ਸਿਆਸੀ ਖਬਰਾਂ

‘ਆਪ’ ਦੇ ਬੁੱਧੀਜੀਵੀ ਵਿੰਗ ਦੀ ਸੂਬਾ ਪੱਧਰੀ ਇਕੱਤਰਤਾ ਵਿਚ ਸਿੱਖਿਆ ਸਮੇਤ ਭਖਵੇਂ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ

August 26, 2019 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਸੋਹਲ ਅਤੇ ਸਕੱਤਰ ਡਾ. ਭੀਮ ਇੰਦਰ ਸਿੰਘ ਦੀ ਅਗਵਾਈ ਹੇਠ ਐਤਵਾਰ (25 ਅਗਸਤ) ਨੂੰ ਚੰਡੀਗੜ੍ਹ ‘ਚ ਹੋਈ ਇਕੱਰਤਾ ਦੌਰਾਨ ਜਿੱਥੇ ਸੂਬੇ ਦੇ ਨਿੱਘਰ ਚੁੱਕੇ ਸਰਕਾਰੀ ਸਿੱਖਿਆ ਪ੍ਰਬੰਧ ‘ਤੇ ਡੂੰਘੀ ਚਿੰਤਾ ਪਰਗਟ ਕੀਤੀ ਗਈ, ਉੱਥੇ ਲਗਾਤਾਰ ਡਿਗ ਰਹੇ ਨੈਤਿਕ ਅਤੇ ਬੌਧਿਕ ਮਿਆਰ ਨੂੰ ਸੰਭਾਲਣ ਲਈ ਸਾਂਝਾ ਹੰਭਲਾ ਮਾਰਨ ਦਾ ਹੋਕਾ ਦਿੱਤਾ।

ਵਿਚਾਰ-ਚਰਚਾ ਤੋਂ ਬਾਅਦ ਖਬਰਖਾਨੇ ਨੂੰ ਮੁਖ਼ਾਤਬ ਹੁੰਦਿਆਂ ਡਾ. ਕਸ਼ਮੀਰ ਸਿੰਘ ਸੋਹਲ ਅਤੇ ਡਾ. ਭੀਮ ਇੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਕਈ ਘੰਟੇ ਚੱਲੀ ਇਸ ਚਰਚਾ ਦੌਰਾਨ ਪੰਜਾਬ ਦੇ ਲਗਭਗ ਸਾਰੇ ਭਖਵੇਂ ਮੁੱਦਿਆਂ ‘ਤੇ ਵਿਚਾਰ-ਚਰਚਾ ਕੀਤੀ ਗਈ, ਜਿੰਨਾ ਵਿਚ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਕਮੀ ਅਤੇ ‘ਟੈਟ’ ਨਾਮ ਪ੍ਰੀਖਿਆ ਸਰ ਕਰਨ ਲੈਣ ਅਧਿਆਪਕਾਂ ਵੱਲੋਂ ਮਜਬੂਰੀ ਵੱਸ ਨੌਕਰੀਆਂ ਲਈ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਸਰਕਾਰੀ ਨੀਤੀਆਂ ਦਾ ਦੀਵਾਲੀਆਪਣ ਕਰਾਰ ਦਿੱਤਾ।

ਆਪ ਆਗੂ ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਦਾ ਨਿੱਜੀਕਰਨ ਕਰਕੇ ਆਮ ਲੋਕਾਂ ਦੇ ਬੱਚਿਆਂ ਨੂੰ ਬਰਾਬਰੀ ਦੇ ਮੌਕਿਆਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਡਾ. ਕਸ਼ਮੀਰ ਸਿੰਘ ਅਤੇ ਭੀਮ ਇੰਦਰ ਸਿੰਘ ਨੇ ਕਿਹਾ ਕਿ ਸੂਬੇ ‘ਚ ਆਏ ਹੜ੍ਹ ਕੁਦਰਤੀ ਆਫ਼ਤ ਹਨ ਪਰ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਨਲਾਇਕੀਆਂ, ਆਪਸੀ ਤਾਲਮੇਲ ਦੀ ਘਾਟ, ਸਿੰਚਾਈ ਵਿਭਾਗ ਦਾ ਭ੍ਰਿਸ਼ਟਾਚਾਰ ਅਤੇ ਨਜਾਇਜ਼ ਰੇਤ ਮਾਫ਼ੀਆ ਪੰਜਾਬ ਵਿਚ ਹੜਾਂ ਕਾਰਨ ਹੋਈ ਬਰਬਾਦੀ ਦੇ ਮੁੱਖ ਕਾਰਨ ਬਣੇ ਹਨ। ਜੇਕਰ ਅਗਾਂਹ ਪ੍ਰਬੰਧ ਕੀਤੇ ਹੁੰਦੇ ਤਾਂ ਐਨਾ ਨੁਕਸਾਨ ਨਹੀਂ ਹੋਣਾ ਸੀ।

ਉਨ੍ਹਾਂ ਹੜ੍ਹ ਪ੍ਰਭਾਵਿਤ ਸੂਬਿਆਂ ਦੀ ਸੂਚੀ ‘ਚ ਪੰਜਾਬ ਨੂੰ ਬਾਹਰ ਰੱਖਣ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ।

ਉਨ੍ਹਾਂ ਦੱਸਿਆ ਕਿ ਇਕੱਤਰਤਾ ‘ਚ ਆਵਾਰਾ ਕੁੱਤਿਆਂ ਅਤੇ ਆਵਾਰਾ ਪਸ਼ੂਆਂ ਦੀ ਦਹਿਸ਼ਤ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਇਸ ਮੁਸੀਬਤ ਵਿਰੁੱਧ ਲੋਕਾਂ ਨੂੰ ਇੱਕਜੁੱਟ ਕਰਕੇ ਸਰਕਾਰਾਂ ਖਿਲਾਫ ਲਾਮਬੰਦ ਕਰਨ ਦਾ ਫੈਸਲਾ ਲਿਆ ਗਿਆ ਤਾਂ ਕਿ ਸੁੱਤਾ ਪਿਆ ਪ੍ਰਸ਼ਾਸਨ ਤੇ ਸਰਕਾਰ ਜਾਗ ਜਾਵੇ।

ਇਕੱਤਰਤਾ ਦੌਰਾਨ ਪ੍ਰਵਾਣ ਕੀਤੇ ਗਏ ਮਤਿਆਂ ‘ਚ ਪੰਜਾਬ ਸਰਕਾਰ ਵੱਲੋਂ ‘ਗੋਲਡਨ ਚਾਂਸ’ ਦੇ ਨਾਂ ‘ਤੇ 15 ਹਜ਼ਾਰ ਫੀਸ ਮਿੱਥਣ ਦੀ ਨਿਖੇਧੀ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ “ਗੋਲਡਨ ਚਾਂਸ” ਦੀ ਲੁੱਟ ਨੂੰ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨਾਲ ਜੋੜਨਾ ਗਲਤ ਹੈ।

ਆਪ ਆਗੂਆਂ ਨੇ ਸੀ.ਬੀ.ਐਸ.ਈ. ਵੱਲੋਂ ਪ੍ਰੀਖਿਆ ਫ਼ੀਸ ‘ਚ ਦੁੱਗਣੇ ਤੋਂ ਲੈ ਕੇ 24 ਗੁਣਾ ਵਾਧੇ ਨੂੰ ਬਹੁਜਨਾਂ ਅਤੇ ਵਿੱਦਿਆ ਵਿਰੋਧੀ ਕਰਾਰ ਦਿੱਤਾ ਗਿਆ।

ਇਕੱਤਰਤਾ ਵਿਚ ਸੁਬਰਾਮਨੀਅਮ ਸਵਾਮੀ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਬਿਆਨ ਨੂੰ ਰੱਦ ਕਰਕੇ ਸਵਾਮੀ ਦੇ ਬਿਆਨ ਨੂੰ ਬੇਤੁਕਾ ਕਰਾਰ ਦਿੱਤਾ ਗਿਆ।

ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਸਿੱਖਿਆ ਨੀਤੀ ਨੂੰ ਪੰਜਾਬ, ਆਮ ਲੋਕਾਂ ਤੇ ਬਹੁਜਨ ਵਿਰੋਧੀ ਦੱਸਦਿਆਂ ਇਸ ਇਕੱਤਰਤਾ ਵਿਚ ਡੀ.ਡੀ.ਏ ਵੱਲੋਂ ਭਗਤ ਰਵਿਦਾਸ ਮੰਦਰ ਢਾਹੇ ਜਾਣ ‘ਤੇ ਭਾਜਪਾ ਦੀ ਨਿੰਦਾ ਕੀਤੀ ਗਈ। ਆਪ ਆਗੂਆਂ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਮੰਦਰ ਲਈ ਡੀ.ਡੀ.ਏ. ਨੂੰ 4 ਏਕੜ ਬਦਲੇ 100 ਏਕੜ ਜ਼ਮੀਨ ਦਿੱਤੇ ਜਾਣ ਦੇ ਮਤੇ ਦੀ ਸ਼ਲਾਘਾ ਕੀਤੀ ਗਈ।

ਇਕੱਤਰਤਾ ‘ਚ ਹੋਰਨਾਂ ਤੋਂ ਇਲਾਵਾ ਰਾਜਵੰਤ ਸਿੰਘ ਮੁਹਾਲੀ, ਡਾ. ਚਰਨਜੀਤ ਕੌਰ, ਸੁਰਿੰਦਰਪਾਲ ਸ਼ਰਮਾ, ਮਾਸਟਰ ਭੋਲਾ ਸਿੰਘ, ਬਲਦੇਵ ਸਿੰਘ ਬਠਿੰਡਾ, ਡਾ. ਸੁਰਿੰਦਰਪਾਲ ਸਿੰਘ ਮੰਡ, ਡਾ. ਪ੍ਰਗਟ ਸਿੰਘ, ਇੰਜ. ਗੁਰਮੇਜ ਸਿੰਘ ਕਾਹਲੋਂ, ਦੇਵੀ ਦਿਆਲ ਸਿੰਘ, ਸਰਬਜੋਤ, ਡਾ. ਬਿਕਰਮਜੀਤ ਸਿੰਘ ਵਿਰਦੀ, ਪ੍ਰਿੰਸੀਪਲ ਪ੍ਰੇਮ ਕੁਮਾਰ, ਬਲਦੇਵ ਸਿੰਘ ਪੰਨੂ, ਮਾਸਟਰ ਸ਼ਿੰਗਾਰਾ ਸਿੰਘ, ਵਰਿੰਦਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,