Site icon Sikh Siyasat News

ਮੋਹਾਲੀ ਦੇ ਪਿੰਡ ਦਾਊਂ ‘ਚ ਅਣਪਛਾਤੇ ਲੋਕਾਂ ਵਲੋਂ ਮੰਦਰ ਵਿੱਚ ਭੰਨ-ਤੋੜ ਕਰਨ ਦੀ ਖ਼ਬਰ

ਮੋਹਾਲੀ: ਮੋਹਾਲੀ ਦੇ ਪਿੰਡ ਦਾਊਂ ਸਥਿਤ ਮੰਦਰ ਵਿੱਚ ਬੀਤੀ ਰਾਤ ਅਣਪਛਾਤੇ ਲੋਕਾਂ ਵਲੋਂ ਅੱਗ ਲਾਉਣ ਦੀ ਖ਼ਬਰ ਮਿਲੀ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੰਦਰ ਵਿੱਚ ਗਾਂ ਦੀ ਪੂਛ ਅਤੇ ਡੇਰਾ ਸਿਰਸਾ ਦੇ ਬਲਾਤਕਾਰੀ ਰਾਮ ਰਹੀਮ ਦੀਆਂ ਫੋਟੋਆਂ ਵੀ ਸੁੱਟੀਆਂ ਗਈਆਂ ਹਨ। ਖ਼ਬਰਾਂ ਮੁਤਾਬਕ ਮੋਹਾਲੀ ਪੁਲਿਸ ਦੇ ਐੱਸਪੀ (ਡੀ) ਹਰਬੀਰ ਸਿੰਘ ਅਟਵਾਲ ਅਤੇ ਸ਼ਿਵ ਸੈਨਾ (ਹਿੰਦੂ) ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਮੌਕੇ ’ਤੇ ਪਹੁੰਚ ਗਏ ਸੀ।

ਮੰਦਰ ਦੇ ਪੁਜਾਰੀ ਮੋਹਨ ਦੀ ਸ਼ਿਕਾਇਤ ’ਤੇ ਬਲੌਂਗੀ ਥਾਣੇ ਵਿੱਚ ਅਣਪਛਾਤੇ ਬੰਦਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰਾਂ ਮੁਤਾਬਕ ਪੁਲਿਸ ਨੇ ਮੌਕੇ ਤੋਂ ਗਾਂ ਦੀ ਪੂਛ ਅਤੇ ਬਲਾਤਕਾਰੀ ਡੇਰਾ ਸਿਰਸਾ ਮੁਖੀ ਦੀਆਂ ਦੋ ਫੋਟੋਆਂ ਕਬਜ਼ੇ ਵਿੱਚ ਲੈ ਲਈਆਂ ਹਨ। ਜਦਕਿ ਪੁਲਿਸ ਅਧਿਕਾਰੀਆਂ ਮੁਤਾਬਕ ਮੰਦਰ ’ਚੋਂ ਕੋਈ ਪੂਛ ਨਹੀਂ ਮਿਲੀ।

ਘਟਨਾ ਦਾ ਰਾਤੀ ਕਰੀਬ ਡੇਢ ਵਜੇ ਉਸ ਸਮੇਂ ਪਤਾ ਲੱਗਾ ਜਦੋਂ ਮੰਦਰ ਨੇੜੇ ਰਹਿੰਦਾ ਇੱਕ ਸ਼ਖਸ ਡੈੱਲ ਕੰਪਨੀ ’ਚੋਂ ਰਾਤ ਦੀ ਡਿਊਟੀ ਕਰਕੇ ਵਾਪਸ ਘਰ ਆਇਆ। ਉਸ ਨੇ ਫੌਰੀ ਡੇਰਾ ਬਾਬਾ ਖੜਕ ਸਿੰਘ ਸਥਿਤ ਸਮਾਧਾਂ ਦੇ ਚੌਕੀਦਾਰ ਨੂੰ ਇਸ ਬਾਰੇ ਦੱਸਿਆ। ਇਸ ਮਗਰੋਂ ਮੰਦਰ ਦੇ ਸੇਵਾਦਾਰ ਮੋਹਨ, ਪੰਚ ਸਲੀਮ ਖਾਨ ਤੇ ਸਰਪੰਚ ਅਵਤਾਰ ਸਿੰਘ ਗੋਸਲ ਨੂੰ ਸੂਚਨਾ ਦਿੱਤੀ ਗਈ।

ਮੰਦਰ ਦਾ ਇਕ ਟੁੱਟਿਆ ਹੋਇਆ ਸ਼ੀਸ਼ਾ ਦਿਖਾਉਂਦਾ ਇਕ ਸ਼ਖਸ

ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਨੇ ਪੁਲਿਸ ‘ਤੇ ਦੋਸ਼ ਲਾਇਆ ਕਿ ਪੁਲਿਸ ਘਟਨਾ ‘ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਿਵ ਸੈਨਾ ਆਗੂ ਨੇ ਢੁਕਵੀਂ ਕਾਰਵਾਈ ਨਾ ਹੋਣ ‘ਤੇ ਵੱਡਾ ਸੰਘਰਸ਼ ਵਿੱਢਣ ਦੀ ਧਮਕੀ ਦਿੱਤੀ। ਤਰਕਸ਼ੀਲ ਸਤਨਾਮ ਦਾਊਂ ਨੇ ਸ਼ਿਵ ਸੈਨਾ ਆਗੂਆਂ ਦੇ ਨਾਲ ਹੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਇਸ ਤੋਂ ਬਾਅਦ ਐੱਸਪੀ (ਡੀ) ਹਰਬੀਰ ਸਿੰਘ ਅਟਵਾਲ ਨੇ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਸ਼ਿਵ ਸੈਨਿਕਾਂ ਦੀ ਭੜਕਾਹਟ ਨੂੰ ਸ਼ਾਂਤ ਕੀਤਾ।

ਪਿੰਡ ਦਾਊਂ ਦੇ ਸਰਪੰਚ ਅਵਤਾਰ ਸਿੰਘ ਗੋਸਲ ਨੇ ਦੱਸਿਆ ਕਿ ਉਨ੍ਹਾਂ ਨੇ ਬਲੌਂਗੀ ਥਾਣੇ ਜਾ ਕੇ ਘਟਨਾ ਦੀ ਜਾਣਕਾਰੀ ਦਿੱਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version