Site icon Sikh Siyasat News

ਪੰਜਾਬ ਪੁਲਿਸ ਅਤੇ ਭਾਰਤੀ ਜਾਂਚ ਅਜੈਂਸੀਆਂ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਰਹੀਆਂ ਹਨ: ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ: ਭਾਰਤੀ ਸੁਰੱਖਿਆ ਅਜੈਂਸੀਆਂ ਅਤੇ ਪੰਜਾਬ ਪੁਲਿਸ ਵਲੋਂ ਬੀਤੇ ਸਮੇਂ ਦੌਰਾਨ ਵੱਖ-ਵੱਖ ਕੇਸ ਪਾ ਕੇ ਗ੍ਰਿਫਤਾਰ ਕੀਤੇ ਗਏ ਅਤੇ ਨਾਮਜ਼ਦ ਕੀਤੇ ਗਏ ਸਿੱਖ ਨੌਜਵਾਨਾਂ ਦੇ ਮਾਮਲਿਆਂ ਬਾਰੇ ਸਖਤ ਟਿੱਪਣੀਆਂ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਿਦੇਸ਼ਾਂ ਵਿੱਚ ਗਏ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ, ਜਿਸ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ।

ਗੁਰਜੰਟ ਸਿੰਘ ਅਸਟ੍ਰੇਲੀਆ (ਖੱਬੇ); ਗਿਆਨੀ ਗੁਰਬਚਨ ਸਿੰਘ (ਸੱਜੇ)

ਅਸਟ੍ਰੇਲੀਆ ਪੜ੍ਹਾਈ ਵੀਜ਼ੇ ‘ਤੇ ਗਏ ਲੁਧਿਆਣਾ ਜ਼ਿਲ੍ਹੇ ਦੇ ਬਹਿਲੋਲਪੁਰ ਪਿੰਡ ਦੇ ਨੌਜਵਾਨ ਗੁਰਜੰਟ ਸਿੰਘ ਨੂੰ ਵੱਖੋ-ਵੱਖ ਕੇਸਾਂ ਵਿਚ ਨਾਮਜ਼ਦ ਕਰਨ ਦੀ ਨਿਖੇਧੀ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਸਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਹੈ ਕੇ ਇਸ ਕੇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਪੜਤਾਲ ਕਰਵਾ ਕੇ ਗੁਰਜੰਟ ਸਿੰਘ ਨਾਲ ਇਨਸਾਫ ਕੀਤਾ ਜਾਵੇ।

ਜਗਤਾਰ ਸਿੰਘ ਜੱਗੀ ਜੌਹਲ

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਅਤੇ ਸਮੂੰਹ ਸਿੱਖ ਸੰਗਤਾਂ ਅੱਗੇ ਆਉਣ। ਉਹਨਾਂ ਕਿਹਾ ਕਿ ਪੰਜਾਬ ਵਿਚ ਹੋਏ ‘ਮਿੱਥ ਕੇ ਕਤਲਾਂ’ ਦੇ ਸਬੰਧ ਵਿਚ ਪੰਜਾਬ ਪੁਲਿਸ ਨੇ ਪਹਿਲਾਂ ਬਰਤਾਨਵੀ ਸਿੱਖ ਨਾਗਰਿਕ ਨਿਰਦੋਸ਼ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਕਈ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਣਮਨੁੱਖੀ ਤਸ਼ੱਦਦ ਕੀਤਾ ਹੈ ਤੇ ਹੁਣ ਗੁਰਜੰਟ ਸਿੰਘ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਗੁਰਜੰਟ ਸਿੰਘ ਸੋਸ਼ਲ ਮੀਡੀਆ ਉੱਤੇ ਲੱਚਰ ਗਾਇਕੀ ਖਿਲਾਫ ਖੁੱਲ੍ਹ ਕੇ ਬੋਲਣ ਲਈ ਮਸ਼ਹੂਰ ਹੈ ਤੇ ਚਲੰਤ ਮਸਲਿਆਂ ਬਾਰੇ ਲਗਾਤਾਰ ਟਿੱਪਣੀਆਂ ਕਰਦੇ ਰਹਿੰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version