May 9, 2020 | By ਸਿੱਖ ਸਿਆਸਤ ਬਿਊਰੋ
ਮਹਿਤਾ: ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸੰਬੰਧਿਤ ਅਹੁਦੇਦਾਰ ਵਕੀਲਾਂ ਵੱਲੋਂ ਸਿੱਖ ਨੌਜਵਾਨਾਂ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀ ਵਕਾਲਤ ਲਈ ਅਦਾਲਤ ‘ਚ ਪਹੁੰਚ ਕਰਨ ਦਾ ਸਖਤ ਨੋਟਿਸ ਲਿਆ ਅਤੇ ਕਿਹਾ ਕਿ ਇਸ ਕਾਰਵਾਈ ਹੈ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।
ਸ. ਸਰਚਾਂਦ ਸਿੰਘ ਵੱਲੋਂ ਜਾਰੀ ਕੀਤੇ ਇਕ ਲਿਖਤੀ ਬਿਆਨ ਕਿਹਾ ਹੈ ਕਿ ਬਾਬਾ ਹਰਨਾਮ ਸਿੰਘ ਨੇ 1991 ਵਿਚ ਆਈ.ਏ.ਐਸ ਅਫਸਰ ਦਰਸ਼ਨ ਸਿੰਘ ਮੁਲਤਾਨੀ ਦੇ ਬੇਟੇ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਅਗਾਂਉ ਜਮਾਨਤ ਲਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਅਰਜ਼ੀ ਦਾਇਰ ਵਾਲੇ ਬਾਦਲ ਦਲ ਨਾਲ ਸੰਬੰਧਿਤ ਵਕੀਲ ਅਤੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਸਤਨਾਮ ਸਿੰਘ ਕਲੇਰ ਅਤੇ ਬਾਦਲ ਦਲ ਦੇ ਬੁਲਾਰੇ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੀ ਉਕਤ ਕਾਰਵਾਈ ਪ੍ਰਤੀ ਸ਼੍ਰੋ.ਅ.ਦ. (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗੰਭੀਰ ਨੋਟਿਸ ਲੈਣ ਲਈ ਕਿਹਾ।
ਟਕਸਾਲ ਮੁਖੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਸ ਦੀ ਸਰਕਾਰ ਨੇ ਸੁਮੇਧ ਸੈਣੀ ਵਿਰੁੱਧ ਕੇਸ ਦਰਜ ਕਰਨ ਦਾ ਹੌਸਲਾ ਕੀਤਾ ਤਾਂ ਉਹ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੈਣੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਦਲੇਰੀ ਵੀ ਦਿਖਾਉਣ।
ਉਨ੍ਹਾਂ ਕਿਹਾ ਕਿ ਸੈਣੀ ਖੁੱਲ੍ਹੇਆਮ ਫਿਰਦਾ ਰਿਹਾ ਤਾਂ ਉਹ ਸਬੂਤ ਨਸ਼ਟ ਕਰ ਸਕਦਾ ਹੈ।
ਬਾਬਾ ਹਰਨਾਮ ਸਿੰਘ ਨੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਪ੍ਰਤੀ ਵੀ ਸੈਣੀ ਤੋਂ ਜਵਾਬ ਤਲਬੀ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਖਾੜਕੂਵਾਦ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੇ ਗਏ ਝੂਠੇ ਪੁਲੀਸ ਮੁਕਾਬਲਿਆਂ ਦੀ ਪੀੜਾ ਅਜ ਵੀ ਸਿਖ ਹਿਰਦਿਆਂ ‘ਚੋ ਖਤਮ ਨਹੀਂ ਹੋਈ ਹੈ। ਉਨ੍ਹਾਂ ਸੱਚ ਸਾਹਮਣੇ ਲਿਆਉਣ ਲਈ ਖਾੜਕੂਵਾਦ ਦੌਰਾਨ ਪੁਲੀਸ ਵਲੋਂ ਕੀਤੇ ਗਏ ਝੂਠੇ ਪੁਲੀਸ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਾਉਣ ਲਈ ਵੀ ਕਿਹਾ।
Related Topics: Advocate Satnam Singh Kaler, Baba Harnam Singh Dhumma, Badal Dal, Behbal Kalan Goli Kand, Capt. Amarinder Singh, Parkash Singh Badal, Sukhbir Badal, Sumedh Saini