Site icon Sikh Siyasat News

ਮੇਰਾ ਪਿਛੋਕੜ (ਕਵਿਤਾ)

ਮੇਰਾ ਪਿਛੋਕੜ (ਕਵਿਤਾ)

ਨੀਚ ਨੂੰ ਉੱਚਾ ਕਹਿੰਦੇ ਨੇ
ਜਿੱਥੇ ਮਿੱਠਾ ਕਹਿੰਦੇ ਕੌੜੇ ਨੂੰ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਸਵਾਇਆ ਕਹਿੰਦੇ ਥੋੜੇ ਨੂੰ

ਨੀਚਾਂ ਸੰਗ ਹੁੰਦੀ ਦੋਸਤੀ
ਰੀਸ ਨਾ ਕਰਦੇ ਵੱਡਿਆਂ ਦੀ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਬਾਂਹ ਫੜਦੇ ਸਦਾ ਹੀ ਦੱਬਿਆਂ ਦੀ

ਮਹਿਰ ਭਰੀ ਇੱਕ ਨਜ਼ਰ ਦੇ ਨਾਲ
ਇੱਥੇ “ਸੱਜਣ” ਬਣ ਗਏ, ਠੱਗ ਕਈਂ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਹੰਸ ਬਣੇ ਹਨ, ਬਗ ਕਈਂ

ਤੱਤੀਆਂ ਤਵੀਆਂ, ਤੱਤਾ ਰੇਤਾ
ਮੀਆਂ ਮੀਰ ਇੱਥੇ ਮੁਰੀਦ ਹੋਏ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਸਤਿਗੁਰ ਆਪ ਸ਼ਹੀਦ ਹੋਏ

ਰੱਬੀ ਮਹਿਰ ਦੇ ਜਲਵੇ ਨੇ
ਸਿੱਖ ਯਾਦ ਚ ਜਿਹੜੇ ਕੈਦ ਹੋਏ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਕਾਲੇ ਕਾਂ ਸਫੈਦ ਹੋਏ

ਪੜੇ-ਲਿੱਖਿਆਂ ਦੀ ਮੁਥਾਜੀ ਨਹੀਂ
ਇੱਕ ਛੋਹ ਨਾਲ ਜਿੱਥੇ ਗਿਆਨ ਹੋਏ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਛੱਜੂ ਜਿਹੇ ਵਿਦਵਾਨ ਹੋਏ

ਕੋਈ ਨਾ ਕਿਸੇ ਨੂੰ ਭਿਟਦਾ
ਇੱਥੇ ਪਾਸ ਬਹਾਵਨ ਗੈਰ ਨੂੰ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਪਾਣੀ ਪਿਲਾਵਨ ਵੈਰ ਨੂੰ

ਉੱਚੀ ਸੁਰਤਿ ਦੇ ਰਾਹੀ ਜਿੱਥੇ
ਟਿੱਚ ਜਾਣਦੇ ਸ਼ੋਹਰਤ-ਕਾਮਯਾਬੀ ਨੂੰ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਠੋਕਰਾਂ ਵੱਜਣ ਨਵਾਬੀ ਨੂੰ

ਤਾਰੂ ਸਿੰਘ ਜਿੱਥੇ ਦੀਪ ਸਿੰਘ
ਗਰਜਾ ਬੋਤਾ, ਬਘੈਲ ਹੋਏ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਤੀਰਾਂ ਵਾਲੇ ਜਰਨੈਲ ਹੋਏ

ਸਿਰ ਦੇ ਕੇ ਆਂਪਣੇ ਮੁਰਸ਼ਿਦ ਨੂੰ
ਜਿੱਥੇ ਮਰ ਕੇ ਜ਼ਿੰਦਾ ਹੋਈਦਾ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਬੈਰਾਗੀ ਤੌਂ “ਬੰਦਾ” ਹੋਈਦਾ

ਸ਼ਰੀਰ ਦਗਦੇ ਨੂਰ ਨਾਲ
ਜਿੱਥੇ ਲੜਦੇ ਰੂਹਾਂ ਦੇ ਜ਼ੋਰ ਨਾਲ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਖੜਨ ਸਦਾ ਕਮਜ਼ੋਰ ਨਾਲ

ਕੁੱਝ ਰਾਖਸ਼ ਵੀ ਜਿੱਥੇ ਬਖਸ਼ ਦਿੱਤੇ
ਪਰ ਮਸੰਦ ਸਾੜੇ ਜਾਂਦੇ ਨੇ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਬੇਦਾਵੇ ਪਾੜੇ ਜਾਂਦੇ ਨੇ

ਟੋਟੇ ਗਲ ਪੁਆ ਕੇ ਬੱਚਿਆਂ ਦੇ
ਜਿੱਥੇ ਸ਼ੁਕਰ ਮਨਾੳੁਦੀਆਂ ਮਾਂਵਾਂ ਨੇ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਖੰਡਿੳੁ ਤਿੱਖਿਆਂ ਰਾਹਾਂ ਨੇ

ਧਰਮ ਅਤੇ ਰਾਜ ਚ ਅੰਤਰ ਕੀ
ਇੱਕਠੀ ਚਲਦੀ ਮੀਰੀ-ਪੀਰੀ ਹੈ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਗਰੀਬੀ ਵਿੱਚ ਅਮੀਰੀ ਹੈ

ਕਿਰਤ ਕਰਨ ਤੇ ਨਾਮ ਧਿਆਵਣ
ਜਿੱਥੇ ਰਹੇ ਇਕਾਗਰ ਚੀਤ ਸਦਾ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਵੰਡ ਕੇ ਛੱਕਣ ਦੀ ਰੀਤ ਸਦਾ

ਲਹੂ ਨਾਲ ਸਿੰਜਿਆ ਜੀਵਨ ਇੱਥੇ
ਉੱਤੇ ਗੁਰ-ਸ਼ਬਦਾਂ ਦੇ ਸਾਏ ਹਨ
ਮੈਂ ੳਸ ਧਰਤ ਦਾ ਜਾਇਆ ਹਾਂ
ਸ਼ਹੀਦ ਜੀਹਦੇ ਸਰਮਾਏ ਹਨ

ਸ਼ਰੀਰ ਮੱਥੇ ਟੇਕਦੇ ਨੇ
‘ਤੇ ਰੂਹਾਂ ਸਜਦੇ ਕਰਦੀਆਂ ਨੇ
ਮੈਂ ੳਸ ਧਰਤ ਦਾ ਜਾਇਆ ਹਾਂ
ਜਿੱਥੇ ਪੌਣਾਂ ਬਾਣੀ ਪੜਦੀਆਂ ਨੇ

ਬੀਰ ਤੇਗਿ
ਸਿੱਖ ਯੂਥ ਵਿੰਗ, ਬੰਗਲੌਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version