Site icon Sikh Siyasat News

ਭਾਰਤੀ ਮੀਡੀਆ ਦੀ ਕੂੜ ਮੁਹਿੰਮ ਤੋਂ ਉੱਠਿਆ ਪਰਦਾ, ਵਿਦੇਸ਼ ਮੰਤਰਾਲੇ ਦਾ ਜਸਪਾਲ ਅਟਵਾਲ ਬਾਰੇ ਅਹਿਮ ਬਿਆਨ

ਚੰਡੀਗੜ੍ਹ: ਆਪਣੀ ਕੈਬਿਨਟ ਦੇ ਸਿੱਖ ਮੰਤਰੀਆਂ ਨਾਲ ਬੀਤੇ ਦਿਨੀਂ ਭਾਰਤ ਅਤੇ ਪੰਜਾਬ ਦੇ ਦੌਰੇ ‘ਤੇ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਭਾਰਤੀ ਮੀਡੀਆ ਵਲੋਂ ਚਲਾਈ ਗਈ ਕੂੜ ਮੁਹਿੰਮ ਦਾ ਪਰਦਾ ਉਦੋਂ ਉਡ ਗਿਆ ਜਦੋਂ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਇਹ ਮੰਨ ਲਿਆ ਗਿਆ ਕਿ ਕੈਨੇਡੀਅਨ ਨਾਗਰਿਕ ਜਸਪਾਲ ਅਟਵਾਲ ਦਾ ਭਾਰਤ ਆਉਣਾ ਕਿਸੇ ਵੀ ਤਰ੍ਹਾਂ ਗੈਰਕਾਨੂੰਨੀ ਨਹੀਂ ਸੀ ਤੇ ਜਨਵਰੀ 2017 ਤੋਂ ਬਾਅਦ ਉਸਦਾ ਇਹ ਤੀਜਾ ਭਾਰਤ ਦੌਰਾ ਸੀ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਕ ਬਿਆਨ ਵਿਚ ਕਿਹਾ, “ਜਸਪਾਲ ਅਟਵਾਲ ਭਾਰਤ ਵਿਚ ਕਾਨੂੰਨੀ ਵਿਜ਼ੇ ‘ਤੇ ਹੀ ਆਇਆ ਸੀ। ਉਹ ਜਨਵਰੀ 2017 ਤੋਂ ਬਾਅਦ ਪਹਿਲਾਂ ਵੀ ਕਈ ਵਾਰ ਭਾਰਤ ਆ ਚੁੱਕਿਆ ਹੈ।

ਜਸਪਾਲ ਅਟਵਾਲ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਅਹਿਮ ਸਰਕਾਰੀ ਇਮਾਰਤ ਸਾਊਥ ਬਲਾਕ ਦੇ ਸਾਹਮਣੇ ਦੀ ਤਸਵੀਰ

ਜਿਕਰਯੋਗ ਹੈ ਕਿ ਟਰੂਡੋ ਦੇ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਕੂਟਨੀਤੀ ਅਤੇ ਭਾਰਤੀ ਮੀਡੀਆ ਵਲੋਂ ਇਕ ਨਕਾਰਾਤਮਕ ਪਹੁੰਚ ਅਪਣਾਈ ਗਈ ਸੀ ਤੇ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਸੀ ਕਿ ਟਰੂਡੋ ਸਰਕਾਰ ਕੈਨੇਡਾ ਵਿਚ ਉਹਨਾਂ ਸਿੱਖਾਂ ਦੀ ਮਦਦ ਕਰ ਰਹੀ ਹੈ ਜੋ ਪੰਜਾਬ ਵਿਚ ਅਜ਼ਾਦ ਸਿੱਖ ਦੇਸ਼ ਖਾਲਿਸਤਾਨ ਬਣਾਉਣ ਦੀ ਮੰਗ ਕਰਦੇ ਹਨ। ਇਸ ਦੌਰੇ ਦੌਰਾਨ ਜਸਪਾਲ ਅਟਵਾਲ ਦੀ ਟਰੂਡੋ ਦੀ ਪਤਨੀ ਸੋਫੀ ਅਤੇ ਕੈਨੇਡੀਅਨ ਮੰਤਰੀ ਅਮਰਜੀਤ ਸੋਹੀ ਨਾਲ ਤਸਵੀਰ ਸਾਹਮਣੇ ਆਉਣ ਤੋਂ ਤੋਂ ਬਾਅਦ ਭਾਰਤੀ ਮੀਡੀਆ ਵਲੋਂ ਵੱਡਾ ਰੌਲਾ ਪਾਇਆ ਗਿਆ ਸੀ। ਇਹ ਤਸਵੀਰ ਟਰੂਡੋ ਦੇ ਦੌਰੇ ਦੌਰਾਨ ਮੁੰਬਈ ਵਿਚ ਖਿੱਚੀ ਦੱਸੀ ਜਾਂਦੀ ਹੈ।

ਜਸਪਾਲ ਅਟਵਾਲ ਦੀ ਤਸਵੀਰ ਪਿੱਛੇ ਰੌਲਾ ਪੈਣ ਦਾ ਕਾਰਨ ਇਹ ਸੀ ਕਿ ਉਸਨੂੰ 1986 ਵਿਚ ਕੈਨੇਡਾ ਗਏ ਭਾਰਤੀ ਮੰਤਰੀ ‘ਤੇ ਹਮਲਾ ਕਰਨ ਦੇ ਦੋਸ਼ ਵਿਚ ਸਜ਼ਾ ਹੋ ਚੁੱਕੀ ਹੈ। ਮੀਡੀਆ ਨੇ ਇਸ ਤਸਵੀਰ ਨੂੰ ਆਪਣੀ ਉਸ ਗੱਲ ਦੇ ਪੁਖਤਾ ਸਬੂਤ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਕਿ ਕੈਨੇਡਾ ਸਰਕਾਰ ਖਾਲਿਸਤਾਨ ਦੀ ਹਮਾਇਤ ਕਰ ਰਹੀ ਹੈ।

ਮੀਡੀਆ ਵਿਚ ਛਿੜੀ ਇਸ ਚਰਚਾ ਦੌਰਾਨ ਜਿੱਥੇ ਭਾਰਤੀ ਮੀਡੀਆ ਇਕੋ ਰਾਗ ਅਲਾਪਦਾ ਰਿਹਾ ਉੱਥੇ ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਵਿਚ ਸਾਹਮਣੇ ਆਇਆ ਕਿ ਜਸਪਾਲ ਅਟਵਾਲ ਬੀਤੇ ਸਮੇਂ ਤੋਂ ਭਾਰਤੀ ਸਰਕਾਰੀ ਅਧਿਕਾਰੀਆਂ ਦੇ ਬਹੁਤ ਨਜ਼ਦੀਕ ਹੈ ਤੇ ਲਗਾਤਾਰ ਭਾਰਤ ਦਾ ਦੌਰਾ ਕਰਦਾ ਰਹਿੰਦਾ ਹੈ। ਕੈਨੇਡਾ ਦੇ ਉੱਚ ਸੁਰੱਖਿਆ ਅਧਿਕਾਰੀ ਵਲੋਂ ਇੱਥੋਂ ਤਕ ਕਿਹਾ ਗਿਆ ਕਿ ਟਰੂਡੋ ਦੌਰੇ ਦੌਰਾਨ ਜਸਪਾਲ ਅਟਵਾਲ ਦੀ ਮੋਜੂਦਗੀ ਪਿੱਛੇ ਭਾਰਤੀ ਸਰਕਾਰੀ ਅਧਿਕਾਰੀਆਂ ਦਾ ਹੱਥ ਹੈ। ਇਸ ਬਿਆਨ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਹਾਮੀ ਭਰੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version