Site icon Sikh Siyasat News

ਮੂਲ ਨਾਨਕਸ਼ਾਹੀ ਕੈਲੰਡਰ (2003) ਮੁਤਾਬਕ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ, ਸਾਲ 2003 ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਲਾਗੂ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ (9 ਅਕਤੂਬਰ, 2017) ਮਨਾਉਂਦਿਆਂ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫ਼ੌਜ ਅਤੇ ਪੰਥਕ ਤਾਲਮੇਲ ਸੰਗਠਨ ਵਲੋਂ ਅੱਜ ਇਕ ਪ੍ਰਭਾਤ ਫੇਰੀ ਦਾ ਪ੍ਰਬੰਧ ਕੀਤਾ ਗਿਆ। ਇਹ ਪ੍ਰਭਾਤ ਫੇਰੀ ਸਵੇਰੇ 6 ਵਜੇ ਦੀ ਕਰੀਬ ਅਕਾਲ ਹਾਊਸ ਰੂਪ ਨਗਰ ਤੋਂ ਅਰੰਭ ਹੋਈ।

ਮੂਲ ਨਾਨਕਸ਼ਾਹੀ ਕੈਲੰਡਰ (2003) ਮੁਤਾਬਕ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਸਕੂਲੀ ਬੱਚਿਆਂ, ਬੈਂਡ ਪਾਰਟੀਆਂ, ਗੱਤਕਾ ਪਾਰਟੀਆਂ ਤੋਂ ਇਲਾਵਾ ਗੁਰਬਾਣੀ ਗਾਇਨ ਕਰਦੀਆਂ ਸੰਗਤਾਂ ਨੇ ਪ੍ਰਭਾਤ ਫੇਰੀ ਵਿੱਚ ਸ਼ਮੂਲੀਅਤ ਕੀਤੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ, ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਐਡਵੋਕੇਟ ਜਸਵਿੰਦਰ ਸਿੰਘ, ਕੁਲਜੀਤ ਸਿੰਘ (ਸਿੰਘ ਬ੍ਰਦਰਜ਼), ਸ. ਹਰਜੀਤ ਸਿੰਘ, ਕੌਂਸਲਰ ਅਮਰਜੀਤ ਸਿੰਘ ਭਾਟੀਆ, ਪ੍ਰਿੰਸੀਪਲ ਬਲਵਿੰਦਰ ਸਿੰਘ, ਬਰਿੰਦਰਪਾਲ ਸਿੰਘ, ਰਜਿੰਦਰ ਸਿੰਘ, ਭੁਪਿੰਦਰ ਸਿੰਘ ਸਮੇਤ ਹੋਰ ਸੰਗਤਾਂ ਪਰਭਾਤ ਫੇਰੀ ਵਿੱਚ ਸ਼ਾਮਿਲ ਸਨ। ਰੂਪ ਨਗਰ ਸਥਿਤ ਅਕਾਲ ਹਾਊਸ ਤੋਂ ਸ਼ੁਰੂ ਹੋਕੇ ਇਹ ਪ੍ਰਭਾਤ ਫੇਰੀ ਕੱਲੂ ਦਾ ਅਖਾੜਾ, ਲੂਣ ਮੰਡੀ, ਆਟਾ ਮੰਡੀ, ਮਿਸ਼ਰੀ ਬਜ਼ਾਰ, ਬਜ਼ਾਰ ਪਾਪੜਾਂ, ਬਜ਼ਾਰ ਮਾਈ ਸੇਵਾ ਹੁੰਦੀ ਹੋਈ ਘੰਟਾ ਘਰ ਬਾਹੀ ਰਸਤੇ ਦਰਬਾਰ ਸਾਹਿਬ ਅੰਦਰ ਦਾਖਲ ਹੋਈ।

ਸਬੰਧਤ ਖ਼ਬਰ:

ਸਿੱਖ ਯੂਥ ਆਫ ਪੰਜਾਬ ਵਲੋਂ ਬਿਕਰਮੀ ਨੂੰ ਰੱਦ ਕਰਦਿਆਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬ ਮਨਾਇਆ …

ਪ੍ਰਭਾਤ ਫੇਰੀ ਦੇ ਸਵਾਗਤ ਵਿਚ ਸੰਗਤਾਂ ਨੇ ਰਾਹ ‘ਚ ਵੱਖ-ਵੱਖ ਥਾਵਾਂ ਕਟੜਾ ਕਰਮ ਸਿੰਘ, ਨਮਕ ਮੰਡੀ, ਦਾਲ ਮੰਡੀ, ਛੱਤੀ ਖੂਹੀ ਚੌਂਕ ਵਿਖੇ ਲੰਗਰ ਲਾ ਕੇ ਸੰਗਤਾਂ ਦੀ ਸੇਵਾ ਕੀਤੀ। ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਪੁੱਜਣ ‘ਤੇ ਗਿਆਨੀ ਕੇਵਲ ਸਿੰਘ ਜੀ ਨੇ ਸਮਾਪਤੀ ਦੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਜਾ ਰਿਹਾ ਹੈ। ਇਹ ਪ੍ਰਭਾਤ ਫੇਰੀ ਉਸਦਾ ਇੱਕ ਅਹਿਮ ਹਿੱਸਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version