲੇ ਬੋਰਡ ਦੇ ਨਾਲ ਹੀ ਨਿਸ਼ਾਨ ਸਾਹਿਬ ਲਗਾਉਣ ਦਾ ਆਦੇਸ਼ ਦਿੰਦੇ ਹੋਏ ਗੁਰਦੁਆਰਾ ਸਾਹਿਬ ਲਈ ਪ੍ਰੇਮ ਨਗਰ ਆਸ਼ਰਮ ਨੇੜੇ ਲਗਭਗ 50 ਹਜਾਰ ਵਰਗ ਫੀਟ ਥਾਂ ਦੇਣ ਦੀ ਹਿਦਾਇਤ ਦਿੱਤੀ ਸੀ। ਪਰ ਲੰਬੀ ਕਾਨੂੰਨੀ ਲੜਾਈ ਤੋਂ ਬਾਵਜੂਦ ਮਸਲਾ ਅੱਜ ਤਕ ਸਿਰੇ ਨਹੀਂ ਚੜ੍ਹ ਸਕਿਆ ਹੈ।

ਸਬੰਧਤ ਖ਼ਬਰ:

ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਲਈ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ …

ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਕੁਲਮੋਹਨ ਸਿੰਘ ਨੇ ਹਰ ਹਾਲਾਤ ’ਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਦਾ ਸੰਗਤ ਨੂੰ ਭਰੋਸਾ ਦਿੰਦੇ ਹੋਏ ਕਮੇਟੀ ਵੱਲੋਂ ਕਾਨੂੰਨੀ ਅਤੇ ਧਾਰਮਿਕ ਮੋਰਚਾ ਖੋਲ੍ਹਣ ਦਾ ਵੀ ਐਲਾਨ ਕੀਤਾ। ਕੁਲਮੋਹਨ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਹਰਿ ਕੀ ਪੌੜੀ ’ਤੇ ਗਿਆਨ ਦਾ ਪ੍ਰਕਾਸ਼ ਕਰਦੇ ਹੋਏ ਜਿਸ ਤਰੀਕੇ ਨਾਲ ਅਗਿਆਨਤਾ ਦਾ ਹਨ੍ਹੇਰਾ ਮਿਟਾਇਆ ਸੀ ਉਸ ਸਿਧਾਂਤ ਦੀ ਰਾਖੀ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਇਸ ਸੰਬੰਧੀ ਤਥਾਂ ਦੀ ਸਾਰੀ ਜਾਣਕਾਰੀ ਕਮੇਟੀ ਪ੍ਰਧਾਨ ਨੂੰ ਦਿੱਤੇ ਜਾਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਮਸਲੇ ’ਤੇ ਵੱਡਾ ਅੰਦੋਲਨ ਕਮੇਟੀ ਵੱਲੋਂ ਛੇਤੀ ਹੀ ਸ਼ੁਰੂ ਕਰਨ ਦਾ ਇਸ਼ਾਰਾ ਕੀਤਾ। ਉੱਤਰਾਖੰਡ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਸਣੇ ਹਰਿਦੁਆਰ ਦੇ ਸਮੂਹ ਪਤਵੰਤੇ ਸਿੱਖ ਇਸ ਮੌਕੇ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version