ਸਿੱਖ ਖਬਰਾਂ

ਦਲ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ 18 ਨੂੰ

December 16, 2023 | By

ਅੰਮ੍ਰਿਤਸਰ –  “18 ਦਸੰਬਰ 2021 ਨੂੰ ਦਰਬਾਰ ਸਾਹਿਬ ਵਿਖੇ ਇੱਕ ਅਜਿਹੀ ਹਿਰਦੇਵੇਧਕ ਸਾਜ਼ਸ਼ੀ ਘਟਨਾ ਵਾਪਰੀ ਜਿਸ ਨੇ ਪੂਰੇ ਸਿੱਖ ਜਗਤ ਅਤੇ ਨਾਨਕ ਨਾਮ ਲੇਵਾ ਦੇ ਧੁਰ-ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਘਟਨਾ ਦੇ ਦੋ ਸਾਲ ਬੀਤਣ ਦੇ ਬਾਅਦ ਵੀ ਅਸਲ ਸਾਜਿਸ਼ਕਰਤਾ ਦਾ ਕੋਈ ਸੁਰਾਗ ਨਹੀਂ ਲੱਭਾ। ਭਾਰਤੀ ਖੁਫੀਆ ਅਤੇ ਸੁਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ”। ਇਹ ਵਿਚਾਰ ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਪ੍ਰਗਟਾਏ ਹਨ।

ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਆਉਂਦੀ 18 ਦਸੰਬਰ ਦਿਨ ਸੋਮਵਾਰ ਨੂੰ ਉਹਨਾਂ ਦੇ ਮੈਂਬਰ ਦਰਬਾਰ ਸਾਹਿਬ ਵਿਖੇ ਅਰਦਾਸ ਕਰਨਗੇ ਅਤੇ ਸਰਕਾਰ ਵੱਲੋਂ ਇਸ ਅਪਰਾਧ ਨੂੰ ਅਣ-ਸੁਲਝਿਆ ਛੱਡਣ ਦੇ ਰੋਸ ਵਜੋਂ ਸਕੱਤਰੇਤ ਦੇ ਬਾਹਰ ਤਖ਼ਤੀਆਂ ਲੈ ਕੇ ਖੜੇ ਹੋਣਗੇ। ਉਹਨਾਂ ਇਸ ਹਿਰਦੇਵੇਧਕ ਘਟਨਾ ਦੀ ਪੀੜ ਹੰਢਾ ਰਹੇ ਹਰ ਮਾਈ-ਭਾਈ ਨੂੰ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।

ਉਹਨਾਂ ਦੱਸਿਆ ਕਿ ਸਮਾਗਮ ਨੂੰ ਆਯੋਜਿਤ ਕਰਨ ਦਾ ਮੰਤਵ ਜਿਥੇ ਇਸ ਘਟਨਾ ਦੀ ਯਾਦ ਨੂੰ ਚੇਤੇ ਰੱਖਣਾ ਹੈ ਉੱਥੇ ਅਕਾਲ ਪੁਰਖ ਅੱਗੇ ਅਸਲ ਸਾਜ਼ਿਸ਼ਕਰਤਾ ਨੂੰ ਬੇਪਰਦਾ ਕਰਕੇ ਢੁਕਵੀ ਸਜ਼ਾ ਦੇਣ ਲਈ ਆਪਣੇ ਆਪ ਨੂੰ ਵਚਨਬੱਧ ਕਰਨਾ ਹੈ।

ਸ. ਕੰਵਰਪਾਲ ਸਿੰਘ ਨੇ ਬੇਅਦਬੀ ਦੀ ਇਸ ਘਟਨਾ ਨੂੰ ਬੇਅਦਬੀ ਦੀਆਂ ਹੁਣ ਤੱਕ ਵਾਪਰੀਆਂ ਸਾਰੀਆਂ ਘਟਨਾਵਾਂ ਵਿੱਚੋਂ ਸਭ ਤੋਂ ਵੱਡਾ ਗੁਨਾਹ ਗਰਦਾਨਿਆ ਹੈ ਜਿਸ ਨੇ ਸਿੱਖ ਮਨਾਂ ਨੂੰ ਧੁਰ ਅੰਦਰੋਂ ਡੂੰਘੀ ਸੱਟ ਮਾਰੀ ਹੈ।

ਦਲ ਖ਼ਾਲਸਾ ਜਥੇਬੰਦੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕੀਤੀ ਗਈ ਕਿ ਉਹ ਆਪਣੀ ਜਿੰਮੇਵਾਰੀ ਸਮਝਦੇ ਹੋਏ ਹਰ ਸਾਲ 18 ਤਾਰੀਕ ਨੂੰ ਦਰਬਾਰ ਸਾਹਿਬ ਸਮੂਹ ਅੰਦਰ ਅਰਦਾਸ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਲਵੇ।

ਜਿਕਰਯੋਗ ਹੈ ਕਿ ਇਕ ਅਣਪਛਾਤੇ ਵਿਅਕਤੀ ਵਲੋ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਰਹਿਰਾਸ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਗਈ ਸੀ ਪਰ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਮੁਸਤੈਦੀ ਨਾਲ ਦੋਸ਼ੀ ਆਪਣੇ ਨਾਪਾਕ ਮਨਸੂਬੇ ਵਿੱਚ ਕਾਮਯਾਬ ਨਹੀ ਹੋ ਸਕਿਆ ਅਤੇ ਮੌਕੇ ਤੇ ਪਕੜਿਆ ਗਿਆ ਜੋ ਬਾਅਦ ਵਿੱਚ ਸੰਗਤਾਂ ਦੇ ਰੋਹ ਅਤੇ ਗੁੱਸੇ ਦਾ ਸ਼ਿਕਾਰ ਹੋ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,