Site icon Sikh Siyasat News

ਪਹਿਲੀ ਵਾਰ ਪਾਕਿਸਤਾਨ ‘ਚ ਸੰਸਦੀ ਸਕੱਤਰ ਸਿੱਖ ਹੋਵੇਗਾ

ਲਹੌਰ/ਪਾਕਿਸਤਾਨ: ਪਾਕਿਸਤਾਨ ਵਿੱਚ ਪਹਿਲੀ ਵਾਰ ਇੱਕ ਸਿੱਖ ਵਿਧਾਇਕ ਨੂੰ ਸੰਸਦੀ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਇੱਕ ਖਬਰੀ ਅਦਾਰੇ ਮੁਤਾਬਕ ਪੰਜਾਬ ਵਿਧਾਨਸਭਾ ਦੇ ਮੈਂਬਰ ਸਰਦਾਰ ਮਹਿੰਦਰਪਾਲ ਸਿੰਘ ਦੇ ਵਿਭਾਗ ਬਾਰੇ ਆਉਂਦੇ ਦਿਨਾਂ ‘ਚ ਐਲਾਨ ਹੋ ਸਕਦਾ ਹੈ। ਮਹਿੰਦਰਪਾਲ ਸਿੰਘ ਨੇ ਕਿਹਾ ਕਿ ” ਪਾਕਿਸਤਾਨ ਵਿਚ ਵੱਸਦੀਆਂ ਘੱਟਗਿਣਤੀਆਂ ਦੇ ਨੁਮਾਇੰਦਿਆਂ ਦਾ ਜਿੰਮੇਵਾਰ ਅਹੁਦਿਆਂ ਉੱਤੇ ਆਉਣਾ ਇੱਕ ਚੰਗਾ ਸੁਨੇਹਾ ਦਿੰਦਾ ਹੈ।”

ਉਨ੍ਹਾਂ ਸਿੱਖ ਨੌਜਵਾਨ ਪਵਨ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੇ ਗਵਰਨਰ ਦਾ ਲੋਕ ਸੰਪਰਕ ਅਫਸਰ ਬਣਾਉਣ ਅਤੇ ਸਿੰਧ ਵਿਚ ਇੱਕ ਹਿੰਦੂ ਬੀਬੀ ਨੂੰ ਜੱਜ ਬਣਾਏ ਜਾਣ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਪਾਕਿਸਤਾਨ ਸਰਕਾਰ ਦਾ ਘੱਟਗਿਣਤੀਆਂ ਦੇ ਵਿਸ਼ਵਾਸ ਹੋਣ ਦਾ ਇੱਕ ਸਬੂਤ ਹੈ।

ਸੰਸਦੀ ਸਕੱਤਰ ਮਹਿੰਦਰਪਾਲ ਸਿੰਘ ਦੀ ਤਸਵੀਰ।

ਮਹਿੰਦਰਪਾਲ ਸਿੰਘ ਘੱਟ-ਗਿਣਤੀਆਂ ਲਈ ਰਾਖਵੇਂ ਹਲਕੇ ਤੋਂ ਤਹਿਰੀਕ ਏ ਇਨਸਾਫ ਜਥੇਬੰਦੀ ਦੀ ਟਿਕਟ ਤੇ ਚੋਣ ਲੜ ਕੇ ਮੈਂਬਰ ਬਣਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਹਿੰਦਰਪਾਲ ਸਿੰਘ ਨੂੰ ਵਧਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ. ਮਹਿੰਦਰਪਾਲ ਸਿੰਘ ਨੂੰ ਪਾਕਿਸਤਾਨ ਪੰਜਾਬ ਦੇ ਸੰਸਦੀ ਸਕੱਤਰ ਬਣਨ ’ਤੇ ਵਧਾਈ ਦਿੱਤੀ ਹੈ। ਭਾਈ ਲੌਂਗੋਵਾਲ ਨੇ ਕਿਹਾਾ ਕਿ ਸ. ਮਹਿੰਦਰਪਾਲ ਸਿੰਘ ਜੋ ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿਚ ਇਕੋ ਇਕ ਸਿੱਖ ਮੈਂਬਰ ਹਨ ਦੇ ਸੰਸਦੀ ਸਕੱਤਰ ਬਣਨ ਨਾਲ ਸਿੱਖ ਜਗਤ ਵਿਚ ਖ਼ੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੇਸ਼-ਵਿਦੇਸ਼ ਅੰਦਰ ਆਪਣੇ ਮਿਹਨਤ ਅਤੇ ਲਿਆਕਤ ਨਾਲ ਉੱਚ ਅਹੁਦੇ ਹਾਸਲ ਕੀਤੇ ਹਨ

। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਅੱਜ ਜਦੋਂ ਸਿੱਖ ਕੌਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਣ ਜਾ ਰਹੀ ਹੈ ਤਾਂ ਇਸ ਮੌਕੇ ਪਾਕਿਸਤਾਨ ਵਿਚ ਇਕ ਸਿੱਖ ਨੂੰ ਸੰਸਦੀ ਸਕੱਤਰ ਦਾ ਮਾਣ ਮਿਲਣਾ ਹੋਰ ਵੀ ਵੱਡੇ ਅਰਥ ਰੱਖਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ. ਮਹਿੰਦਰਪਾਲ ਸਿੰਘ 550ਵੇਂ ਪ੍ਰਕਾਸ਼ ਗੁਰਪੁਰਬ ਦੇ ਇਤਿਹਾਸਕ ਮੌਕੇ ’ਤੇ ਕਰਵਾਏ ਜਾਣ ਵਾਲੇ ਸਮਾਗਮਾਂ ਲਈ ਦੋਹਾਂ ਪੰਜਾਬਾਂ ਦੇ ਸਿੱਖਾਂ ਵਿਚ ਇਕ ਪੁੱਲ ਦਾ ਕੰਮ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version