Site icon Sikh Siyasat News

ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਟਾਈਟਲਰ ਖ਼ਿਲਾਫ਼ ਨਵੇਂ ਸਬੂਤ ਸਿੱਟ ਹਵਾਲੇ

ਜਗਦੀਸ਼ ਟਾਈਟਲਰ (ਫਾਈਲ ਫੋਟੋ)

ਨਵੀਂ ਦਿੱਲੀ: ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਖ਼ਿਲਾਫ਼ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਤੇ ਗਏ ਨਵੇਂ ਸਬੂਤਾਂ ਨੂੰ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਜਸਟਿਸ ਐਸ ਐਨ ਢੀਂਗਰਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਹਵਾਲੇ ਕਰ ਦਿੱਤੇ ਹਨ।

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਜਸਟਿਸ ਢੀਂਗਰਾ ਨੂੰ ਪੱਤਰ ਲਿਖ ਕੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਕਮੇਟੀ ਤੋਂ ਟਾਈਟਲਰ ਖ਼ਿਲਾਫ਼ ਨਵੇਂ ਸਬੂਤਾਂ ਵਾਲੀ ਵੀਡੀਓ ਮਿਲਣ ਦੀ ਸ਼ਿਕਾਇਤ ਅਤੇ ਨਾਲ ਹੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੀ ਸੀਡੀ ਅਤੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਮਿਲੀ ਹੈ। ਉਨ੍ਹਾਂ ਕਿਹਾ ਇੰਟਰਵਿਊ ’ਚ ਜਗਦੀਸ਼ ਟਾਈਟਲਰ, ਕਮਲ ਨਾਥ, ਐਚ ਕੇ ਐਲ ਭਗਤ ਅਤੇ ਸੱਜਣ ਕੁਮਾਰ ਦੀ ਕੇਸ ’ਚ ਸ਼ਮੂਲੀਅਤ ਬਾਰੇ ਨਵੇਂ ਤੱਥ, ਸਬੂਤ ਅਤੇ ਖ਼ੁਲਾਸੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ।

ਸਬੰਧਤ ਖ਼ਬਰ: ਦਿੱਲੀ ਕਮੇਟੀ ਵੱਲੋਂ ਜਗਦੀਸ਼ ਟਾਈਟਲਰ ਦੀ ਵੀਡੀਓ ਦੇ 5 ਹਿੱਸੇ ਜਾਰੀ, ਜੀ.ਕੇ. ਨੇ ਕਿਹਾ ਟਾਈਟਲਰ ਨੂੰ ਗ੍ਰਿਫਤਾਰ ਕੀਤਾ ਜਾਵੇ

ਗ੍ਰਹਿ ਮੰਤਰਾਲੇ ਦੀ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ 2011 ’ਚ ਬਣੀ ਵੀਡਿਓ ਸੋਮਵਾਰ ਨੂੰ ਜਾਰੀ ਕੀਤੀ ਸੀ ਜਿਸ ’ਚ ਟਾਈਟਲਰ ਕੁਝ ਲੋਕਾਂ ਨਾਲ ਗੱਲਬਾਤ ਕਰਦਿਆਂ ਨਜ਼ਰ ਆਉਂਦਾ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਸਿੱਟ ਵੱਲੋਂ ਕੀਤੀ ਜਾ ਰਹੀ 186 ਕੇਸਾਂ ਦੀ ਜਾਂਚ ’ਚ ਇਹ ਸਬੂਤ ਸਹਾਈ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਸਿੱਖ ਕਤਲੇਆਮ 1984 ਦੇ 186 ਕੇਸਾਂ ਦੀ ਅੱਗੇ ਜਾਂਚ ਲਈ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ 11 ਜਨਵਰੀ ਨੂੰ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version