May 21, 2016 | By ਸਿੱਖ ਸਿਆਸਤ ਬਿਊਰੋ
ਜਲੰਧਰ: ਆਮ ਆਦਮੀ ਪਾਰਟੀ ਨੇ ਜਲੰਧਰ ‘ਚ ਇਕ ਬੀਬੀ ‘ਤੇ ਤੇਜਾਬ ਨਾਲ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ‘ਆਪ’ ਦੀ ਪੰਜਾਬ ਮਹਿਲਾ ਵਿੰਗ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੂਬੇ ਦੀ ਨਿੱਘਰ ਚੁਕੀ ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ ਅਤੇ ਸੂਬਾ ਸਰਕਾਰ ਹਰ ਪੱਖ ਤੋਂ ਨਾਕਾਮ ਸਾਬਤ ਹੋ ਰਹੀ ਹੈ। ਅਜਿਹੇ ਹਮਲੇ ਸਾਬਤ ਕਰਦੇ ਨੇ ਕਿ ਪੰਜਾਬ ‘ਚ ਔਰਤਾਂ ਬਿਲਕੁਲ ਵੀ ਸੁਰਖਿਅ ਨਹੀਂ ਹਨ ਅਤੇ ਗੈਰ ਸਮਾਜਿਕ ਤੱਤ ਆਏ ਦਿਨ ਔਰਤਾਂ ‘ਤੇ ਹਮਲੇ ਕਰ ਰਹੇ ਨੇ।
ਪ੍ਰੋ.ਬਲਜਿੰਦਰ ਕੌਰ ਨੇ ਸ਼ੁਕਰਵਾਰ (20 ਮਈ) ਨੂੰ ਜਲੰਧਰ ਦੇ ਸੈਕਰਟ ਹਾਰਟ ਹਸਪਤਾਲ ਦਾ ਦੌਰਾ ਕੀਤਾ। ਜਿਥੇ ਉਹ ਤੇਜਾਬੀ ਹਮਲੇ ਵਿਚ ਬੁਰੀ ਤਰਾਂ ਜਖਮੀ ਹੋਈ ਪੀੜਤ ਔਰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਆਮ ਆਦਮੀ ਪਾਰਟੀ ਅਜਿਹੇ ਔਖੇ ਸਮੇਂ ਵਿਚ ਪਰਿਵਾਰ ਦੇ ਨਾਲ ਖੜੀ ਹੈ।
ਪੀੜਤ ਮਹਿਲਾ ਅਲੀਸ਼ਬਾ ਨੇ ਦਸਿਆ ਕਿ ਜਦ ਉਹ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵਿਵੇਕ ਵਿਹਾਰ ਇਲਾਕੇ ‘ਚ ਘਰੋ ਬਾਹਰ ਨਿਕਲੀ ਤਾਂ ਉਸ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜਾਬ ਨਾਲ ਹਮਲਾ ਕਰ ਦਿਤਾ, ਅਲੀਸਬਾ ਦੇ ਪਤੀ ਐਨ. ਆਰ. ਆਈ ਨੇ ਜੋ ਇਸ ਵੇਲੇ ਵਿਦੇਸ਼ ‘ਚ ਰਹਿੰਦੇ ਹਨ।
ਪੱਤਰਕਾਰਾਂ ਨਾਲ ਗੱਲ ਕਰਦਿਆ ਪ੍ਰੋ ਬਲਵਿੰਦਰ ਕੌਰ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਬੁਰੀ ਤਰਾਂ ਨਾਲ ਡਗਮਗਾ ਚੁੱਕੀ ਹੈ ਜਿਸ ਦੇ ਫਲਸਰੂਪ ਦਿਨ-ਬ-ਦਿਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀ ਨਾਮਧਾਰੀ ਸੰਪਰਦਾ ਦੇ ਮਾਤਾ ਚੰਦ ਕੌਰ ਦੀ ਹੱਤਿਆ ਅਤੇ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆ ਵਾਲੇ ‘ਤੇ ਹੋਏ ਕਾਤਲਾਨਾ ਹਮਲੇ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ ਨਹੀਂ ਹੈ।
ਉਹਨਾਂ ਪੁੱਛਿਆ ਕਿ ਔਰਤਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦਾ ਝੂਠਾ ਦਾਅਵਾ ਕਰਨ ਵਾਲੀ ਹਰਸਿਮਰਤ ਕੌਰ ਬਾਦਲ ਹਰ ਰੋਜ਼ ਔਰਤਾਂ ‘ਤੇ ਹੋ ਰਹੇ ਤੇਜ਼ਾਬੀ ਹਮਲਿਆ ਤੋਂ ਬਾਅਦ ਵੀ ਚੁੱਪ ਕਿਉਂ ਹੈ।
ਪ੍ਰੋ.ਬਲਜਿੰਦਰ ਕੌਰ ਨੇ ਮੰਗ ਕੀਤੀ ਕਿ ਤੇਜ਼ਾਬੀ ਹਮਲੇ ਸੰਬੰਧੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆ ਹਦਾਇਤਾਂ ਨੂੰ ਫੌਰੀ ਤੌਰ ਤੇ ਲਾਗੂ ਕੀਤਾ ਜਾਵੇ।
Related Topics: Aam Aadmi Party, Baljinder Kaur Talwandi Sabo, Crime Against Women, Punjab Politics, ਹਰਸਿਮਰਤ ਕੌਰ ਬਾਦਲ (Harsimrat Kaur Badal)