Site icon Sikh Siyasat News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਕੀਤੀ ਗਈ ਅਸੱਭਿਅਕ ਕਾਰਵਾਈ ਦਾ ਵਿਰੋਧ

ਅੰਮ੍ਰਿਤਸਰ : ਦਿੱਲੀ ਸਥਿਤ ਜਾਮੀਆ ਮਿਲੀਆ ਇਸਲਾਮਿਕ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੈਂਪਸ ਵਿੱਚ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਕੀਤੀ ਗਈ ਅਸੱਭਿਅਕ ਕਾਰਵਾਈ ਦਾ ਵਿਰੋਧ ਕਰਦੇ ਹੋਏ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਭਰਪੂਰ ਮੁਜ਼ਾਹਰਾ ਕੀਤਾ ਗਿਆ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੁਲਿਸ ਵੱਲੋਂ ਕੀਤੀ ਗਈ ਅਸੱਭਿਅਕ ਕਾਰਵਾਈ ਦਾ ਵਿਰੋਧ

ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਰਿਸਰਚ ਸਕਾਲਰ ਯੂਨੀਅਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਤਿੰਦਰ ਬੀਰ ਸਿੰਘ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਸਟੂਡੈਂਟਸ ਫਾਰ ਸੋਸਾਇਟੀ ਦੇ ਸ਼ੁਭਕਰਮਦੀਪ ਸਿੰਘ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਹਰਦੀਪ ਕੋਟਲਾ, ਮੂਲ ਨਿਵਾਸੀ ਵਿਦਿਆਰਥੀ ਸੰਘ ਦੇ ਵਕੀਲ ਅੰਕੁਸ਼ ਅਤੇ ਫੂਲੇ-ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਨੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਫਾਸੀਵਾਦੀ ਦੱਸਦੇ ਹੋਏ ਦਿੱਲੀ ਪੁਲਿਸ ਹੱਥੋਂ ਵਿਦਿਆਰਥੀਆਂ ਦੀ ਕਰਵਾਈ ਕੁੱਟਮਾਰ ਨੂੰ ਮੰਦਭਾਗਾ ਦੱਸਿਆ ਅਤੇ ਦੋਸ਼ੀਆਂ ਦੇ ਨਾਮ ਨਸ਼ਰ ਕਰਨ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੁਲਿਸ ਵੱਲੋਂ ਕੀਤੀ ਗਈ ਅਸੱਭਿਅਕ ਕਾਰਵਾਈ ਦਾ ਵਿਰੋਧ

ਪ੍ਰਦਰਸ਼ਨ ਦੌਰਾਨ “ਵਿਦਿਆਰਥੀ ਏਕਤਾ ਜ਼ਿੰਦਾਬਾਦ” ਦੇ ਨਾਅਰੇ ਵੀ ਲਗਾਏ ਗਏ। ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਐਕਟ ਨੂੰ ਸਮਾਜ ਲਈ ਖਤਰਨਾਕ ਅਤੇ ਵੰਡੀਆਂ ਪਾਉਣ ਵਾਲਾ ਕਰਾਰ ਦਿੱਤਾ। ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ ਜਿਸ ਉੱਤੇ “ਐਕਟ ਅਤੇ ਐੱਨ.ਆਰ.ਸੀ ਦਾ ਬਾਈਕਾਟ” ਕਰਨ ਦੀ ਗੱਲ ਲਿਖੀ ਸੀ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਿਆਸੀ ਤਾਕਤ ਦਾ ਬੇਸ਼ੁਮਾਰ ਨਸ਼ਾ ਭਾਜਪਾ ਦੇ ਸਿਰ ਚੜ੍ਹ ਬੋਲ ਰਿਹਾ ਹੈ ਜੋ ਮੁਲਕ ਨੂੰ ਖਾਨਾਜੰਗੀ ਦੀ ਸਥਿਤੀ ਵੱਲ ਧੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਦੇਸ਼ ਅੰਦਰ ਤਾਨਾਸ਼ਾਹੀ ਵਾਲਾ ਰਾਜ ਸਥਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਘੱਟ ਗਿਣਤੀਆਂ ਵਿਰੋਧੀ ਹੈ ਅਤੇ ਇਸ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹਿੰਦੂ, ਹਿੰਦੀ ਅਤੇ ਹਿੰਦੁਸਤਾਨ ਦੀ ਵਿਚਾਰਧਾਰਾ ਨੂੰ ਲਾਗੂ ਕਰਨਾ ਚਾਹੁੰਦੀ ਹੈ ਅਤੇ ਇਸ ਦਾ ਵਿਰੋਧ ਲੋਕਾਂ ਵੱਲੋਂ ਹੋਣਾ ਜ਼ਰੂਰੀ ਹੈ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ

ਰਿਸਰਚ ਸਕਾਲਰਸ ਯੂਨੀਅਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਗੂ ਜਤਿੰਦਰਬੀਰ ਸਿੰਘ ਨੇ ਸਰਕਾਰ ਉੱਤੇ ਸਵਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਹੈ, ਕੀ ਕੋਈ ਮੁਲਕ ਜੋ ਆਪਣੇ-ਆਪ ਨੂੰ ਜਮਹੂਰੀ ਕਹਾਉਂਦਾ ਹੋਵੇ, ਆਪਣੇ ਵਿਦਿਆਰਥੀਆਂ ਉੱਪਰ ਅਜਿਹੀ ਅਸਭਿਅਕ ਕਾਰਵਾਈ ਕਰਵਾਉਂਦਾ ਹੈ?
ਰੋਸ ਭਰਪੂਰ ਪ੍ਰਦਰਸ਼ਨ ਵਿੱਚ ਹਿੱਸਾ ਲੈਂਦੇ ਹੋਏ ਐਸਐਫਐਸ ਦੇ ਆਗੂ ਸਭਕਰਮਨਦੀਪ ਨੇ ਕਿਹਾ ਕਿ ਉਹ ਦਿੱਲੀ ਅਤੇ ਮੁਲਕ ਦੇ ਹੋਰ ਹਿੱਸਿਆਂ ਵਿੱਚ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੇ ਹੱਕ ਵਿੱਚ ਖੜ੍ਹੇ ਹਨ।
ਵਿਦਿਆਰਥੀਆਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਜੋ ਵੀ ਜ਼ਿੰਮੇਵਾਰ ਨਾਗਰਿਕ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਚਾਹੁੰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਵਿਦਿਅਕ ਅਦਾਰਿਆਂ ਅੰਦਰ ਵੜ ਕੇ ਗੁੰਡਾਗਰਦੀ ਕਰ ਰਹੀ ਹੈ ਸਮਾਜ ਨੂੰ ਇਸ ਬਾਰੇ ਸੋਚਣਾ ਵਿਚਾਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version