Site icon Sikh Siyasat News

ਸਿੱਖ ਸੰਗਤ ਵੱਲੋਂ ਪਟਿਆਲਾ ਅਤੇ ਰਾਜਪੁਰਾ ਦੇ ਸਿਨਮਾਂ ਘਰਾਂ ਨੂੰ ਦਾਸਤਾਨ-ਏ-ਸਰਹੰਦ ਫਿਲਮ ਨਾ ਲਗਾਉਣ ਦਾ ਆਦੇਸ਼ ਜਾਰੀ

ਚੰਡੀਗੜ੍ਹ – ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ ਰੁਕਵਾਉਣ ਲਈ ਦੁਨੀਆ ਭਰ ਵਿੱਚ ਬੀਤੇ ਕਈ ਦਿਨਾਂ ਤੋਂ ਸਿੱਖ ਜਥੇਬੰਦੀਆਂ, ਪੰਥਕ ਸਖਸ਼ੀਅਤਾਂ ਵੱਲੋਂ ਵੱਖੋ-ਵੱਖਰੇ ਤਰੀਕਿਆਂ ਨਾਲ ਸੰਕੇਤਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਬਿੰਬ ਨੂੰ ਉਵੇਂ ਹੀ ਕਿਸੇ ਬਿਪਰਵਾਦੀ ਤਰੀਕੇ ਪੇਸ਼ ਨਹੀਂ ਕੀਤਾ ਜਾ ਸਕਦਾ ਜਿਵੇਂ ਗੁਰੂ ਬਿੰਬ ਨਹੀਂ ਪੇਸ਼ ਹੋ ਸਕਦਾ। ਇਸ ਲਈ ਗੁਰਮਤਿ ਰਵਾਇਤ ਅੰਦਰ ਇਨ੍ਹਾਂ ਦੀਆਂ ਨਕਲਾਂ ਲਾਹੁਣ ’ਤੇ ਸਵਾਂਗ ਰਚਣ ਦੀ ਵੀ ਸਖਤ ਮਨਾਹੀ ਹੈ। ਗੁਰੂ ਸਾਹਿਬ ਦੀਆਂ ਮਨ ਘੜਤ ਤਸਵੀਰਾਂ ਨੂੰ ਦਿੱਤੀ ਗੈਰ ਸਿਧਾਂਤਕ ਪ੍ਰਵਾਨਗੀ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਤੇ ਸ਼ਹੀਦਾਂ ਦੀਆਂ ਨਕਲਾਂ ਲਾਉਣ ਤੇ ਸਵਾਂਗ ਰਚਣ ਦੇ ਕੁਰਾਹੇ ਦਾ ਆਧਾਰ ਬਣ ਰਹੀ ਹੈ।

ਦਾਸਤਾਨ-ਏ-ਸਰਹੰਦ ਫਿਲਮ ਨੂੰ ਸਿੱਖੀ ਪਰੰਪਰਾਵਾਂ ਦੀ ਉਲੰਘਣਾ ਕਰਾਰ ਦਿੰਦਿਆਂ ਸਿੱਖ ਸੰਗਤਾਂ ਨੇ ਫੌਰੀ ਤੌਰ ਉਪਰ ਰੋਕਣ ਅਤੇ ਅਗਾਂਹ ਤੋਂ ਅਜਿਹੀਆਂ ਫਿਲਮਾਂ ਉੱਤੇ ਮੁਕੰਮਲ ਰੋਕ ਲਾਉਣ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਕਰ ਰਹੀਆਂ ਹਨ।

ਇਸੇ ਲੜੀ ਤਹਿਤ ਅੱਜ ਪਟਿਆਲ਼ਾ ਅਤੇ ਰਾਜਪੁਰਾ ਵਿਖੇ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਸੈਫੀ, ਵਾਰਿਸ ਪੰਜਾਬ ਦੇ, ਵਿਦਿਆਰਥੀ ਜਥੇਬੰਦੀ ਸੱਥ ਦੇ ਨੁਮਾਇੰਦਿਆਂ ਤੋਂ ਇਲਾਵਾ ਰਣਜੋਧ ਸਿੰਘ, ਮਨਦੀਪ ਸਿੰਘ, ਅਮਨਇੰਦਰ ਸਿੰਘ, ਪਰਮਿੰਦਰ ਸਿੰਘ, ਇੰਦਰਬੀਰ ਸਿੰਘ, ਰੁਪਿੰਦਰ ਸਿੰਘ ਵੱਲੋਂ ਪਟਿਆਲਾ ਅਤੇ ਰਾਜਪੁਰਾ ਦੇ ਸਾਰੇ ਸਿਨਮਾਂ ਘਰਾਂ ਦੇ ਪ੍ਰਬੰਧਕਾਂ ਨੂੰ ਮਿਲ ਸਿਨਮਾਂ ਘਰਾਂ ਵਿੱਚ (ਦਾਸਤਾਨ-ਏ-ਸਰਹੰਦ) ਫਿਲਮ ਨੂੰ ਨਾ ਲਗਾਉਣ ਦੇ ਸਿੱਖ ਸੰਗਤ ਵੱਲੋਂ ਜਾਰੀ ਹੁਕਮ ਤੋਂ ਜਾਣੂ ਕਰਵਾਉਂਦਿਆਂ ਸਿੱਖ ਸੰਗਤ ਦੇ ਹੁਕਮ ਦੀ ਪਾਲਣਾਂ ਕਰਨ ਦਾ ਆਦੇਸ਼ ਦਿੱਤਾ ਗਿਆ।

ਇਸ ਮੌਕੇ ਸਿਨਮਾਂ ਘਰਾਂ ਦੇ ਪ੍ਰਬੰਧਕਾਂ ਨੇ ਸੰਗਤ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਫਿਲਮ ਨ ਲਗਾਉਣ ਦਾ ਭਰੋਸਾ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version