ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਨੌਜਵਾਨਾਂ ਨੇ ਕੁਲਦੀਪ ਨਈਅਰ ਦੀ ਤਸਵੀਰ ‘ਤੇ ਕਾਲਖ ਪੋਤ ਕੇ ਕੀਤਾ ਗੁੱਸੇ ਦਾ ਇਜ਼ਹਾਰ

September 14, 2017 | By

ਹੁਸ਼ਿਆਰਪੁਰ: ਮਸ਼ਹੂਰ ਲੇਖਕ ਕੁਲਦੀਪ ਨਈਅਰ ਵਲੋਂ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਕਰਨ ਦਾ ਸਖਤ ਵਿਰੋਧ ਕਰਦਿਆਂ ਅੱਜ (14 ਸਤੰਬਰ) ਪੰਥਕ ਪਾਰਟੀਆਂ ਨਾਲ ਸਬੰਧਤ ਨੌਜਵਾਨ ਜਥੇਬੰਦੀਆਂ ਵਲੋਂ ਇਕ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਤਖਤੀਆਂ ਉਤੇ ਨਈਅਰ ਦੀ ਤਸਵੀਰ ਥੱਲ੍ਹੇ ਪੰਥ ਦੀ ਨਫਰਤ ਦਾ ਪਾਤਰ ਲਿਖਿਆ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਨਈਅਰ ਨੂੰ ਸਿੱਖ ਸੰਗਤ ਕੋਲੋਂ ਮੁਆਫੀ ਮੰਗਣ ਲਈ ਕਿਹਾ ਅਤੇ ਐਲਾਨ ਕੀਤਾ ਕਿ ਜੇਕਰ ਉਹ ਮੁਆਫੀ ਨਹੀਂ ਮੰਗਦੇ ਤਾਂ ਉਹਨਾਂ ਨੂੰ ਪੰਜਾਬ ਵਿਚ ਕਿਸੇ ਵੀ ਜਨਤਕ ਪ੍ਰੋਗਰਾਮ ਜਾਂ ਸਮਗਾਮ ਵਿੱਚ ਬੋਲਣ ਨਹੀਂ ਦਿੱਤਾ ਜਾਵੇਗਾ।

ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਕੁਲਦੀਪ ਨਈਅਰ ਦੀ ਕਲਮ ਨੇ ਕੁਫਰ ਤੋਲਿਆ ਹੈ ਅਤੇ ਪੰਥ ਇਸ ਸ਼ਖਸ ਦੀ ਹਿਮਾਕਤ ਨੂੰ ਬਰਦਾਸ਼ਤ ਨਹੀਂ ਕਰੇਗਾ।

ਸਿੱਖ ਨੌਜਵਾਨਾਂ ਨੇ ਕੁਲਦੀਪ ਨਈਅਰ ਦੀ ਤਸਵੀਰ 'ਤੇ ਕਾਲਖ ਪੋਤ ਕੇ ਕੀਤਾ ਗੁੱਸੇ ਦਾ ਇਜ਼ਹਾਰ

ਸਿੱਖ ਨੌਜਵਾਨਾਂ ਨੇ ਕੁਲਦੀਪ ਨਈਅਰ ਦੀ ਤਸਵੀਰ ‘ਤੇ ਕਾਲਖ ਪੋਤ ਕੇ ਕੀਤਾ ਗੁੱਸੇ ਦਾ ਇਜ਼ਹਾਰ

ਉਹਨਾਂ ਕੁਲਦੀਪ ਨਈਅਰ ਦੀ ਬੈਨਰ ‘ਤੇ ਲੱਗੀ ਤਸਵੀਰ ਉਤੇ ਕਾਲੀ ਸਿਆਹੀ ਪੋਚਕੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਨਈਅਰ ਨੇ ਆਪਣੀ ਕਲਮ ਦੀ ਦੁਰਵਰਤੋਂ ਕਰਕੇ ਸਾਡੀ ਕੌਮ ਦੀ ਸ਼ਾਨ ਅਤੇ ਨਾਇਕ ਦੀ ਸ਼ਖਸੀਅਤ ਨੂੰ ਛੁਟਿਆਉਣ ਅਤੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਅਫਸੋਸ ਜਤਾਉਦਿਆਂ ਕਿਹਾ ਕਿ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਕਮੇਟੀ ਅੰਦਰ ਉਚ ਅਹੁਦਿਆਂ ‘ਤੇ ਬੈਠੇ ਲੋਕ ਜਿਹੜੇ ਕਹਿੰਦੇ ਹਨ ਕਿ ਉਹਨਾਂ ਸੰਤਾਂ ਦੀ ਗੋਦ ਦਾ ਨਿੱਘ ਮਾਣਿਆ ਹੈ, ਉਹ ਨਈਅਰ ਦੀ ਗੁਸਤਾਖੀ ਉਤੇ ਭੇਦਭਰੀ ਚੁੱਪ ਧਾਰੀ ਬੈਠੇ ਹਨ।

ਦਲ ਖਾਲਸਾ ਦੇ ਆਗੂ ਨੋਬਲਜੀਤ ਸਿੰਘ ਨੇ ਕਿਹਾ ਕਿ ਨਈਅਰ ਵਲੋਂ ਸੰਤ ਜਰਨੈਲ ਸਿੰਘ ਦੀ ਤੁਲਨਾ ਬਲਾਤਕਾਰੀ, ਸਿਧਾਂਤ-ਵਿਹੂਣੇ ਅਤੇ ਗੁਰਮਤਿ-ਵਿਰੋਧੀ ਵਿਅਕਤੀ ਨਾਲ ਕਰਕੇ ਸਮੁੱਚੇ ਖਾਲਸਾ ਪੰਥ ਨੂੰ ਮਾਨਸਿਕ ਪੀੜਾ ਪਹੁੰਚਾਈ ਹੈ। ਉਹਨਾਂ ਕਿਹਾ ਕਿ ਕੁਲਦੀਪ ਨਈਅਰ ਖਾਲਸਾ ਪੰਥ ਕੋਲੋਂ ਮੁਆਫੀ ਮੰਗੇ ਨਹੀਂ ਤਾਂ ਸਿੱਖ ਨੌਜਵਾਨ ਉਸ ਨੂੰ ਪੰਜਾਬ ਵਿਚ ਕਿਸੇ ਜਨਤਕ ਸਮਾਗਮ ਵਿਚ ਬੋਲਣ ਨਹੀਂ ਦੇਣਗੇ ਅਤੇ ਉਸਦਾ ਭਾਰੀ ਵਿਰੋਧ ਕੀਤਾ ਜਾਵੇਗਾ।

ਮਾਰਚ ਦੌਰਾਨ ਬੋਲਦਿਆਂ ਅਕਾਲੀ ਦਲ ਮਾਨ ਦੇ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਕੁਲਦੀਪ ਨਈਅਰ ਵਰਗੇ ਲੇਖਕ ਬਹਿਰੂਪੀਏ ਹਨ ਜੋ ਉਦਾਰਵਾਦੀ ਹੋਣ ਦਾ ਚੋਲਾ ਪਾ ਕੇ ਘੱਟਗਿਣਤੀਆਂ ਦੇ ਹੱਕੀ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਲਈ ਆਪਣੀਆਂ ਲਿਖਤਾਂ ਰਾਹੀਂ ਕੂੜ-ਪ੍ਰਚਾਰ ਕਰਦੇ ਹਨ। ਉਹਨਾਂ ਕਿਹਾ ਕਿ ਕੌਮ ਦੇ ਨੌਜਵਾਨਾਂ ਨੂੰ ਲੋੜ ਹੈ ਕਿ ਅਜਿਹੇ ਲੇਖਕਾਂ ਦੀਆਂ ਚਾਲਾਂ ਨੂੰ ਸਮਝ ਕੇ ਇਹਨਾਂ ਦਾ ਢੁਕਵਾਂ ਜਵਾਬ ਦੇਣ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਖੁੱਡਾ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਮੰਦ-ਬੁੱਧੀ ਵਾਲੇ ਸ਼ਖਸ ਨੂੰ ਕਿਸੇ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਵੀ ਸਨਮਾਨਿਤ ਕੀਤਾ ਗਿਆ ਸੀ। ਮਾਰਚ ਵਿਚ ਸ਼ਾਮਿਲ ਨੌਜਵਾਨਾਂ ਵਲੋਂ ਨਈਅਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਸਬੰਧਤ ਖ਼ਬਰ:

ਕੁਲਦੀਪ ਨਈਅਰ ਆਪਣੀ ਹਿੰਦੂ ਕੱਟੜਵਾਦੀ ਬੀਮਾਰ ਮਾਨਸਿਕਤਾ ਦਾ ਹੀ ਸਬੂਤ ਦੇ ਰਿਹਾ ਹੈ: ਮਾਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,