ਖਾਸ ਖਬਰਾਂ » ਸਿੱਖ ਖਬਰਾਂ

ਸੁਖਬੀਰ ਬਾਦਲ ਵੱਲੋਂ ਮੰਗੀ ਮਾਫੀ ਖਾਲਸਾ ਪੰਥ ਦੀ ਮਰਯਾਦਾ ਅਨੁਸਾਰੀ ਨਹੀਂ: ਪੰਥ ਸੇਵਕ ਸ਼ਖ਼ਸੀਅਤਾਂ

December 22, 2023 | By

ਅੰਮ੍ਰਿਤਸਰ (22 ਦਸੰਬਰ): ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਅੱਜ ਇਸ ਸਾਂਝੇ ਬਿਆਨ ਵਿਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਮਾਮਲਿਆਂ ਬਾਰੇ ਮੰਗੀ ਗਈ ਮਾਫੀ ਬਾਰੇ ਕਿਹਾ ਹੈ ਕਿ ਇਹ ਕਾਰਵਾਈ ਖਾਲਸਾ ਪੰਥ ਦੀ ਮਰਯਾਦਾ ਅਤੇ ਰਿਵਾਇਤ ਦੇ ਅਨੁਸਾਰੀ ਨਹੀਂ ਹੈ। ਪੰਥ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਮਾਫੀ ਲਈ ਇਹ ਜਰੂਰੀ ਹੁੰਦਾ ਹੈ ਕਿ ਗਲਤੀ ਜਾਂ ਗੁਨਾਹ ਦਾ ਅਹਿਸਾਸ ਕੀਤਾ ਜਾਵੇ ਅਤੇ ਨਿਮਾਣੇ ਹੋ ਕੇ ਪਛਚਾਤਾਪ ਦੀ ਭਾਵਨਾ ਨਾਲ ਖੁਦ ਨੂੰ ਗੁਰੂ ਖਾਲਸਾ ਪੰਥ ਦੇ ਸਨਮੁਖ ਪੇਸ਼ ਕਰਕੇ ਮਾਫੀ ਮੰਗੀ ਜਾਵੇ। ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਗਈ ਮਾਫੀ ਰਾਜਸੀ ਗਿਣਤੀ-ਮਿਣਤੀ ਵਿਚੋਂ ਖੁਦ ਨੂੰ ਆਪੇ ਹੀ ਮਾਫ ਕਰ ਦੇਣ ਦਾ ਐਲਾਨ ਕਰਨ ਵਰਗੀ ਕਾਰਵਾਈ ਹੈ।

ਪੰਥ ਸੇਵਕ ਸ਼ਖ਼ਸੀਅਤਾਂ ਨੇ ਕਿਹਾ ਕਿ ਬਾਦਲ ਦਲ ਦੀ ਇਹ ਲੀਡਰਸ਼ਿੱਪ ਗੁਰੂ ਖਾਲਸਾ ਪੰਥ ਦੀਆਂ ਸੰਸਥਾਵਾਂ- ਗੁਰਮਤਾ ਅਤੇ ਪੰਚ ਪ੍ਰਧਾਨੀ ਅਗਵਾਈ, ਅਕਾਲ ਤਖਤ ਸਾਹਿਬ ਦੀ ਮਾਣ-ਮਰਯਾਦਾ, ਖਾਲਸਾਈ ਸਿਧਾਂਤਾਂ, ਪਰੰਪਰਾਵਾਂ ਅਤੇ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੇ ਨਿਜ਼ਾਮ ਨੂੰ ਖੋਰਾ ਲਾਉਣ ਲਈ ਜਿੰਮੇਵਾਰ ਹੈ ਜਿਸ ਦੇ ਨਤੀਜੇ ਵੱਜੋਂ ਪੰਥ ਅਤੇ ਪੰਜਾਬ ਅੱਜ ਵਾਲੀ ਗੰਭੀਰ ਸਥਿਤੀ ਦੇ ਸਨਮੁਖ ਹੈ। ਅਜਿਹੇ ਵਿਚ ਮਹਿਜ਼ ਇੰਨਾ ਕਹਿ ਦੇਣਾ ਕਿ ਬੇਅਦਬੀ ਮਾਮਲੇ ਪੰਥ ਵਿਰੁਧ ਸਾਜਿਸ਼ ਸੀ, ਨਾਲ ਕੋਈ ਨਵੀਂ ਗੱਲ ਸਾਹਮਣੇ ਨਹੀਂ ਆਉਂਦੀ ਕਿਉਂਕਿ ਗੁਰ-ਸੰਗਤ ਅਤੇ ਖਾਲਸਾ ਪੰਥ ਤਾਂ ਇਹਨਾਂ ਘਟਨਾਵਾਂ ਦੇ ਵੇਲੇ ਤੋਂ ਹੀ ਇਸ ਨੂੰ ਪੰਥ ਵਿਰੁਧ ਸਾਜਿਸ਼ ਕਹਿ ਰਹੇ ਸਨ। ਸਗੋਂ ਸੰਗਤ ਤੇ ਪੰਥ ਵੱਲੋਂ ਇਹਨਾ ਘਟਨਾਕ੍ਰਮਾਂ ਲਈ ਬਾਦਲ ਦਲ ਦੀ ਲੀਡਰਸ਼ਿੱਪ ਨੂੰ ਇਸ ਦੀ ਭੂਮਿਕਾ ਤੇ ਨਾਕਾਮੀਆਂ ਲਈ ਦੋਸ਼ੀ ਵੀ ਐਲਾਨਿਆ ਗਿਆ ਹੈ।

ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਬੇਅਦਬੀ ਮਾਮਲਿਆਂ ਨੂੰ ਸਾਜਿਸ਼ ਦੱਸ ਕੇ ਵੀ ਬਾਦਲ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਸਾਜਿਸ਼ ਕਿਸ ਦੀ ਸੀ? ਇੰਝ ਇਸ ਕਥਿਤ ਮਾਫੀ ਰਾਹੀਂ ਸਿੱਖਾਂ ਵਿਰੁਧ ਇਹ ਸਾਜਿਸ਼ਾਂ ਕਰਨ ਵਾਲੀ ਇੰਡੀਅਨ ਸਟੇਟ ਨਾਲ ਨੇੜਤਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਪੰਥ ਸੇਵਕਾਂ ਅਨੁਸਾਰ ਬੇਅਦਬੀ, ਪੰਥਕ ਏਕਤਾ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਜਿਹਨਾ ਤਿੰਨ ਮਾਮਲਿਆਂ ਬਾਰੇ ਬਾਦਲ ਦਲ ਹੁਣ ਸਰਗਰਮ ਹੈ ਇਹ ਮਸਲੇ ਇਸੇ ਦਲ ਦੀ ਲੀਡਰਸ਼ਿੱਪ ਨੇ ਸੱਤਾ ਦੇ ਮੁਫਾਦਾਂ ਲਈ ਆਪ ਹੀ ਉਲਝਾਏ ਤੇ ਖਿੰਡਾਏ ਹਨ ਤੇ ਹੁਣ ਬਾਦਲਾਂ ਵੱਲੋਂ ਸਤਾ ਵਿਚ ਵਾਪਸੀ ਦੇ ਮੁਫਾਦ ਕਰਕੇ ਹੀ ਇਹਨਾ ਮਸਲਿਆਂ ਵੱਲ ਪਰਤਿਆ ਜਾ ਰਿਹਾ ਹੈ।

ਉਹਨਾ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਮਾਫੀ ਲਈ ਗੁਨਾਹ ਦਾ ਅਹਿਸਾਸ ਕਰਦਿਆਂ ਪਛਚਾਤਾਪ ਦੀ ਭਾਵਨਾ ਵਿਚੋਂ ਖਾਲਸਾ ਪੰਥ ਦੇ ਸਨਮੁਖ ਮਾਫੀ ਲਈ ਤਲਬਗਾਰ ਹੋਣਾ ਜਰੂਰੀ ਹੈ।

ਪੰਥ ਸੇਵਕ ਸ਼ਖ਼ਸੀਅਤਾਂ ਨੇ ਕਿਹਾ ਕਿ ਸੱਤਾ ਦੇ ਮੁਫਾਦਾ ਕਰਕੇ ਖਫਾ ਜਾਂ ਵੱਖ ਹੋਏ ਵਿਅਕਤੀਆਂ ਜਾਂ ਧੜਿਆਂ ਦੇ ਇਕੱਠ ਨੂੰ ਪੰਥਕ ਏਕਤਾ ਨਹੀਂ ਕਿਹਾ ਜਾ ਸਕਦਾ। ਪੰਥਕ ਏਕਤਾ ਲਈ ਜਰੂਰੀ ਹੈ ਕਿ ਜਿਸ ਭਾਵਨਾ, ਸਮਰਪਣ ਤੇ ਅਕਾਲੀ ਚਰਿੱਤਰ ਤਹਿਤ ਸ. ਤੇਜਾ ਸਿੰਘ ਸਮੁੰਦਰੀ, ਸ. ਕਰਤਾਰ ਸਿੰਘ ਝੱਬਰ ਅਤੇ ਸ. ਤੇਜਾ ਸਿੰਘ ਭੁੱਚਰ ਜਿਹੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਸੀ ਉਸ ਦੀ ਬਹਾਲੀ ਕੀਤੀ ਜਾਵੇ।

ਬੰਦੀ ਸਿੰਘਾ ਦੇ ਮਾਮਲੇ ਬਾਰੇ ਪੰਥ ਸੇਵਕਾਂ ਨੇ ਕਿਹਾ ਕਿ ਬਾਦਲਾਂ ਵੱਲੋਂ ਸੱਤਾ ਵਿਚ ਹੁੰਦਿਆਂ, ਜਦੋਂ ਕੇਂਦਰ ਵਿਚ ਵੀ ਇਹਨਾ ਦੀ ਭਾਈਵਾਲੀ ਵਾਲੀ ਸਰਕਾਰ ਸੀ, ਬੰਦੀ ਸਿੰਘਾਂ ਦਾ ਮਸਲਾ ਹੱਲ ਕਰਨ ਲਈ ਕੁਝ ਨਹੀਂ ਕੀਤਾ। ਹੁਣ ਜਦੋਂ ਇਹ ਕੁਝ ਕਰਨ ਦੀ ਸਥਿਤੀ ਵਿਚ ਨਹੀਂ ਹਨ ਤੇ ਭਾਜਪਾ ਇਹਨਾ ਨੂੰ ਠਿੱਠ ਕਰਨ ਉੱਤੇ ਤੁਲੀ ਹੋਈ ਹੈ ਤਾਂ ਇਹ ਬੰਦੀ ਸਿੰਘਾਂ ਦੇ ਮਾਮਲੇ ਨੂੰ ਆਪਣੇ ਰਾਜਸੀ ਮੁਫਾਦਾਂ ਵਾਸਤੇ ਵਰਤਣ ਦੀ ਕੋਸ਼ਿਸ਼ ਵਿਚ ਹੋਰ ਵੀ ਵਧੇਰੇ ਉਲਝਾਅ ਰਹੇ ਹਨ।

ਸਾਂਝੇ ਬਿਆਂਨ ਵਿਚ ਸਿੱਖਾਂ ਲਈ ਭਵਿੱਖ ਦੀ ਮਾਰਗਸੇਧ ਬਾਰੇ ਗੱਲ ਕਰਦਿਆਂ ਪੰਥ ਸੇਵਕ ਸ਼ਖ਼ਸੀਅਤਾਂ ਨੇ ਕਿਹਾ ਕਿ ਇਹ ਸਮਾਂ ਸਿੱਖਾਂ ਲਈ ਸੁਚੇਤ ਹੋ ਕੇ ਚੱਲਣ ਦਾ ਹੈ। ਕੌਮਾਂਤਰੀ ਪੱਧਰ ਉੱਤੇ ਸੱਤਾ ਦਾ ਤਵਾਜ਼ਨ ਹਿੱਲ ਰਿਹਾ ਹੈ ਜਿਸ ਕਾਰਨ ਦੱਖਣੀ ਏਸ਼ੀਆ ਦਾ ਖਿੱਤਾ ਵੱਡੀਆਂ ਤਾਕਤਾਂ ਦੇ ਭੇੜ ਦਾ ਇਕ ਕੇਂਦਰ ਬਣ ਰਿਹਾ ਹੈ। ਇੰਡੀਆ ਵਿਚਲੀ ਬਿਪਰਵਾਦੀ ਹਕੂਮਤ ਤੇਜੀ ਨਾਲ ਵਿਲੱਖਣਤਾਵਾਂ ਭਰਪੂਰ ਇਸ ਖਿੱਤੇ ਨੂੰ ਇਕੋ ਹਿੰਦੂਤਵੀ ਰੰਗ ਵਿਚ ਰੰਗ ਰਹੀ ਹੈ। ਅਜਿਹੇ ਵਿਚ ਆਪਣੇ ਰਾਜਸੀ ਇਤਿਹਾਸ, ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਵਾਲੇ ਸਿਧਾਂਤਾਂ ਤੇ ਸਾਂਝ ਸੰਘਰਸ਼ਾਂ ਦੀ ਅਗਵਾਈ ਕਰਨ ਦੀ ਕਾਬਲੀਅਤ ਅਤੇ ਪੰਜਾਬ ਦੀ ਭੂ-ਰਣਨੀਤਕ ਸਥਿਤੀ ਕਾਰਨ ਸਿੱਖ ਇਸ ਬਣ ਰਹੇ ਹਾਲਾਤ ਦੇ ਕੇਂਦਰ ਵਿਚ ਆ ਰਹੇ ਹਨ। ਇਸ ਨਾਲ ਸਿੱਖਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਦੋਵੇਂ ਹੀ ਉੱਭਰ ਰਹੀਆਂ ਹਨ। ਸਿੱਖਾਂ ਲਈ ਆਉਣ ਵਾਲਾ ਸਮਾਂ ਸੰਘਰਸ਼ ਦਾ ਸਮਾਂ ਹੈ। ਸਿੱਖਾਂ ਦੀ ਰਾਜਸੀ ਲੀਡਰਸ਼ਿੱਪ ਨੂੰ ਦਿੱਲੀ ਦਰਬਾਰ ਦੀ ਸੱਤਾਧਾਰੀ ਧਿਰ ਨਾਲ ਜੂੜਨ ਲਈ ਤਰਲੋਮੱਛੀ ਹੋਣ ਦੀ ਬਜਾਏ ਸਾਂਝੇ ਸੰਘਰਸ਼ ਦੀ ਲਾਮਬੰਦੀ ਲਈ ਖੇਤਰੀ ਕੌਮੀਅਤਾਂ, ਵਿਲੱਖਣ ਸਮਾਜੀ ਪਛਾਣਾਂ, ਲਿਤਾੜੇ ਜਾ ਰਹੇ ਵਰਗ ਅਤੇ ਹੋਰਨਾਂ ਸੰਘਰਸ਼ੀ ਹਿੱਸਿਆਂ ਨਾਲ ਸਾਂਝਾ ਮੁਹਾਜ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਪੰਥਕ ਪੱਧਰ ਉੱਤੇ ਸਾਂਝੀ ਪੰਥਕ ਅਗਵਾਈ ਭਾਵ ਪੰਚ ਪ੍ਰਧਾਨੀ ਪ੍ਰਣਾਲੀ ਅਤੇ ਸਾਂਝੇ ਫੈਸਲੇ ਦੇ ਅਮਲ ਭਾਵ ਗੁਰਮਤੇ ਦੀ ਬਹਾਲੀ ਕਰਨੀ ਬਹੁਤ ਜਰੂਰੀ ਹੈ। ਇੰਝ ਹੀ ਪੰਥ ਤੇ ਪੰਜਾਬ ਨੂੰ ਮੌਜੂਦਾ ਸਥਿਤੀ ਵਿਚੋਂ ਬਿਹਤਰ ਹਾਲਾਤ ਵੱਲ ਲਿਜਾਇਆ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,