Site icon Sikh Siyasat News

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ

ਚੰਡੀਗੜ੍ਹ – ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਆਰੰਭਤਾ ਅਰਦਾਸ ਨਾਲ ਹੋਈ।

 

ਇਸ ਮੌਕੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਅਤੇ ਨਗਾਰਚੀ ਸਿੰਘਾਂ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਿਰੋਪਾਓ ਦੇ ਕੇ ਨਿਵਾਜਿਆ। ਆਰੰਭਤਾ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਿਹਰੀ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ ਅਤੇ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਚੌਰ ਸਾਹਿਬ ਦੀ ਸੇਵਾ ਵੀ ਨਿਭਾਈ। ਨਗਰ ਕੀਰਤਨ ਦੌਰਾਨ ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਤੋਂ ਇਲਾਵਾ ਗਤਕਾ ਤੇ ਬੈਂਡ ਪਾਰਟੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ, ਜਦਕਿ ਕਾਰਸੇਵਾ ਵਾਲੇ ਮਹਾਂਪੁਰਖਾਂ ਅਤੇ ਸੰਗਤਾਂ ਨੇ ਕਈ ਪ੍ਰਕਾਰ ਦੇ ਲੰਗਰ ਲਗਾਏ ਹੋਏ ਸਨ।

ਨਗਰ ਕੀਰਤਨ ਦਾ ਚੌਂਕ ਘੰਟਾ ਘਰ, ਜਲ੍ਹਿਆਂ ਵਾਲਾ ਬਾਗ, ਲੱਕੜ ਮੰਡੀ, ਸੁਲਤਾਨਵਿੰਡ ਗੇਟ, ਪਾਣੀ ਵਾਲੀ ਟੈਂਕੀ, ਸਵਰਨ ਹਾਊਸ, ਗੋਲਡਨ ਕਲਾਥ ਮਾਰਕੀਟ, ਸੁਲਤਾਨਵਿੰਡ ਰੋਡ, ਤੇਜ ਨਗਰ ਚੌਕ, ਬਜ਼ਾਰ ਸ਼ਹੀਦ ਊਧਮ ਸਿੰਘ ਨਗਰ, ਕੋਟ ਮਾਹਣਾ ਸਿੰਘ ਤੋਂ ਤਰਨ ਤਾਰਨ ਰੋਡ ਆਦਿ ਵਿਖੇ ਸੰਗਤ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version