ਸਿਆਸੀ ਖਬਰਾਂ » ਸਿੱਖ ਖਬਰਾਂ

ਕੇਜਰੀਵਾਲ ਖਿਲਾਫ਼ ਜਾਰੀ ਕੀਤੇ ਵਿਵਾਦਤ ਇਸ਼ਤਿਹਾਰ ਨਾਲ ਸਾਡਾ ਕੋਈ ਸਬੰਧ ਨਹੀਂ : ਅਖੰਡ ਕੀਰਤਨੀ ਜੱਥਾ

May 21, 2016 | By

ਚੰਡੀਗੜ੍ਹ: ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਪਿਆਓ ਨੂੰ ਢਾਹੁਣ ਦੀ ਤੁਲਨਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜੂਨ 1984 ਦੇ ਹਮਲੇ ਨਾਲ ਕਰਦਿਆਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਇੰਦਰਾ ਗਾਂਧੀ ਦੇ ਬਰਾਬਰ ਸਿੱਖ ਪੰਥ ਦਾ ਦੋਸ਼ੀ ਦੱਸਣ ਵਾਲੇ ਇਕ ਇਸ਼ਤਿਹਾਰ ਦਾ ਸਖ਼ਤ ਨੋਟਿਸ ਲੈਂਦਿਆਂ ਅਖੰਡ ਕੀਰਤਨੀ ਜਥੇ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਘਟੀਆ ਸਿਆਸੀ ਮਨਸੂਬਿਆਂ ਲਈ ਇਸ ਇਸ਼ਤਿਹਾਰ ਵਿਚ ‘ਅਖੰਡ ਕੀਰਤਨੀ ਜਥਾ ਅੰਮ੍ਰਿਤਸਰ ਸ਼ਹਿਰੀ’ ਦੇ ਨਾਂਅ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬੇਨਕਾਬ ਕਰਕੇ ਸਾਹਮਣੇ ਲਿਆਂਦਾ ਜਾਵੇ।

ਅਖੰਡ ਕੀਰਤਨੀ ਜਥਾ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਅਤੇ ਮੁੱਖ ਬੁਲਾਰਾ ਭਾਈ ਆਰ.ਪੀ. ਸਿੰਘ ਨੇ ਜਾਰੀ ਬਿਆਨ ਵਿਚ ਆਖਿਆ ਕਿ ਅਖੰਡ ਕੀਰਤਨੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਪੰਥ ਦੀ ਸੋਨ ਚਿੜੀ’ ਵਜੋਂ ਨਿਵਾਜੇ ਉੱਘੇ ਆਜ਼ਾਦੀ ਘੁਲਾਟੀਏ ਭਾਈ ਸਾਹਿਬ ਰਣਧੀਰ ਸਿੰਘ ਵਲੋਂ ਵਰੋਸਾਈ ਆਤਮ ਜਗਿਆਸੂਆਂ ਅਤੇ ਨਿਰਬਾਣ ਕੀਰਤਨ ਕਰਨ ਵਾਲੀ ਸੰਗਤ ਦੀ ਇਕ ਨਿਰੋਲ ਧਾਰਮਿਕ ਜਥੇਬੰਦੀ ਹੈ। ਇਸ ਜਥੇਬੰਦੀ ਦਾ ਰਾਜਨੀਤੀ ਨਾਲ ਕੋਈ ਵੀ ਵਾਸਤਾ ਨਹੀਂ ਹੈ।

ਵਿਵਾਦਤ ਇਸ਼ਤਿਹਾਰ

ਵਿਵਾਦਤ ਇਸ਼ਤਿਹਾਰ

ਉਨ੍ਹਾਂ ਕਿਹਾ ਕਿ ਕਦੇ ਵੀ ਅਖੰਡ ਕੀਰਤਨੀ ਜਥੇ ਨੇ ਆਪਣੇ ਧਾਰਮਿਕ ਖੇਤਰ ਤੋਂ ਬਾਹਰ ਜਾ ਕੇ ਸੌੜੀ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ। ਅਖੰਡ ਕੀਰਤਨੀ ਜਥੇ ਦਾ ਕਿਸੇ ਵੀ ਸਿਆਸੀ ਧਿਰ ਨਾਲ ਨਾ ਕੋਈ ਸਬੰਧ ਤੇ ਨਾ ਹੀ ਵੈਰ-ਵਿਰੋਧ ਹੈ। ਉਨ੍ਹਾਂ ਆਖਿਆ ਕਿ ਜਥੇ ਦੇ ਨੋਟਿਸ ਵਿਚ ਆਇਆ ਹੈ ਕਿ ਪੰਜਾਬ ‘ਚ ਥਾਂ ਥਾਂ ‘ਤੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਓ ਨੂੰ ਢਾਹੁਣ ਦੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਨਾਲ ਤੁਲਨਾ ਕਰਦਿਆਂ ਇਕ ਵਿਸ਼ੇਸ਼ ਸਿਆਸੀ ਪਾਰਟੀ ਦੇ ਖਿਲਾਫ਼ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ‘ਤੇ ਜਾਰੀ ਕਰਤਾ ਵਜੋਂ ਅਖੰਡ ਕੀਰਤਨੀ ਜਥਾ ਅੰਮ੍ਰਿਤਸਰ ਸ਼ਹਿਰੀ ਦਾ ਨਾਂਅ ਲਿਖਿਆ ਹੋਇਆ ਹੈ। ਇਸ ਇਸ਼ਤਿਹਾਰ ਨਾਲ ਸਮੁੱਚੇ ਅਖੰਡ ਕੀਰਤਨੀ ਜਥੇ ਦਾ ਕੋਈ ਦੂਰ ਦਾ ਵੀ ਸਬੰਧ ਨਹੀਂ ਹੈ।

ਅਖੰਡ ਕੀਰਤਨੀ ਜਥੇ ਨੇ ਆਖਿਆ ਕਿ ਇਸ ਪੋਸਟਰ ‘ਤੇ ਕਿਸੇ ਵੀ ਪ੍ਰਿੰਟਿੰਗ ਪ੍ਰੈੱਸ ਦਾ ਨਾਂਅ, ਪਤਾ ਜਾਂ ਜਾਰੀ ਕਰਨ ਵਾਲੇ ਕਿਸੇ ਵਿਅਕਤੀ ਦਾ ਨਾਂਅ ਅਤੇ ਫ਼ੋਨ ਨੰਬਰ ਆਦਿ ਨਹੀਂ ਲਿਖਿਆ ਹੋਇਆ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਗੈਰ-ਕਾਨੂੰਨੀ ਤਰੀਕੇ ਨਾਲ ਕਿਸੇ ਵਲੋਂ ਸਿਆਸੀ ਮੰਤਵਾਂ ਦੀ ਪੂਰਤੀ ਲਈ ਫ਼ਰਜ਼ੀ ਤੌਰ ‘ਤੇ ਅਖੰਡ ਕੀਰਤਨੀ ਜਥੇ ਨੂੰ ਵਰਤਣ ਦੀ ਕੋਝੀ ਤੇ ਸ਼ਰਾਰਤਪੂਰਨ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਅਖੰਡ ਕੀਰਤਨੀ ਜਥੇ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਾਲ ਹੀ ਅਖੰਡ ਕੀਰਤਨੀ ਜਥੇ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਪੋਸਟਰ ਨੂੰ ਤਿਆਰ ਕਰਨ ਵਾਲੇ ਅਨਸਰਾਂ ਨੂੰ ਬੇਪਰਦ ਕਰਕੇ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,