ਨਿਊਯਾਰਕ (10 ਫਰਵਰੀ, 2016): ਅਮਰੀਕੀ ਸਿੱਖ ਅਦਾਕਾਰ ਤੇ ਡਿਜ਼ਾਈਨਰ ਵਾਰਿਸ ਸਿੰਘ ਆਹਲੂਵਾਲੀਆ ਨੂੰ ਉਸ ਦੀ ਦਸਤਾਰ ਕਾਰਨ ਜਹਾਜ ਚੜਨ ਤੋਂ ਰੋਕਣ ਲਈ ਸਿੱਖਾਂ ਵੱਲੋਂ ਆਲੋਚਨਾ ਦਾ ਸ਼ਿਕਾਰ ਹੋ ਰਹੀ ਮੈਕਸੀਕੋ ਦੀ ਏਅਰੋਮੈਕਸੀਕੋ ਏਅਰਲਾਈਨਜ਼ ਨੇ ਮੁਆਫੀ ਮੰਗੀ ਹੈ।
ਜਾਣਕਾਰੀ ਅਨੁਸਾਰ 8 ਫਰਵਰੀ ਨੂੰ ਨਿਊਯਾਰਕ ਜਾਣ ਵਾਲੀ ਏਅਰੋਮੈਕਸੀਕੋ ਫਲਾਈਟ ਦੇ ਅਧਿਕਾਰੀਆਂ ਨੇ 41 ਸਾਲਾ ਸਿੱਖ ਅਦਾਕਾਰ ਵਾਰਿਸ ਆਹਲੂਵਾਲੀਆ ਨੂੰ ਸਿਰਫ ਇਸ ਕਰਕੇ ਜਹਾਜ਼ ਵਿਚ ਚੜ੍ਹਨ ਤੋਂ ਰੋਕ ਦਿੱਤਾ ਸੀ ਕਿਉਂਕਿ ਉਸ ਨੇ ਸੁਰੱਖਿਆ ਜਾਂਚ ਲਈ ਆਪਣੀ ਦਸਤਾਰ ਉਤਾਰਨ ਤੋਂ ਇਨਕਾਰ ਕਰ ਦਿੱਤੀ ਸੀ।
ਏਅਰੋਮੈਕਸੀਕੋ ਨੇ ਇਸ ਘਟਨਾ ਲਈ ਮੁਆਫੀ ਮੰਗਦਿਆਂ ਕਿਹਾ ਹੈ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਆ ਜਾਂਚ ਦੌਰਾਨ ਦਸਤਾਰ ਦੀ ਜਾਂਚ ਦੇ ਤੌਰ ਤਰੀਕਿਆਂ ਵਿਚ ਸੁਧਾਰ ਕੀਤਾ ਜਾਵੇਗਾ।
ਇਸੇ ਦੌਰਾਨ ਸਿੱਖ ਅਦਾਕਾਰ ਵਾਰਿਸ ਆਹਲੂਵਾਲੀਆ ਨੇ ਏਅਰਲਾਈਨਜ਼ ਨੂੰ ਮੁਆਫ ਕਰਦਿਆਂ ਕਿਹਾ ਹੈ ਕਿ ਦਸਤਾਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਰ ਕੋਸ਼ਿਸ਼ਾਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਸਤਾਰ ਧਾਰੀ ਸਿੱਖਾਂ ਨਾਲ ਵਿਤਕਰਾ ਬੰਦ ਹੋਣਾ ਚਾਹੀਦਾ ਹੈ ਅਤੇ ਜੇਕਰ ਸੁਰੱਖਿਆ ਨਜ਼ਰੀਏ ਤੋਂ ਦਸਤਾਰ ਦੀ ਜਾਂਚ ਜਰੂਰੀ ਹੋਵੇ ਤਾਂ ਸਵਾਰੀ ਨੂੰ ਬਾਕੀ ਯਾਤਰੀਆਂ ਤੋਂ ਵੱਖਰੇ ਕਮਰੇ ਵਿਚ ਲਿਜਾ ਕੇ ਜਾਂਚ ਕੀਤੀ ਜਾ ਸਕਦੀ ਹੈ।
ਇਸ ਘਟਨਾ ਤੋਂ ਬਾਅਦ ਵੱਡੇ ਪੱਧਰ ਤੇ ਏਅਰੋਮੈਕਸੀਕੋ ਦੇ ਦਸਤਾਰ ਪ੍ਰਤੀ ਵਰਤੇ ਗਏ ਇਸ ਵਤੀਰੇ ਦਾ ਵਿਰੋਧ ਕੀਤਾ ਸੀ ਅਤੇ ਅਮਰੀਕਾ ਸਥਿਤ ਸੰਸਥਾ ”ਸਿੱਖ ਕੋਅਲੀਸ਼ਨ” ਨੇ ਇਸ ਨੂੰ ਸ਼ਰਮਨਾਕ ਘਟਨਾ ਦੱਸਿਆ ਸੀ ।