ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਭਾਰਤੀ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਂ ਮੁੜ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰੇ। ਮੁੱਖ ਮੰਤਰੀ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਸ਼ਮਾ ਸਵਰਾਜ ਨੂੰ ਲਿਖੀ ਚਿੱਠੀ ਵਿੱਚ ਮੁੱਖ ਮੰਤਰੀ ਨੇ ਹੈ ਕਿਹਾ ਕਿ ਕਰਤਾਰਪੁਰ ਸਾਹਿਬ ਸਿੱਖਾਂ ਲਈ ਉੱਚ ਪੂਜਣਯੋਗ ਪਵਿੱਤਰ ਧਾਰਮਿਕ ਥਾਂ ਹੈ ਕਿਉਂਕਿ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇਥੇ ਗੁਜਾਰਿਆ ਹੈ।
⊕ ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ – PUNJAB CM URGES INDIAN MINISTER TO TAKE UP KARTARPUR SAHIB CORRIDOR ISSUE WITH PAKISTAN
ਸਰਕਾਰੀ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ “ਗੁਰਦਾਸਪੁਰ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਾਲੇ ਪਾਸੇ ਪੱਛਮ ਵੱਲ ਤਕਰੀਬਨ 4 ਕਿਲੋਮੀਟਰ ਦੂਰ ਇਸ ਗੁਰਦੁਆਰੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਸਰਹੱਦ ਤੋਂ ਕਰਤਾਰ ਸਾਹਿਬ ਤੱਕ ਲਾਂਘੇ ਨੂੰ ਖੋਲ੍ਹਣ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਵਾਰ-ਵਾਰ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ”।
ਗੁਰੂ ਨਾਨਕ ਜੀ ਦੇ ਨਵੰਬਰ, 2019 ਵਿੱਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਗੁਰਪੁਰਬ ਦਾ ਜ਼ਿਕਰ ਕਰਦੇ ਹੋਏ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਦੀ ਵਿਦੇਸ਼ ਮਾਮਲਿਆਂ ਦੀ ਵਜ਼ੀਰ ਨੂੰ ਦੱਸਿਆ ਕਿ ਪੰਜਾਬ ਵਿਧਾਨ ਸਭਾ ਨੇ 27 ਅਗਸਤ, 2018 ਨੂੰ ਸਰਬਸੰਮਤੀ ਨਾਲ ਇਕ ਮੱਤਾ ਪਾਸ ਕਰਕੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਈ ਬਿਨਾ ਰੋਕ ਟੋਕ ਵਾਲਾ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਵੀ 20 ਅਗਸਤ, 2018 ਨੂੰ ਸੁਸ਼ਮਾ ਸਵਰਾਜ ਨੂੰ ਅਰਧ-ਸਰਕਾਰੀ ਪੱਤਰ ਲਿਖਕੇ ਇਹ ਮੁੱਦਾ ਗੁਆਂਡੀ ਦੇਸ਼ ਨਾਲ ਚੁੱਕਣ ਦੀ ਬੇਨਤੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਇਸ ਬਾਰੇ ਪਹਿਲਾ ਹੀ ਹੁੰਗਾਰਾ ਭਰ ਚੁੱਕਾ ਹੈ ਤੇ ਪਾਕਿਸਤਾਨ ਦੇ ਫੌਜ ਮੁਖੀ ਨੇ ਅਗਸਤ ਮਹੀਨੇ ਵਿੱਚ ਆਪ ਪੂਰਬੀ ਪੰਜਾਬ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਇਹ ਗੱਲ ਕਹੀ ਸੀ ਕਿ ਪਾਕਿਸਤਾਨ ਗੁਰੂ ਨਾਨਾਕ ਜੀ ਦੇ 550ਵੇਂ ਪਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਿਹਾ ਹੈ। ਭਾਰਤ ਸਰਕਾਰ ਵੱਲੋਂ ਹਾਲ ਦੀ ਘੜੀ ਤੱਕ ਇਸ ਬਾਬਤ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।