ਆਮ ਖਬਰਾਂ » ਵਿਦੇਸ਼

ਆਸਟਰੇਲੀਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀ ਜਮਾਤ ਨੂੰ ਮਾਨਤਾ ਦੇਣ ਤੋਂ ਕੀਤੀ ਨਾਂਹ

April 11, 2016 | By

ਫ਼ਰੀਦਕੋਟ: ਆਸਟੇ੍ਰਲੀਆਈ ਹਾਈ ਕਮਿਸ਼ਨ ਵੱਲੋਂ ਵਿਦਿਆਰਥੀ ਵੀਜ਼ਾ ਨਾ ਦੇਣ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਹਾਈ ਕਮਿਸ਼ਨ ਵੱਲੋਂ ਵੀਜ਼ਾ ਅਰਜ਼ੀ ਰੱਦ ਕਰਨ ਪਿੱਛੇ ਇਹ ਦਲੀਲ ਦਿੱਤੀ ਗਈ ਹੈ ਕਿ ਵਿਦਿਆਰਥੀ ਵੱਲੋਂ +2 ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਾਸ ਕੀਤੀ ਗਈ ਹੈ ਜੋ ਕਿ ਆਸਟੇ੍ਰਲੀਆਈ ਸਿੱਖਿਆ ਨੀਤੀ ਮੁਤਾਬਿਕ ਮਾਨਤਾ ਨਹੀਂ ਰੱਖਦੀ ।

ਆਸਟਰੇਲੀਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀ ਜਮਾਤ ਨੂੰ ਮਾਨਤਾ ਦੇਣ ਤੋਂ ਕੀਤੀ ਨਾਂਹ

ਆਸਟਰੇਲੀਆ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀ ਜਮਾਤ ਨੂੰ ਮਾਨਤਾ ਦੇਣ ਤੋਂ ਕੀਤੀ ਨਾਂਹ

ਪੰਜਾਬੀ ਅਖਬਾਰ ਅਜ਼ੀਤ ਵਿੱਚ ਫਰੀਦਕੋਟ ਤੋਂ ਨਸ਼ਰ ਖਬਰ ਅਨੁਸਾਰ ਆਸਟੇ੍ਰਲੀਆਈ ਹਾਈ ਕਮਿਸ਼ਨ ਦਾ ਕਹਿਣਾ ਹੈ ਆਸਟੇ੍ਰਲੀਆ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਕੋਰਸਾਂ ‘ਚ ਦਾਖ਼ਲਾ ਲੈਣ ਲਈ ਆਸਟੇ੍ਰਲੀਅਨ +2 ਗਰੇਡ ਪਾਸ ਜਾਂ ਫਿਰ ਇਸ ਦੇ ਬਰਾਬਰ ਮਾਨਤਾ ਦਿੱਤੇ ਗਏ ਸਿੱਖਿਆ ਬੋਰਡ ਤੋਂ ਬਾਰ੍ਹਵੀਂ ਪਾਸ ਕਰਨਾ ਜ਼ਰੂਰੀ ਹੈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ +2 ਗਰੇਡ ਨੂੰ ਉਨ੍ਹਾਂ ਨੇ ਆਸਟੇ੍ਰਲੀਆਈ +2 ਗਰੇਡ ਦੇ ਬਰਾਬਰ ਮਾਨਤਾ ਨਹੀਂ ਦਿੱਤੀ ਹੋਈ ।

ਇਸ ਸਬੰਧੀ ਪਤਾ ਉਦੋਂ ਲੱਗਿਆ ਜਦੋਂ ਕੁੱਝ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀਆਂ ਇਸ ਦਲੀਲ ‘ਤੇ ਰੱਦ ਕਰ ਦਿੱਤੀਆਂ ਗਈਆਂ ਕਿ ਉਨ੍ਹਾਂ ਨੇ ਬਾਰ੍ਹਵੀਂ ਦੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕੀਤੀ ਹੈ ।ਕਮਿਸ਼ਨ ਵੱਲੋਂ ਵਿਦਿਆਰਥੀਆਂ ਨੂੰ ਭੇਜੀ ਗਈ ਵੀਜ਼ਾ ਅਰਜ਼ੀ ਰੱਦ ਕਰਨ ਸਬੰਧੀ ਈ-ਮੇਲ ‘ਚ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਹੈ ।

ਪੰਜਾਬ ਦੇ ਵਿਦਿਆਰਥੀ ਉਚੇਰੀ ਸਿੱਖਿਆ ਲਈ ਆਸਟੇ੍ਰਲੀਆ ਜਾਣ ਦੇ ਚਾਹਵਾਨ ਹਨ ਅਤੇ ਜਿਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਤੋਂ 12ਵੀਂ ਪਾਸ ਕੀਤੀ ਹੈ ਜਾਂ ਕਰ ਰਹੇ ਹਨ ਲਈ ਇਹ ਬਹੁਤ ਹੀ ਮੰਦਭਾਗਾ ਸਮਾਚਾਰ ਹੈ ।ਇਸ ਨਾਲ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀਆਂ ਦਾ ਨੁਕਸਾਨ ਹੋਵੇਗਾ ।ਹਰ ਸਾਲ ਤਕਰੀਬਨ 3 ਤੋਂ ਸਾਢੇ ਤਿੰਨ ਲੱਖ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ 12ਵੀਂ ਪਾਸ ਕਰਦੇ ਹਨ ।ਜੇਕਰ ਅੱਜ ਦੇ ਹਲਾਤ ‘ਤੇ ਨਜ਼ਰ ਮਾਰੀ ਜਾਵੇ ਤਾਂ ਸੂਬੇ ਤੇ ਦੇਸ਼ ਅੰਦਰ ਨੌਕਰੀਆਂ ਦੀ ਘਾਟ ਕਾਰਨ ਇਨ੍ਹਾਂ ‘ਚੋਂ ਜ਼ਿਆਦਾਤਰ ਵਿਦਿਆਰਥੀ ਬਾਹਰ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨ ਨੂੰ ਤਰਜੀਹ ਦਿੰਦੇ ਹਨ ।ਜਿਨ੍ਹਾਂ ‘ਚ ਵੱਡੀ ਗਿਣਤੀ ਆਸਟੇ੍ਰਲੀਆ ‘ਚ ਜਾਣ ਲਈ ਚਾਹਵਾਨ ਵਿਦਿਆਰਥੀਆਂ ਦੀ ਹੈ ।

ਆਸਟੇ੍ਰਲੀਆਈ ਹਾਈ ਕਮਿਸ਼ਨ ਦੇ ਅਜਿਹੇ ਫੈਸਲੇ ਨਾਲ ਬਾਕੀ ਬਾਹਰ ਜਾਣ ਦੇ ਚਾਹਵਾਨ ਵਿਦਿਆਰਥੀਆਂ ‘ਚ ਡਰ ਬੈਠ ਗਿਆ ਹੈ ਕਿ ਕਿਤੇ ਹੋਰ ਮੁਲਕ ਵੀ ਅਜਿਹੇ ਨਿਯਮ ਨਾ ਬਣਾ ਦੇਣ ।ਕਾਫ਼ੀ ਤਾਦਾਦ ‘ਚ ਵਿਦਿਆਰਥੀ ਵੱਡੀਆਂ ਰਕਮਾਂ ਖ਼ਰਚ ਕੇ ਆਈਲੈਟਸ ਦੇ ਟੈਸਟ ਪਾਸ ਕਰਦੇ ਹਨ ਅਤੇ ਏਜੰਟਾਂ ਰਾਹੀਂ ਵਿਦਿਆਰਥੀ ਵੀਜ਼ਾ ਰਾਹੀਂ ਆਪਣੀਆਂ ਅਰਜ਼ੀਆਂ ਦਾਖਲ ਕਰਦੇ ਹਨ ਪਰ ਆਸਟੇ੍ਰਲੀਆ ਸਰਕਾਰ ਦੇ ਇਸ ਫ਼ੈਸਲੇ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਵੇਗਾ ।

ਇਸ ਸਬੰਧੀ ਇਕ ਅਕੈਡਮੀ ਦੇ ਡਾਇਰੈਕਟਰ ਹਰਵਿੰਦਰ ਸਿੰਘ ਤੇ ਜਪਿੰਦਰਪਾਲ ਸਿੰਘ ਢਿੱਲੋਂ ਇਮੀਗੇ੍ਰਸ਼ਨ ਅਤੇ ਵੀਜ਼ਾ ਮਾਹਿਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਜਿੱਥੇ ਇਸ ਫ਼ੈਸਲੇ ਨਾਲ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ ਉਥੇ ਇਮੀਗੇ੍ਰਸ਼ਨ ਕੰਸਲਟੈਂਸੀ ਇੰਡਸਟਰੀ ਲਈ ਇਹ ਵੱਡਾ ਝਟਕਾ ਹੈ ।ਕਿਉਂਕਿ ਉਨ੍ਹਾਂ ਤੋਂ ਜ਼ਿਆਦਾਤਰ ਕੇਸ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਵਿਦਿਆਰਥੀਆਂ ਦੇ ਆਉਂਦੇ ਹਨ ।

ਇਸ ਸਬੰਧੀ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਮਸਲੇ ਸਬੰਧੀ ਪਤਾ ਲੱਗਿਆ ਹੈ ਤੇ ਸਿੱਖਿਆ ਮੰਤਰੀ ਵੀ ਇਸ ਮਾਮਲੇ ਸਬੰਧੀ ਕਾਫ਼ੀ ਗੰਭੀਰ ਹਨ ।ਇਸ ਦੀ ਪੂਰੀ ਜਾਂਚ ਕਰ ਰਹੇ ਹਨ ਅਤੇ ਜੇਕਰ ਆਸਟੇ੍ਰਲੀਆ ਸਰਕਾਰ ਵੱਲੋਂ ਅਜਿਹਾ ਕਦਮ ਚੁੱਕਿਆ ਹੈ ਤਾਂ ਇਸਨੂੰ ਆਸਟੇ੍ਰਲੀਆਈ ਹਾਈ ਕਮਿਸ਼ਨ ਕੋਲ ਚੁੱਕਣਗੇ ।ਉਨ੍ਹਾਂ ਕਿਹਾ ਕਿ ਦੁਨੀਆ ਦੇ ਬਾਕੀ ਵੱਡੇ ਮੁਲਕਾਂ ਅਮਰੀਕਾ ਅਤੇ ਕੈਨੇਡਾ ਵਿਚ ਪੀ.ਐੱਸ.ਈ. ਬੀ ਤੋਂ 12ਵੀਂ ਪਾਸ ਵਿਦਿਆਰਥੀਆਂ ਸਬੰਧੀ ਕੋਈ ਪਾਬੰਦੀ ਨਹੀਂ ਹੈ ।ਉਨ੍ਹਾਂ ਆਖਿਆ ਕਿ ਇਸ ਸਬੰਧੀ ਸੋਮਵਾਰ ਨੂੰ ਇਕ ਮੀਟਿੰਗ ਰੱਖੀ ਗਈ ਹੈ ਅਤੇ ਸਰਕਾਰ ਇਸ ਮਸਲੇ ਸਬੰਧੀ ਪੂਰੀ ਗੰਭੀਰ ਹੈ ਤਾਂ ਜੋ ਇਨ੍ਹਾਂ ਵਿਦਿਆਰਥੀਆਂ ਦਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,