Site icon Sikh Siyasat News

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੇ ਯਤਨ ਵਜੋਂ’ ਸੰਖੇਪ ਖਰੜਾ ਜਾਰੀ

ਚੰਡੀਗੜ੍ਹ –  ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੀ ਲੋੜ ਮਹਿਸੂਸ ਕਰਦਿਆਂ ਪੰਥਕ ਰਵਾਇਤ ਅਤੇ ਸਾਡੀਆਂ ਬਣਦੀਆਂ ਜਿੰਮੇਵਾਰੀਆਂ ਸਬੰਧੀ ‘ਸਿੱਖ ਜਥਾ ਮਾਲਵਾ’ ਵੱਲੋਂ ਇੱਕ ਸੰਖੇਪ ਖਰੜਾ ਜਾਰੀ ਕੀਤਾ ਗਿਆ ਹੈ। ਇਹ ਖਰੜਾ ਗੁਰਦੁਆਰਾ ਸਿੰਘ ਸਭਾ ਸੰਗਰੂਰ ਵਿਖੇ 3 ਅਪ੍ਰੈਲ ਦੀ ਸ਼ਾਮ ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਤੋਂ ਬਾਅਦ ਗੁਰੂ ਦਾ ਓਟ ਆਸਰਾ ਲੈ ਕੇ ਜਾਰੀ ਕੀਤਾ ਗਿਆ।

‘ਸਿੱਖ ਜਥਾ ਮਾਲਵਾ’ ਵੱਲੋਂ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਇਹ ਖਰੜਾ ਸੰਗਤਾਂ ਦੇ ਸੁਝਾਵਾਂ ਲਈ ਅਤੇ ਉਹਨਾਂ ਨਾਲ ਵਿਚਾਰਾਂ ਕਰਨ ਲਈ ਜਾਰੀ ਕੀਤਾ ਗਿਆ ਹੈ, ਇਹ ਅੰਤਿਮ ਨਹੀਂ ਹੈ ਸਗੋਂ ਸਾਰਥਕ ਸੁਝਾਵਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ। ਖਰੜੇ ਨੂੰ ਇਲਾਕੇ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥ ਸੇਵਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ।

ਖਰੜੇ ਬਾਰੇ ਅੱਗੇ ਦੱਸਦਿਆਂ ਉਹਨਾਂ ਕਿਹਾ ਕਿ ਇਸ ਖਰੜੇ ਵਿੱਚ ਬਹੁਤ ਹੀ ਸਰਲ ਅਤੇ ਸੰਖੇਪ ਰੂਪ ਵਿੱਚ ਪਿੰਡਾਂ ਦੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪਿੰਡ ਵਾਸੀਆਂ, ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣਦੀਆਂ ਜਿੰਮੇਵਾਰੀਆਂ ਅਤੇ ਪੰਥਕ ਰਵਾਇਤ ਅਨੁਸਾਰ ਫੈਸਲੇ ਕਰਨ ਦੀ ਜੁਗਤ ਦਾ ਜਿਕਰ ਕੀਤਾ ਗਿਆ ਹੈ।

ਇਸ ਮੌਕੇ ਦਰਬਾਰ-ਏ-ਖਾਲਸਾ ਜਥੇਬੰਦੀ ਵੱਲੋਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਬੋਲਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ ਜਿਸ ਨੂੰ ਆਪੋ ਆਪਣੇ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਗੁਰੂ ਪਾਤਿਸਾਹ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਨਾਲ ਸਾਨੂੰ ਸਭ ਨੂੰ ਆਪਣੀ ਜਿੰਮੇਵਾਰੀ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ।

ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਵੀ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖਾਲਸਾ ਖੁਦ ਇਨਸਾਫ ਕਰਨ ਦੇ ਸਮਰੱਥ ਹੈ ਅਤੇ ਸਾਨੂੰ ਆਪਣੀ ਰਵਾਇਤ ਤੋਂ ਸੇਧ ਲੈਂਦੀਆਂ ਆਪਣੇ ਅਮਲ ਕਰਨੇ ਚਾਹੀਦੇ ਹਨ।

ਇਸ ਮੌਕੇ ਭਾਈ ਗੁਰਜੀਤ ਸਿੰਘ, ਭਾਈ ਸਤਪਾਲ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਸੰਗਰੂਰ, ਭਾਈ ਗੁਰਮੀਤ ਸਿੰਘ, ਭਾਈ ਪਰਵਿੰਦਰ ਸਿੰਘ ਖਾਲਸਾ, ਭਾਈ ਅਮਨਪ੍ਰੀਤ ਸਿੰਘ, ਭਾਈ ਅਜੀਤਪਾਲ ਸਿੰਘ ਅਤੇ ਹੋਰ ਸਿੱਖ ਸੰਗਤ ਹਾਜਰ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version