Site icon Sikh Siyasat News

ਦਲ ਖ਼ਾਲਸਾ-ਪੰਚ ਪ੍ਰਧਾਨੀ ਵਲੋਂ ਰਲੇਂਵੇਂ ਤੋਂ ਬਾਅਦ ਨਵੀਂ ਪਾਰਟੀ, ਜਥੇਬੰਦਕ ਢਾਂਚੇ ਦਾ ਐਲਾਨ 20 ਮਈ ਨੂੰ

ਅੰਮ੍ਰਿਤਸਰ: ਖ਼ਾਲਿਸਤਾਨ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਚੱਲ ਰਹੇ ਰਾਜਨੀਤਕ ਜਦੋਜਹਿਦ ਵਿਚ ਤੇਜ਼ੀ ਅਤੇ ਤਾਜ਼ਗੀ ਲਿਆਉਣ ਲਈ ਦਲ ਖ਼ਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਰਲੇਵੇਂ ਦੇ ਫੈਸਲੇ ਤੋਂ ਬਾਅਦ ਪਾਰਟੀ ਦੇ ਨਾਮ ਅਤੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ 20 ਮਈ ਨੂੰ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

ਭਾਈ ਕੰਵਰਪਾਲ ਸਿੰਘ, ਭਾਈ ਹਰਪਾਲ ਸਿੰਘ ਚੀਮਾ ਦਲ ਖ਼ਾਲਸਾ ਅਤੇ ਪੰਚ ਪ੍ਰਧਾਨੀ ਦੇ ਪਾਰਟੀ ਮੈਂਬਰਾਂ ਨਾਲ

ਬੀਤੇ ਵਰ੍ਹੇ ਸਤੰਬਰ ਵਿਚ ਪੰਚ ਪ੍ਰਧਾਨੀ ਅਤੇ ਦਲ ਖ਼ਾਲਸਾ ਦੇ ਬਾਨੀ ਆਗੂਆਂ ਵਿਚ ਭਾਈ ਦਲਜੀਤ ਸਿੰਘ ਅਤੇ ਭਾਈ ਗਜਿੰਦਰ ਸਿੰਘ ਦੀ ਪੇ੍ਰਰਣਾ ਸਦਕਾ ਦੋਵਾਂ ਜਥੇਬੰਦੀਆਂ ਨੇ ਆਪਸ ਵਿਚ ਮੁਕੰਮਲ ਏਕਤਾ ਦਾ ਅਹਿਮ ਫੈਸਲਾ ਕੀਤਾ ਸੀ।

ਦੋਨਾਂ ਜਥੇਬੰਦੀਆਂ ਦੇ ਕੋਰ ਕਮੇਟੀ ਮੈਂਬਰਾਂ ਦੀ ਦਲ ਖ਼ਾਲਸਾ ਦਫਤਰ ਵਿਖੇ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਜਿ ਜਥੇਬੰਦੀ ਦਾ ਨਾਮ, ਪ੍ਰਧਾਨ ਅਤੇ ਢਾਂਚੇ ਬਾਰੇ ਐਲਾਨ 20 ਮਈ ਨੂੰ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

ਦਲ ਖ਼ਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਪੰਚ ਪ੍ਰਧਾਨੀ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਨੇ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਹਮਖਿਆਲੀ ਲੋਕਾਂ ਨੂੰ ਇਸ ਏਕਤਾ ਦੇ ਅਮਲ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਪੰਥ ਨੂੰ ਅੰਦਰੂਨੀ ਅਤੇ ਬਾਹਰੀ ਦੁਸ਼ਮਣਾਂ ਦੀਆਂ ਕੁਚਾਲਾਂ ਤੋਂ ਬਚਾਉਣ ਲਈ ਏਕਤਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਸਿੱਖ ਨੌਜਵਾਨ, ਰਵਾਇਤੀ ਅਕਾਲੀ ਲੀਡਰਸ਼ਿਪ ਤੋਂ ਖਫਾ ਹਨ ਅਤੇ ਸਿੱਖ ਰਾਜਨੀਤੀ ਨਿਘਾਰ ਵੱਲ ਨੂੰ ਜਾ ਰਹੀ ਹੈ, ਜਿਸ ਕਾਰਨ ਕੌਮ ਅੰਦਰ ਨਮੋਸ਼ੀ ਦਾ ਆਲਮ ਪਸਰਿਆ ਹੋਇਆ ਹੈ। ਉਹਨਾਂ ਸਪੱਸ਼ਟ ਕੀਤਾ ਕਿ ਉਹ ਸਿਧਾਂਤਕ ਰਾਜਨੀਤੀ ਕਰਨ ਦੇ ਹਾਮੀ ਹਨ।

ਅੱਜ ਦੀ ਮੀਟਿੰਗ ਵਿਚ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਹਰਦਿਆਲ ਸਿੰਘ, ਰਣਵੀਰ ਸਿੰਘ, ਨੋਬਲਜੀਤ ਸਿੰਘ, ਪ੍ਰਭਜੋਤ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਕਰਤਾਰਪੁਰ, ਮਨਜੀਤ ਸਿੰਘ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਭਰਤਗੜ੍ਹ, ਪਰਮਜੀਤ ਸਿੰਘ ਮੰਡ, ਗਗਨਦੀਪ ਸਿੰਘ, ਹਰਜੋਤ ਸਿੰਘ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version