ਖਾਸ ਖਬਰਾਂ » ਸਿੱਖ ਖਬਰਾਂ

ਡਿਬਰੂਗੜ੍ਹ ਨਜ਼ਰਬੰਦਾਂ ਦੀ ਰਿਹਾਈ ਲਈ ਇਕੱਤਰਤਾ 17 ਮਾਰਚ ਨੂੰ

March 14, 2024 | By

ਸ੍ਰੀ ਅੰਮ੍ਰਿਤਸਰ ਸਾਹਿਬ: ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ‘ਵਾਰਸ ਪੰਜਾਬ ਦੇ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਜੇਲ ਵਿੱਚ ਤਬਦੀਲ ਕਰਨ ਦੀ ਮੰਗ ਕਰਦਿਆਂ ਉਨਾਂ ਦੇ ਪਰਿਵਾਰਿਕ ਜੀਆਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਪਰਿਵਾਰਾਂ ਅਨੁਸਾਰ ਡਿਬਰੂਗੜ੍ਹ ਵਿਖੇ ਨਜ਼ਰਬੰਦ ਸਿੱਖ ਨੌਜਵਾਨ ਵੀ ਪੰਜਾਬ ਵਿਚ ਜੇਲ੍ਹ ਤਬਦੀਲੀ ਲਈ ਭੁੱਖ ਹੜਤਾਲ ਉੱਤੇ ਹਨ।

ਇਸ ਦੌਰਾਨ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ਇੱਕ ਇਸ਼ਤਿਹਾਰ ਜਾਰੀ ਕਰਕੇ 17 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਪੰਥਕ ਇਕੱਤਰਤਾ ਦਾ ਸੱਦਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਨਾਮਜ਼ਦ ਪੰਜ ਮੈਂਬਰੀ ਸਬ-ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਡਿਬਰੂਗੜ੍ਹ ਨਜ਼ਰਬੰਦਾਂ ਦੇ ਮਸਲੇ ਉੱਤੇ ਮਿਲਣ ਵਾਸਤੇ ਸਮਾਂ ਦੇਣ ਦੀ ਮੰਗ ਕੀਤੀ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ, ਮੈਂਬਰ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਵਿਚਾਰਕ ਸੁਖਪ੍ਰੀਤ ਸਿੰਘ ਉਦੋਕੇ ਅਤੇ ਸਿੱਖ ਲੇਖਕ ਤੇ ਵਿਸ਼ਲੇਸ਼ਕ ਸ. ਅਜਮੇਰ ਸਿੰਘ ਅਧਾਰਤ ਇਸ ਕਮੇਟੀ ਨੇ ਪੰਜਾਬ ਸਰਕਾਰ ਨੂੰ 13 ਮਾਰਚ ਤੱਕ ਦੀ ਮਹੋਲਤ (ਅਲਟੀਮੇਟਮ) ਦਿੰਦਿਆਂ ਕਿਹਾ ਸੀ ਕਿ ਜੇਕਰ ਉਦੋਂ ਤੱਕ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਉਹ 14 ਤਰੀਕ ਨੂੰ ਉਹ ਮੁੜ ਬੈਠਕ ਕਰਕੇ ਐਕਸ਼ਨ ਪ੍ਰੋਗਰਾਮ ਐਲਾਨਣਗੇ। ਪਰ ਇਸ ਤੋਂ ਦੋ ਦਿਨ ਪਹਿਲਾਂ ਹੀ 12 ਮਾਰਚ ਨੂੰ “ਵਾਰਿਸ ਪੰਜਾਬ ਦੇ” ਵੱਲੋਂ ਪੰਥਕ ਇਕੱਤਰਤਾ ਦਾ ਸੱਦਾ ਦੇ ਦਿੱਤਾ ਗਿਆ।

ਜ਼ਿਕਰਯੋਗ ਹੈ ਡਿਬਰੂਗੜ੍ਹ ਜੇਲ੍ਹ ਨਜ਼ਰਬੰਦ ਕੁਝ ਸਿੰਘਾਂ ਦੀ ਹਿਰਾਸਤ 18 ਮਾਰਚ 2023 ਤੋਂ ਹੈ। ਉਹਨਾਂ ਨੂੰ ‘ਨੈਸ਼ਨਲ ਸਕਿਓਰਟੀ ਐਕਟ” (ਐਨ.ਐਸ.ਏ) ਤਹਿਤ ਨਜ਼ਰਬੰਦ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਹਿਰਾਸਤ ਵਿਚ ਲਏ ਵਿਅਕਤੀ ਨੂੰ ਇਕ ਵਾਰ ਵੱਧ ਤੋਂ ਵੱਧ ਇਕ ਸਾਲ ਲਈ ਨਜ਼ਰਬੰਦ ਰੱਖਿਆ ਜਾ ਸਕਦਾ ਹੈ। ਇੰਝ ਉਹਨਾਂ ਸਿੰਘਾਂ ਦੀ ਨਜ਼ਰਬੰਦੀ ਦੀ ਮਿਆਦ ਅਗਲੇ ਦਿਨਾਂ ਵਿਚ ਮੁੱਕਣ ਵਾਲੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,