ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਗਦਰੀ ਬਾਬੇ ਬਾਬਾ ਸੋਹਣ ਸਿੰਘ ਭਕਨਾ ਦੀ ਜੀਵਨੀ ‘ਮੇਰੀ ਰਾਮ ਕਹਾਣੀ’ ਦੀ ਕਹਾਣੀ

January 4, 2019 | By

ਗਦਰੀ ਬਾਬੇ ਬਾਬਾ ਸੋਹਣ ਸਿੰਘ ਭਕਨਾ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਸਨ ਅਤੇ ਗਦਰ ਲਹਿਰ ਦੇ ਇਤਿਹਾਸ ਵਿਚ ਉਹਨਾਂ ਦੀ ਇੱਕ ਵਿਲੱਖਣ ਪਛਾਣ ਹੈ। “ਮੇਰੀ ਰਾਮ ਕਹਾਣੀ” ਸਿਰਲੇਖ ਹੇਠ ਉਹਨਾਂ ਦੀ ਜੀਵਨੀ ਸੰਨ 1930 ਵਿਚ “ਅਕਾਲੀ ਤੇ ਪ੍ਰਦੇਸੀ” ਅਖਬਾਰ ‘ਚ ਕਿਸ਼ਤਾਂ ‘ਚ ਛਪੀ ਸੀ। ਜਿਸ ਵੇਲੇ ਇਹ ਜੀਵਨੀ ਅਖਬਾਰਾਂ ਵਿਚ ਛਪਿਆ ਕਰਦੀ, ਉਦੋਂ ਬਾਬਾ ਭਕਨਾ ਜੇਲ੍ਹ ਵਿਚ ਬੰਦ  ਸਨ। ਇਤਿਹਾਸਕਾਰ ਸ.ਰਾਜਵਿੰਦਰ ਸਿੰਘ ਰਾਹੀ ਜੀ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਇਤਿਹਾਸ ਦੇ ਇਨ੍ਹਾਂ ਬੇਸ਼ਕੀਮਤੀ ਦਸਤਾਵੇਜ਼ਾਂ ਨੂੰ ਇਕੱਠਿਆਂ ਕਰਕੇ ਕਿਤਾਬ ਦੇ ਰੂਪ ਵਿਚ ਸੰਪਾਦਤ ਕੀਤਾ ਅਤੇ ਰਾਸ਼ਟਰਵਾਦੀ ਇਤਿਹਾਸਕਾਰਾਂ ਵਲੋਂ ਅਣਗੌਲੇ ਕੀਤੇ ਗਏ ਬਾਬਾ ਸੋਹਣ ਸਿੰਘ ਭਕਨਾ ਦੀ “ਮੇਰੀ ਰਾਮ ਕਹਾਣੀ” ਪਾਠਕਾਂ ਦੀ ਝੋਲੀ ਪਾਈ। ਅੱਜ ਗਦਰੀ ਬਾਬੇ ਬਾਬਾ ਸੋਹਣ ਸਿੰਘ ਭਕਨਾ ਦੇ ਜਨਮਦਿਨ ਨੂੰ ਮੁੱਖ ਰੱਖਦਿਆਂ  ਸ.ਰਾਜਵਿੰਦਰ ਸਿੰਘ ਵਲੋਂ ਲਿਖੀ ਗਈ ਕਿਤਾਬ ਦੀ ਜਾਣ-ਪਛਾਣ ਸਿੱਖ ਸਿਆਸਤ ਦੇ ਪਾਠਕਾਂ ਲਈ ਸਾਂਝੀ ਕਰ ਰਹੇ ਹਾਂ।

ਰਾਜਵਿੰਦਰ ਸਿੰਘ ਰਾਹੀ

ਗ਼ਦਰ ਲਹਿਰ ਦੀ ਸੌ ਸਾਲਾ ਬਰਸੀ ਦੇ ਸ਼ੁਭ ਅਵਸਰ ਤੇ, ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਅਸਲੋਂ ਹੀ ਅਣਗੌਲੀ ਲਿਖਤ ‘ਮੇਰੀ ਰਾਮ ਕਹਾਣੀਂ’ ਪਾਠਕਾਂ ਦੀ ਭੇਟ ਕਰਦਿਆਂ ਖੁਸ਼ੀ ਤੇ ਤਸੱਲੀ ਦਾ ਸੁਖਾਵਾਂ ਅਨੁਭਵ ਹੋ ਰਿਹਾ ਹੈ, ਕਿ ਇਸ ਲਿਖਤ ਨਾਲ ਉਸ ਲਹਿਰ ਦੇ ਕਈ ਅਣਗੌਲੇ ਤੇ ਅਣਛੋਹੇ ਪੱਖਾਂ ਤੇ ਨਵਾਂ ਪ੍ਰਕਾਸ਼ ਪਵੇਗਾ। ਇਸ ਲਿਖਤ ਨਾਲ ਲਹਿਰ ਦੇ ਓਹਲੇ ‘ਚ ਰਹੇ ਤੇ ਅਣਛੋਹੇ ਪੱਖ ਹੀ ਸਾਹਮਣੇ ਨਹੀਂ ਆਉਣਗੇ, ਸਗੋਂ ਬਾਬਾ ਸੋਹਣ ਸਿੰਘ ਭਕਨਾ ਦੇ ਜੀਵਨ ਦੇ ਵੀ ਕਈ ਉਹਨਾਂ ਪੱਖਾਂ ਤੇ ਪ੍ਰਕਾਸ਼ ਪਵੇਗਾ ਜੋ ਹੁਣ ਤੱਕ ਪਾਠਕਾਂ ਦੇ ਸਾਹਮਣੇ ਨਹੀਂ ਆ ਸਕੇ । ਇਹਨਾਂ ਨਵੇਂ ਤੱਥਾਂ ਦੀ ਲੋਅ ਵਿਚ ਬਾਬਾ ਜੀ ਦੀ ਮੁਕੰਮਲ ਸ਼ਖਸੀਅਤ ਨੂੰ ਜਾਨਣ ਤੇ ਸਮਝਣ ਵਿਚ ਮਦਦ ਮਿਲੇਗੀ । ਇਹੋ ਹੀ ਨਹੀਂ, ਇਸ ਲਿਖਤ ਦੇ ਬ੍ਰਿਤਾਂਤ, ਬੋਲੀ, ਸ਼ੈਲੀ ਤੇ ਪੇਸ਼ਕਾਰੀ ਨਾਲ ਬਾਬਾ ਜੀ ਅੰਦਰ ਮੌਜੂਦ ਉਸ ਪ੍ਰਤਿਭਾ ਦੇ ਵੀ ਦਰਸ਼ਨ ਹੋਣਗੇ, ਜਿਸ ਸਦਕੇ ਉਹਨਾਂ ਅੰਦਰ ਇੱਕ ਵੱਡਾ ਲੇਖਕ ਬਣਨ ਦੀਆਂ ਸੰਭਾਵਨਾਵਾਂ ਛੁਪੀਆਂ ਪਈਆਂ ਸਨ ਪਰ ਸਿਆਸੀ ਸਰਗਰਮੀਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਮੁਹਾਣ ਹੋਰ ਪਾਸੇ ਮੋੜ ਦਿੱਤਾ ਸੀ ।

ਗਦਰੀ ਬਾਬੇ ਬਾਬਾ ਸੋਹਣ ਸਿੰਘ ਭਕਨਾ ਦੀ ਜੀਵਨੀ ਮੇਰੀ ਰਾਮ ਕਹਾਣੀ ਦੀ ਤਸਵੀਰ

ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਸਵੈ – ਜੀਵਨੀ ‘ਮੇਰੀ ਰਾਮ ਕਹਾਣੀ’ ਉਸ ਸਮੇਂ 1930 ਵਿਚ ਲਿਖਣੀ ਸ਼ੁਰੂ ਕੀਤੀ ਸੀ ਜਿਸ ਵਕਤ ਉਹ ਲਾਹੌਰ ਜੇਲ੍ਹ ਵਿਚ ਬੰਦ ਸਨ । ‘ਮੇਰੀ ਰਾਮ ਕਹਾਣੀਂ ਦੀਆਂ ਤਿੰਨ ਕਿਸ਼ਤਾਂ ਮਾਰਚ, ਅਪ੍ਰੈਲ, ਤੇ ਮਈ 1930 ਦੇ “ਕਿਰਤੀ” ਪਰਚੇ ਵਿਚ ਛਪੀਆਂ ਸਨ । ਪਰ ਇਸ ਦੇ ਨਾਲੋਂ- ਨਾਲ ਸ੍ਰੀ ਅੰਮ੍ਰਿਤਸਰ ਤੋਂ ਨਿਕਲਦੇ ਰੋਜ਼ਾਨਾ ਅਖ਼ਬਾਰ ‘ਅਕਾਲੀ ਤੇ ਪਰਦੇਸੀ’ ਵਿਚ ‘ਮੇਰੀ ਰਾਮ ਕਹਾਣੀਂ ਫਰਵਰੀ 1930 ਤੋਂ ਲੜੀਵਾਰ ਛਪਣੀ ਸ਼ੁਰੂ ਹੋਈ ਸੀ ਜੋ ਲਗਭਗ ਜਨਵਰੀ 1931 ਤੱਕ ਛਪੀ ਸੀ । ਪਰ ਵਿਚ ਵਿਚਾਲੇ, 14 ਮਈ 1930 ਤੋਂ ਲੈ ਕੇ 2 ਨਵੰਬਰ 1930 ਤੱਕ ਇਹ ਜੀਵਨੀ ਅਖ਼ਬਾਰ ਵਿਚ ਛਪਣੀ ਬੰਦ ਵੀ ਰਹੀ ਸੀ । ਕਿਸੇ ਕਾਰਨ ਕਰਕੇ ਇਸ ਸਮੇਂ ਦੌਰਾਨ ‘ਅਕਾਲੀ ਤੇ ਪਰਦੇਸੀ ਛਪਣਾ ਬੰਦ ਹੈ ਗਿਆ ਸੀ । ਅਖ਼ਬਾਰ ਨੇ 3 ਨਵੰਬਰ 1930 ਤੇ ਨੋਟ ਦੇ ਕੇ ਇਹ ਜੀਵਨੀ ਫਿਰ ਉਥੋਂ ਹੀ ਛਾਪਣੀ ਸ਼ੁਰੂ ਕਰ ਦਿੱਤੀ ਸੀ ਜਿਥੇ ਉਹਨਾਂ 13 ਮਈ 1930 ਵਿਚ ਛੱਡੀ ਸੀ।

ਦੁਨੀਆਂ ਵਿੱਚ ‘ਜੇਲ੍ਹ ਸਾਹਿਤ ਦਾ ਬਹੁਤ ਚਰਚਾ ਹੁੰਦਾ ਰਿਹਾ ਹੈ। ਦੁਨੀਆਂ ਦੇ ਬਹੁਤ ਸਾਰੇ ਲੇਖਕਾਂ ਅਤੇ ਸਿਆਸੀ ਹਸਤੀਆਂ ਨੇ ਜੇਲ੍ਹਾਂ ਵਿਚ ਬੰਦ ਹੋਣ ਦੌਰਾਨ ਬਹੁਤ ਕੁਝ ਲਿਖਿਆ ਹੈ, ਜਿਨ੍ਹਾਂ ਵਿਚ ਕਵਿਤਾਵਾਂ ਵੀ ਹਨ, ਵਾਰਤਕ ਵੀ ਹੈ ਤੇ ਚਿੱਠੀਆਂ ਵੀ ਹਨ ।

ਜੇਲ੍ਹਾਂ ਵਿਚ ਬੰਦ ਇਹ ਲੋਕ ਜ਼ਿਆਦਾਤਰ ਸਿਆਸੀ ਕਾਰਨਾਂ ਕਰਕੇ ਕਾਲ ਕੋਠੜੀਆਂ ਅੰਦਰ ਡੱਕੇ ਜਾਂਦੇ ਸਨ। ਇਹਨਾਂ ਸੱਚ ਦੇ ਆਸ਼ਕਾਂ ਨੇ ਸਮੇਂ ਦੀਆਂ ਹਕੂਮਤਾਂ ਨਾਲ ਦਸਤਪੰਜਾ ਲਿਆ ਹੁੰਦਾ ਸੀ ਤੇ ਜ਼ਾਲਮ ਹਕੂਮਤਾਂ ਨੇ ਉਹਨਾਂ ਦੀ ਸੱਚ ਦੀ ਆਵਾਜ਼ ਨੂੰ ਦਬਾਉਣ ਲਈ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰੱਖਿਆ ਹੁੰਦਾ ਸੀ । ਫੜਕੇ ਜੇਲ੍ਹਾਂ ਵਿਚ ਡੱਕੇ ਇਹਨਾਂ ਲੇਖਕਾਂ ਦੀਆਂ ਲਿਖਤਾਂ ਨੇ ਸਮਾਜ ਦੀ ਵਿਕਾਸ- ਮੁਖੀ ਤਬਦੀਲੀ ਤੇ ਬਹੁਤ ਹੀ ਜਬਰਦਸਤ ਪ੍ਰਭਾਵ ਪਾਇਆ ਹੈ, ਕਿਉਂਕਿ ਇਹਨਾਂ ਲਿਖਤਾਂ ਨੇ ਲੋਕਾਂ ਦੀ ਹਮਦਰਦੀ ਉਸ ਕਾਜ ਨਾਲ ਜੋੜੀ ਸੀ, ਜਿਸ ਕਾਜ ਨਾਲ ਇਹ ਲੇਖਕ ਜਾਂ ਸਿਆਸੀ ਹਸਤੀਆਂ ਪ੍ਰਤੀਬੱਧ ਹੁੰਦੀਆਂ ਸਨ । ‘ਜੇਲ੍ਹ ਸਾਹਿਤ ਨੂੰ ਕਾਫ਼ੀ ਹੱਦ ਤੱਕ ਨਿਰਮਲ ਸਾਹਿਤ ਮੰਨਿਆ ਜਾਂਦਾ ਹੈ।ਕਿਉਕਿ ਇਕ ਤਾਂ ਉਹ ਬਾਹਰੀ ਪ੍ਰਭਾਵਾਂ ਦੇ ਪ੍ਰਦੂਸ਼ਣ ਤੋਂ ਬਹੁਤ ਹੱਦ ਤੱਕ ਸੁਰਖੁਰੂ ਹੁੰਦਾ ਹੈ, ਦੂਜਾ ਇਕਾਂਤ ਨੇ ਉਸ ਲੇਖਕ ਨੂੰ ਇਕ ਤਰ੍ਹਾਂ ਨਾਲ ਧਿਆਨੀ ਬਣਾ ਦਿੱਤਾ ਹੁੰਦਾ ਹੈ , ਅਤੇ ਤੀਜਾ ਉਸ ਦਾ ਜੀਵਨ ਅਨੁਭਵ ਵੀ ਨਿੱਤਰਿਆ ਹੁੰਦਾ ਹੈ ।ਜੇਲ੍ਹ ਦੀ ਜ਼ਿੰਦਗੀ ਵਿਅਕਤੀ ਨੂੰ ਬਹੁਤ ਬਦਲ ਦਿੰਦੀ ਹੈ।ਇਥੇ ਆ ਕੇ ਵਿਅਕਤੀ ਦੀਆਂ ਸਾਰੀਆਂ ਨਿੱਜੀ ਕਮੀਆਂ- ਪੇਸ਼ੀਆਂ ਨੰਗੀਆਂ ਹੋ ਜਾਂਦੀਆਂ ਹਨ। ਜੇ ਵਿਅਕਤੀ ਕਿਸੇ ਆਦਰਸ਼ ਅਤੇ ਅਕੀਦੇ ਨਾਲ ਨਾ ਜੁੜਿਆ ਹੋਵੇ ਤਾਂ ਇਹ ਘਾਟਾਂ ਤੇ ਕਮਜ਼ੋਰੀਆਂ ਵਿਅਕਤੀ ਨੂੰ ਹੰਢਾਉਣਾ ਸ਼ੁਰੂ ਕਰ ਦਿੰਦੀਆਂ ਹਨ। ਪਰ ਕਿਸੇ ਵੱਡੇ ਆਦਰਸ਼ ਅਤੇ ਅਕੀਦੇ ਨਾਲ ਜੁੜੇ ਵਿਅਕਤੀ ਇਹਨਾਂ ਘਾਟਾਂ ਕਮਜ਼ੋਰੀਆਂ ‘ਤੇ ਕਾਬੂ ਪਾ ਕੇ ਨਿਰੋਲ ਕੁੰਦਨ ਬਣ ਨਿਕਲਦੇ ਹਨ । ਸੋ ਅਜਿਹੇ ਵਿਅਕਤੀਆਂ ਵਲੋਂ ਰਚੀਆਂ ਗਈਆਂ ਲਿਖਤਾਂ ਸੱਚੇ ਸੁੱਚੇ ਅਨੁਭਵ ਦੀ ਉਪਜ ਹੁੰਦੀਆਂ ਹਨ।

ਗਦਰੀ ਬਾਬੇ ਬਾਬਾ ਸੋਹਣ ਸਿੰਘ ਭਕਨਾ ਜੀ ਦੀ ਤਸਵੀਰ।

ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਤੇ ਰਾਜਿੰਦਰ ਪ੍ਰਸ਼ਾਦ ਆਦਿ ਵਲੋਂ ਜੇਲ੍ਹਾਂ ਵਿਚ ਬੈਠਕੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਹਨ। ਆਜ਼ਾਦੀ ਸੰਗਰਾਮ ਦੀ ਇਲੀਟਾਂ- ਮੁਖੀ ਧਾਰਾ ਦੇ ਪਥ ਪ੍ਰਦਸ਼ਕ ਹੋਣ ਕਾਰਨ ਅੰਗਰੇਜ਼ ਸਰਕਾਰ ਵਲੋਂ ਇਹਨਾਂ ਨੂੰ ਜੇਲ੍ਹਾਂ ਵਿਚ ਹਰ ਤਰ੍ਹਾਂ ਦੀਆਂ ਸੁਖ- ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ । ਉਝ ਵੀ ਸਿਆਸੀ ਲੀਡਰਾਂ ਦੇ ਤੌਰ ਤੇ ਇਹਨਾਂ ਦਾ ਕੱਦ- ਬੁੱਤ ਬਹੁਤ ਵੱਡਾ ਸੀ। ਸੋ ਇਹਨਾਂ ਸਿਆਸੀ ਹਸਤੀਆਂ ਲਈ ਜੇਲ੍ਹਾਂ ਵਿਚ ਬੈਠਕੇ ਆਪਣਾ ਵਕਤ ਲਿਖਣ- ਪੜ੍ਹਨ ਦੇ ਕਾਰਜ ਦੇ ਲੇਖੇ ਲਾ ਛੱਡਣ ‘ਚ ਕੋਈ ਸਮੱਸਿਆ ਨਹੀਂ ਸੀ। ਪਰ ਗ਼ਦਰ ਲਹਿਰ ਦੀ ਧਾਰਾ ਤਾਂ ਅਸਲੋਂ ਹੀ ਵੱਖਰੀ ਸੀ- ਵੇਲੇ ਦੇ ਹਾਕਮਾਂ ਦੀਆਂ ਨਜ਼ਰਾਂ ਵਿਚ ਅਤਿ ਦਰਜੇ ਦੀ ਖ਼ਤਰਨਾਕ ! ਜਿਸ ਕਾਰਨ ਅੰਗਰੇਜ਼ੀ ਸਾਮਰਾਜ ਦਾ ਹਰ ਕਰਿੰਦਾ ਇਹਨਾਂ ਗ਼ਦਰੀਆਂ ਨਾਲ ਨਫ਼ਰਤ ਭਰੀ ਖ਼ਾਰ ਖਾਦਾ ਸੀ ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਸੀ ! ਜੇਲ੍ਹਾਂ ਵਿਚ ਵੀ ਇਹਨਾਂ ਗ਼ਦਰੀਆਂ ਨੂੰ ਅਨੇਕਾਂ ਤਰ੍ਹਾਂ ਦੇ ਅਣਮਨੁੱਖੀ ਕਸ਼ਟ ਪਹੁੰਚਾਏ ਜਾਂਦੇ ਸਨ ਤੇ ਹਰ ਤਰ੍ਹਾਂ ਨਾਲ ਉਹਨਾਂ ਦਾ ਮਨੋਬਲ ਤੋੜਨ ਤੇ ਉਹਨਾਂ ਨੂੰ ਜਿਸਮਾਨੀ ਤੌਰ ਤੇ ਖ਼ਤਮ ਕਰ ਦੇਣ ਦੀਆਂ ਗੋਂਦਾ ਗੁੰਦੀਆਂ ਜਾਂਦੀਆਂ ਸਨ। ਸੋ ਅਜਿਹੀਆਂ ਦੁਸ਼ਵਾਰ ਹਾਲਤਾਂ ਵਿਚ ਇਹ ਗ਼ਦਰੀ ਸੂਰਬੀਰ ਤਾਂ ਘਰਾਂ ਨੂੰ ਚਿੱਠੀ ਲਿਖਣ ਲਈ ਵੀ ਤਰਸਦੇ ਸਨ, ਇਹਨਾਂ ਕੋਲ ਕਾਗ਼ਜ਼, ਕਲਮ ਤੇ ਸਿਆਹੀ ਕਿੱਥੋਂ ਆਉਣੀ ਸੀ ? ਪਰ ਇਹਨਾਂ ਕਠਨ ਹਾਲਤਾਂ ਦੇ ਬਾਵਜੂਦ ਵੀ ਅੱਜ ਸਾਡੇ ਕੋਲ ਗ਼ਦਰੀ ਸੂਰਬੀਰਾਂ ਦੀਆਂ ਦੋ ਅਹਿਮ ਰਚਨਾਵਾਂ ‘ਜੇਲ੍ਹ ਸਾਹਿਤ’ ਵਜੋਂ ਮੌਜੂਦ ਹਨ ਜੋ ਲਹਿਰ ਦੇ ਅਸਲ ਖਾਸੇ, ਉਠਾਣ, ਅਤੇ ਸਮੁੱਚੇ ਚਲਣ ਨੂੰ ਸਮਝਣ ਵਿਚ ਬੇਹੱਦ ਸਹਾਈ ਹੋਣਗੀਆਂ ।

ਪਹਿਲੀ ਲਿਖਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ‘ਜੇਲ੍ਹ ਚਿੱਠੀਆਂ’ ਹੈ ਜੋ ਜੇਲ੍ਹਾਂ ਵਿੱਚ ਬੰਦ ਗਦਰੀਆਂ ਦੇ ਸਮੁੱਚੇ ਚਰਿਤਰ ਦਾ ਪ੍ਰਮਾਣਕ ਦਸਤਾਵੇਜ਼ ਹੈ। ਇਸ ਦਸਤਾਵੇਜ਼ੀ ਲਿਖਤ ਚ ਇਹਨਾਂ ਗਦਰੀਆਂ ਦਾ ਜੋ ਕਿਰਦਾਰ ਉਘੜਦਾ ਹੈ, ਉਹ ਗ਼ਦਰ ਲਹਿਰ ਦੇ ਸਥਾਪਤ ਲੇਖਕਾਂ ਵਲੋਂ ਲਿਖੇ ਗਏ ਇਤਿਹਾਸ ਤੋਂ ਬਿਲਕੁਲ ਹੀ ਉਲਟ ਹੈ। ਇਸ ਲਿਖਤ ਤੋਂ ਪਤਾ ਲੱਗਦਾ ਹੈ ਕਿ ਇਹ ਗ਼ਦਰੀ ਕਿਸ ਚੀਜ਼ ਤੋਂ ਪ੍ਰੇਰਿਤ ਹੋ ਕੇ ਗ਼ਦਰ ਲਹਿਰ ਵਿੱਚ ਸ਼ਾਮਲ ਹੋਏ ਸਨ, ਉਹਨਾਂ ਦੇ ਪ੍ਰੇਰਨਾ ਸਰੋਤ ਕਿਹੜੇ ਸਨ, ਉਹਨਾਂ ਨੇ ਜੇਲ੍ਹਾਂ ਵਿਚ ਆਪਣੇ ਸਿੱਖੀ ਸਰੂਪ ਅਤੇ ਕੱਕਾਰਾਂ ਨੂੰ ਬਚਾਉਣ ਲਈ ਕਿਸ ਤਰ੍ਹਾਂ ਦੀਆਂ ਸਖਤ ਘਾਲਨਾਵਾਂ ਘਾਲੀਆਂ ਸਨ । ਉਹਨਾਂ ਨੇ ਅਕਿਹ ਤੇ ਅਸਹਿ ਤਸੀਹਿਆਂ ਦਾ ਕਿਵੇਂ ਖਿੜੇ ਮੱਥੇ ਟਾਕਰਾ ਕੀਤਾ ਸੀ । ਇਸ ਲਿਖਤ ਵਿਚੋਂ ਇਹ ਤੱਥ ਵੀ ਉਭਰਕੇ ਸਾਹਮਣੇ ਆਉਦਾ ਹੈ ਕਿ ਇਹਨਾਂ ਗਦਰੀਆਂ ਨੇ ਵੀਹ-ਵੀਹ ਸਾਲਾਂ ਦੀਆਂ ਕੈਦਾਂ ਕਿਵੇਂ ਅਥਾਹ ਪ੍ਰੇਮ ਤੇ ਸ਼ਰਧਾ ਨਾਲ ਗੁਰਬਾਣੀ ਦਾ ਜਾਪ ਕਰਦਿਆਂ ਸਿੱਖੀ ਸਿਦਕ ਦੇ ਸਹਾਰੇ ਕੱਟੀਆਂ ਸਨ। ਪਰ ਰਾਸ਼ਟਰਵਾਦੀ ਤੇ ਨਾਸਤਕਵਾਦੀ ਲੇਖਕਾਂ ਨੇ ‘ਜੇਲ੍ਹ ਚਿੱਠੀਆਂ ਨੂੰ ਗ਼ਦਰੀ ਸਾਹਿਤ ਵਿਚੋਂ ਖਾਰਜ ਕਰ ਰੱਖਿਆ ਹੈ ਤੇ ਇਹ ਲਿਖਤ ਸਿਰਫ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸ਼ਰਧਾਲੂਆਂ ਤੱਕ ਹੀ ਸੀਮਤ ਹੈ ਕੇ ਰਹਿ ਗਈ ਹੈ ।

ਗ਼ਦਰੀ ‘ਜੇਲ੍ਹ ਸਾਹਿਤ, ਵਿੱਚ ਦੂਜੀ ਅਹਿਮ ਲਿਖਤ ਬਾਬਾ ਸੋਹਣ ਸਿੰਘ ਭਕਨਾ ਦੀ ‘ਮੇਰੀ ਰਾਮ ਕਹਾਣੀਂ ਨੂੰ ਰੱਖਿਆ ਜਾ ਸਕਦਾ ਹੈ। ਬਾਬਾ ਜੀ ਨੇ ਇਸ ਲਿਖਤ ਵਿਚ ਹੀ ਦੱਸ ਦਿੱਤਾ ਹੈ ਕਿ ਇਸ ਲਿਖਤ ਨੂੰ ਬਾਹਰ ਭੇਜਣਾ ਤਾਂ ਦੂਰ ਦੀ ਗੱਲ, ਜੇਲ੍ਹ ਵਿਚ ਲਿਖਣਾ ਹੀ ਜਾਨ ਜੋਖੋਂ ਵਿੱਚ ਪਾਉਣਾ ਸੀ ਜਿਥੇ ਬੇਹੱਦ ਸਖਤ ਪਹਿਰੇ ਲੱਗੇ ਹੁੰਦੇ ਸਨ। ਲਿਖਣ ਦੇ ‘ਅਪਰਾਧ ਦਾ ਪਤਾ ਲੱਗਣ ‘ਤੇ ਹੋਰ ਕੈਦ ਵੀ ਵਧ ਸਕਦੀ ਸੀ, ਡੰਡਾ ਬੇੜੀ ਤੋਂ ਲੈ ਕੇ ਹੋਰ ਘਿਣਾਉਣੇ ਤਸੀਹੇ ਵੀ ਦਿੱਤੇ ਜਾ ਸਕਦੇ ਸਨ । ਇਹਨਾਂ ਖ਼ਤਰਿਆਂ ਦੀ ਬਿਨਾ ਪ੍ਰਵਾਹ ਕੀਤੇ ਜੇ ਬਾਬਾ ਜੀ ਨੇ ਇਹ ਲਿਖਤ ਲਿਖ ਵੀ ਲਈ ਸੀ ਤਾਂ ਇਸ ਨੂੰ ਜੇਲ੍ਹੋਂ ਬਾਹਰ ਕੱਢਣਾ ਕੋਈ ਸੌਖੀ ਜਿਹੀ ਗੱਲ ਨਹੀਂ ਸੀ। ਫੜੇ ਜਾਣ ਤੇ ਹਰ ਕਰਮਚਾਰੀ ਲਈ ਰੋਜ਼ੀ ਰੋਟੀ ਤੋਂ ਹੱਥ ਧੋਣ ਤੋਂ ਲੈ ਕੇ ਹੋਰ ਸਜ਼ਾਵਾਂ ਵੀ ਮਿਲ ਸਕਦੀਆਂ ਸਨ। ਇਸ ਲਿਖਤ ਦਾ ਉਹ ਹਾਲ ਸੀ ਜੋ ਮੀਆਂ ਗ਼ਾਲਬ ਨੇ ਆਪਣੇ ਇਕ ਕਠਨ ਜਿਹੇ ਸ਼ੇਅਰ ਵਿਚ ਬਿਆਨ ਕੀਤਾ ਹੈ

‘ਦਾਮ- ਏ- ਹਰ ਮੌਜ ਪੇ ਹਲਕਾ ਏ ਸਮਕਾਮ ਨਿਹੰਗ
ਦੇਖੇਂ ਕਤਰੇ ਪੇ ਕਿਆ ਗੁਜਰੇਗੀ ਗੌਹਰ ਹੰਨੇ ਤੱਕ

ਇਹ ਮਿੱਥ ਪ੍ਰਚੱਲਤ ਹੈ ਕਿ ਅਸਮਾਨ ਵਿਚੋਂ ਇੱਕ ਸਵਾਂਤ ਬੁੰਦ ਟਪਕਦੀ ਹੈ ਜੋ ਸਮੁੰਦਰ ਵਿੱਚ ਪਈ ਸਿੱਪੀ ਦੇ ਮੂੰਹ ਵਿਚ ਪੈ ਕੇ ਮੋਤੀ ਦਾ ਰੂਪ ਧਾਰਦੀ ਹੈ ! ਮੀਆਂ ਗ਼ਾਲਬ ਆਖਦੇ ਹਨ ਕਿ ਸਮੁੰਦਰ ਦੀ ਹਰ ਲਹਿਰ ‘ਤੇ ਸੌ ਸੌ ਸਿਰਾਂ ਵਾਲੇ ਮਗਰਮੱਛ ਬੈਠੇ ਹਨ, ਇਹਨਾਂ ਮਗਰਮੱਛਾਂ ਵਿੱਚ ਦੀ ਲੰਘ ਕੇ ਬੂੰਦ ਨੇ ਸਿੱਪ ਤੱਕ ਜਾਣਾ ਹੈ, ਦੇਖਦੇ ਹਾਂ ਮੋਤੀ ਬਣਨ ਤੱਕ ਇਸਦਾ ਕੀ ਹਸ਼ਰ ਹੋਵੇਗਾ ! ਸੋ ਬਾਬਾ ਸੋਹਣ ਸਿੰਘ ਭਕਨਾ ਦੀ ‘ਰਾਮ ਕਹਾਣੀਂ ਜੇਲ੍ਹੋਂ ਹੋ ਕੇ ਕਿਵੇਂ ਛਪੀ, ਇਹ ਵੀ ਇੱਕ ਜਸੂਸੀ ਕਿਸਮ ਦੇ ਅਫ਼ਸਾਨੇ ਤੇ ਘੱਟ ਨਹੀਂ ਹੈ । ਇੱਕ ਮੁਲਾਕਾਤ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਨੇ ਇਸ ਸੁਆਲ, ਕਿ ‘ਮੇਰੀ ਰਾਮ ਕਹਾਣੀਂ ਜੇਲ੍ਹੋਂ ਬਾਹਰ ਆ ਕੇ ਕਿਸ ਤਰ੍ਹਾਂ ਛਪੀ ਸੀ? ਦਾ ਜੁਆਬ ਦਿੰਦਿਆਂ ਇਹ ਕਹਿ ਕੇ ਰਹੱਸ ਬਰਕਰਾਰ ਰੱਖਿਆ ਸੀ ਕਿ ਜੇਲ੍ਹ ਕਰਮਚਾਰੀਆਂ ਵਿੱਚ ਅਸੀਂ ਆਪਣੇ ਸੈੱਲ ਬਣਾਏ ਹੋਏ ਸਨ । ਪਰ ਇਸ ਰਹੱਸ ਨੂੰ ਸੋਹਣ ਸਿੰਘ ਜੋਸ਼ ਨੇ ਬਾਬਾ ਸੋਹਣ ਸਿੰਘ ਭਕਨਾ ਦੀ ਲਿਖੀ ਜੀਵਨੀ ਵਿੱਚ ਖੋਲ੍ਹ ਦਿੱਤਾ ਹੈ ।

ਗਦਰੀ ਬਾਬੇ ਬਾਬਾ ਸੋਹਣ ਸਿੰਘ ਭਕਨਾ ਜੀ ਦੀ ਤਸਵੀਰ।

ਲਾਹੌਰ ਵਿਚ ਗੁਰੂ ਪੰਚਮ ਪਾਤਸ਼ਾਹ ਦੀ ਯਾਦ ਵਿੱਚ ਬਣੇ ਗੁਰਦੁਆਰਾ ਡੇਹਰਾ ਸਾਹਿਬ ਦਾ ਗ੍ਰੰਥੀ ਅੱਛਰ ਸਿੰਘ ਗਦਰੀਆਂ ਦਾ ਹਮਦਰਦ ਸੀ, ਜਿਸਨੇ ਲਾਹੌਰ ਜੇਲ੍ਹ ਦੇ ਵਾਰਡਰਾਂ ਨਾਲ ਚੰਗੇ ਸਬੰਧ ਬਣਾਏ ਹੋਏ ਸਨ ਤੇ ਬਾਬਾ ਸੋਹਣ ਸਿੰਘ ਭਕਨਾ ਨੇ ਇਹਨਾਂ ਜੇਲ੍ਹ ਵਾਰਡਰਾਂ ਨਾਲ ਤਾਲਮੇਲ ਕਰਕੇ ਭਾਈ ਅੱਛਰ ਸਿੰਘ ਰਾਹੀਂ ਬਾਹਰਲੇ ਸੰਸਾਰ ਨਾਲ ਨਾਤਾ ਜੋੜਿਆ ਹੋਇਆ ਸੀ । ਸੌ ਵਿਸਵੇ ਇਸੇ ਗ੍ਰੰਥੀ ਅੱਛਰ ਸਿੰਘ ਰਾਹੀਂ ਮੇਰੀ ‘ਰਾਮ ਕਹਾਣੀਂ ਜੇਲ੍ਹੋਂ ਬਾਹਰ ਆ ਕੇ ‘ਅਕਾਲੀ ਤੇ ਪਰਦੇਸੀਂ ਵਿੱਚ ਛਪਣੀ ਸ਼ੁਰੂ ਹੋਈ ਸੀ। ਪਰ ਬਾਬਾ ਸੋਹਣ ਸਿੰਘ ਭਕਨਾ ਨੇ ਇਹ ਲਿਖਤ ‘ਅਕਾਲੀ ਤੇ ਪਰਦੇਸੀਂ ਅਖਬਾਰ ਵਿੱਚ ਹੀ ਕਿਉਂ ਛਪਵਾਉਣੀ ਸ਼ੁਰੂ ਕੀਤੀ, ਜਦੋਂ ਕਿ ਖੱਬੇ ਪੱਖੀਆਂ ਦੀ ਧਾਰਨਾ ਅਨੁਸਾਰ ਤਾਂ ‘ਇਹ ਅਖ਼ਬਾਰ ‘ਧਰਮ ਨਿਰਪੱਖ’ (ਸ਼ੲਚੁਲਰੳਰ) ਨਹੀਂ ਸੀ, ਜਿਸ ਨੂੰ ਕਿ ਗਦਰ ਲਹਿਰ ਦੇ ਮੀਰੀ ਗੁਣ ਵਜੋਂ ਪੇਸ਼ ਕੀਤਾ ਤੇ ਉਚਿਆਇਆ ਜਾਂਦਾ ਹੈ । ਇਹ ਅਖਬਾਰ ਤਾਂ ਉਸ ਵਕਤ ਸਿੱਖ ਪੰਥ ਦੀ ਮੁੱਖ ਧਾਰਾ ਦੀ ਤਰਜਮਾਨੀ ਕਰ ਰਿਹਾ ਸੀ, ਤੇ ਇਸ ਦਾ ਸੰਪਾਦਕ ਵੀ ਮਾਸਟਰ ਤਾਰਾ ਸਿੰਘ ਸੀ ਜੋ ਬਾਅਦ ਵਿਚ ਸਿੱਖ ਪੰਥ ਦਾ ਸਿਰਮੌਰ ਆਗੂ ਬਣ ਕੇ ਉਭਰਿਆ । ਸੋ ਖੱਬੇ ਪੱਖੀਆਂ ਦੇ ਤਰਕ ਮੁਤਾਬਿਕ ਤਾਂ ਇਹ ਅਖਬਾਰ ਫਿਰਕੂ ਰਾਜਨੀਤੀਂ ਦਾ ਵਾਹਕ ਤੇ ਪ੍ਰਚਾਰਕ ਸੀ । ਪਰ ਇਥੇ ਅਕਾਲੀ ਤੇ ਪਰਦੇਸੀ’ਦੇ ਸਿਧਾਂਤਕ ਖਾਸੇ ਤੇ ਰਾਜਸੀ ਰੋਲ ਬਾਰੇ ਸੰਖੇਪ ਵਿਚ ਗੱਲ ਕਰਨੀ ਕੁਥਾਵੀਂ ਨਹੀਂ ਹੋਵੇਗੀ।

ਪ੍ਰੋਂ.ਹਰਬੰਸ ਸਿੰਘ ਵਲੋਂ ਤਿਆਰ ਕੀਤੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਛਾਪੇ ਗਏ ਸਿੱਖ ੲਨਸਾੲਾਕਲੋਪੀਡ ਦੇ ਇੰਦਰਾਜ ਅਨੁਸਾਰ ‘ਅਕਾਲੀ ਤੇ ਪਰਦੇਸੀ’ ਸ਼ੁਰੂ ਵਿੱਚ ਸਿਰਫ਼ ਇਕੱਲਾ ‘ਅਕਾਲੀ’ਅਖਬਾਰ ਹੀ ਸੀ, ਜੋ ਮਾਸਟਰ ਸੁੰਦਰ ਸਿੰਘ ਸਿੰਘ ਲਾਇਲਪੁਰੀ ਹੋਰਾਂ ਦੀ ਹਿੰਮਤ ਨਾਲ 21 ਮਈ 1920 ਨੂੰ ਲਾਹੌਰ ਤੋਂ ਪੰਚਮ ਪਾਤਸ਼ਾਹ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਕੱਢਿਆ ਗਿਆ ਸੀ । ਇਸ ਅਖਬਾਰ ਨੂੰ ਸ੍ਰ ਹਰਚੰਦ ਸਿੰਘ ਲਾਇਲਪੁਰੀ, ਜੱਥੇਦਾਰ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਪ੍ਰਿੰ ਨਿਰੰਜਣ ਸਿੰਘ, ਸਰਦੂਲ ਸਿੰਘ ਕਵੀਸ਼ਰ ਤੇ ਨਨਕਾਣਾ ਸਾਹਿਬ ਸਾਕੇ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਭਾਈ ਦਲੀਪ ਸਿੰਘ ਦੀ ਹਿਮਾਇਤ ਹਾਸਲ ਸੀ । ਪਹਿਲਾਂ ਗਿਆਨੀ ਹੀਰਾ ਸਿੰਘ ਦਰਦ ਅਤੇ ਬਾਅਦ ਵਿਚ ਭਾਈ ਮੰਗਲ ਸਿੰਘ ਬੀ. ਏ ਵੀ ਇਸਦੇ ਸੰਪਾਦਕਾਂ ਵਿੱਚ ਸ਼ਾਮਲ ਹੈ ਗਏ ਸਨ । ਜਦ ਸਿੱਖ ਪੰਥ ਵਲੋਂ ਆਪਣੇ ਗੁਰੂ ਘਰਾਂ ਨੂੰ ਬ੍ਰਾਹਮਣਵਾਦੀ ਮਹੰਤਾਂ ਦੇ ਕਬਜ਼ੇ ਤੇ ਦੁਰਾਚਾਰੀ ਅਮਲਾਂ ਤੋਂ ਮੁਕਤ ਕਰਵਾਉਣ ਲਈ ਕੁਰਬਾਨੀਆਂ ਭਰੀ ਮੁਹਿੰਮ ਚਲਾਈ ਗਈ ਤਾਂ ‘ਅਕਾਲੀ। ਇਸ ਲਹਿਰ ਦਾ ਤਰਜਮਾਨ ਬਣ ਗਿਆ ਤੇ ਇਸ ਅਖਬਾਰ ਨੇ ਸਿੱਖ ਪੰਥ ਦੇ ਜਜ਼ਬਿਆਂ ਅੰਦਰ ਲੋਹੜੇ ਦਾ ਉਭਾਰ ਪੈਦਾ ਕੀਤਾ । ਇਸ ਦੇ ਨਾਲ ਹੀ ਅੰਗਰੇਜ਼ੀ ਸਰਕਾਰ ਦੀ ਕਰੋਪੀ ਲਗਾਤਾਰ ਅਕਾਲੀ ਤੇ ਨਾਜ਼ਲ ਹੁੰਦੀ ਰਹੀ ਤੇ ਇਸ ਦੇ ਸੰਪਾਦਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਰਿਹਾ ਤੇ ਜ਼ਮਾਨਤਾਂ ਜ਼ਬਤ ਕਰ ਲਈਆਂ ਜਾਂਦੀਆਂ ਸਨ । ਜਿਸ ਕਰਕੇ ਅਖ਼ਬਾਰ ਦਾ ਨਾਂਅ ਵਾਰ ਵਾਰ ਬਦਲਣਾ ਪੈਂਦਾ ਸੀ ।

ਇਧਰ ਉੱਘੇ ਗ਼ਦਰੀ ਭਾਈ ਪਿਆਰਾ ਸਿੰਘ ਲੰਗੇਰੀ ਤੇ ਭਾਈ ਭਾਗ ਸਿੰਘ ਕੈਨੇਡੀਅਨ 1920 ਵਿੱਚ ਜੇਲ੍ਹਾਂ ਤੋਂ ਰਿਹਾਅ ਹੋ ਗਏ ਸਨ । ਭਾਈ ਪਿਆਰਾ ਸਿੰਘ ਲੰਗੇਰੀ ਨੂੰ ਸਿੱਖ ਲੀਗ ਅਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਲਿਆ ਗਿਆ ਸੀ । ਭਾਈ ਪਿਆਰਾ ਸਿੰਘ ਲੰਗੇਰੀ ਅਤੇ ਭਾਈ ਭਾਗ ਸਿੰਘ ਕਨੇਡੀਅਨ ਹੁਰਾਂ ਵੱਲੋਂ ਹੋਰਨਾਂ ਗਦਰੀਆਂ ਨਾਲ ਮਿਲਕੇ ‘ਅਮਰੀਕਨ-ਕੈਨੇਡੀਅਨ ਸੁਸਾਇਟੀ, ਬਣਾਈ ਗਈ । ਇਸ ਸੁਸਾਇਟੀ ਦੀ ਸਹਾਇਤਾ ਨਾਲ ਉਹਨਾਂ ਵੱਲੋਂ ਅਕਤੂਬਰ 1922 ‘ਚ ਸ੍ਰੀ ਅੰਮ੍ਰਿਤਸਰ ਤੋਂ ‘ਪਰਦੇਸੀ ਖਾਲਸਾਂ ਅਖ਼ਬਾਰ ਕੱਢਿਆ ਗਿਆ ਜਿਸ ਦੇ ਸੰਪਾਦਕ ਮਾਸਟਰ ਤਾਰਾ ਸਿੰਘ ਨੂੰ ਬਣਾਇਆ ਗਿਆ। ‘ਅਕਾਲੀ’ ਅਤੇ “ਪਰਦੇਸੀ ਖਾਲਸਾ ਦੀ ਸਿਧਾਤਕ ਤੇ ਸਿਆਸੀ ਸੁਰ ਰਲਦੀ ਹੋਣ ਕਾਰਨ ਅਤੇ ‘ਅਕਾਲੀਂ ਉਤੇ ਅੰਗਰੇਜ਼ ਸਰਕਾਰ ਦੇ ਲਗਾਤਰ ਹੋ ਰਹੇ ਜਬਰ ਨੂੰ ਮੁੱਖ ਰੱਖਦਿਆਂ, ਦੋਵਾਂ ਅਖਬਾਰਾਂ ਦੇ ਪ੍ਰਬੰਧਕਾਂ ਵਲੋਂ ਦੋਵਾਂ ਅਖ਼ਬਾਰਾਂ ਨੂੰ ਇੱਕ ਕਰਕੇ “ਅਕਾਲੀ ਤੇ ਪਰਦੇਸੀ’ ਅਖ਼ਬਾਰ ਕੱਢਣਾ ਜਾਰੀ ਰੱਖਿਆ ਗਿਆ । ਇਹ ਅਖ਼ਬਾਰ ਵੀ ਸਿੱਖ ਪੰਥ ਦੀ ਮੁੱਖ ਧਾਰਾ ਦਾ ਤਰਜਮਾਨ ਬਣ ਗਿਆ ! ‘ਨਨਕਾਣਾ ਸਾਹਿਬ ਦਾ ਸਾਕਾ ‘ਜੈਤੋਂ ਦਾ ਮੋਰਚਾ, ‘ਗੁਰੂ ਕੇ ਬਾਗ ਦਾ ਮੋਰਚਾਂ ਆਦਿ ਸਿੱਖ ਸੰਘਰਸ਼ਾਂ ਵਿਚ ਇਸ ਅਖ਼ਬਾਰ ਵੱਲੋਂ ਮੋਹਰੀ ਰੋਲ ਨਿਭਾਇਆ ਗਿਆ ।

ਸੋ ਆਪਣੇ ਸਮੇਂ ‘ਚ ਧਾਰਮਿਕ ਅਤੇ ਸਿਆਸੀ ਖੇਤਰ ਦਾ ਜੁਝਾਰੂ ਅਖ਼ਬਾਰ ਹੋਣ ਕਰਕੇ ‘ਅਕਾਲੀ ਤੇ ਪਰਦੇਸੀਂ ਅਖ਼ਬਾਰ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਦੀ ਸਵੈ- ਜੀਵਨੀ ਛਾਪਣ ਦੀ ਜੁਰੁਅੱਤ ਕੀਤੀ ਗਈ ਸੀ । ਪੰਜਾਬ ਦੀਆਂ ਗ਼ੈਰ –ਸਿੱਖ ਧਾਰਮਕ ਤੇ ਸਿਆਸੀ ਜਥੇਬੰਦੀਆਂ ਵੱਲੋਂ ਉਸ ਵਕਤ ਲਾਹੌਰ ਤੋਂ ਬਹੁਤ ਸਾਰੇ ਪੱਤਰ ਕੱਢੇ ਜਾਂਦੇ ਸਨ ਪਰ ਉਹਨਾਂ ਵਲੋਂ ਬਾਬਾ ਜੀ ਦੀ ਇਹ ਲਿਖਤ ਛਾਪੀ ਹੀ ਨਹੀਂ ਜਾਣੀ ਸੀ ਕਿਉਕਿ ਉਹਨਾਂ ਵੱਲੋਂ ਗ਼ਦਰ ਲਹਿਰ ਨੂੰ ਤਹਿ ਦਿਲੋਂ ਪ੍ਰਵਾਨ ਹੀ ਨਹੀਂ ਕੀਤਾ ਗਿਆ ਸੀ, ਜਦ ਕਿ ਸਿੱਖ ਪੰਥ ਦੀ ਮੁੱਖ ਧਾਰਾ ਨੇ ਇਸ ਲਹਿਰ ਨੂੰ ਪੂਰਨ ਸੁਹਿਰਦਤਾ ਤੇ ਦਿਲੀ ਜਜ਼ਬੇ ਨਾਲ ਪ੍ਰਵਾਨ ਕੀਤਾ ਹੋਇਆ ਸੀ ।

ਜਦ ‘ਅਕਾਲੀ ਤੇ ਪਰਦੇਸੀਂ ਵਿੱਚ ਬਾਬਾ ਸੋਹਣ ਸਿੰਘ ਭਕਨਾ ਦੀ ‘ਮੇਰੀ ਰਾਮ ਕਹਾਣੀਂ ਛਪਣੀ ਸ਼ੁਰੂ ਹੋਈ ਤਾਂ ਇਸ ਨਾਲ ਅਖ਼ਬਾਰ ਦੀ ਵਿਕਰੀ ਬਹੁਤ ਵਧ ਗਈ ਸੀ । ਇਸ ਲਿਖਤ ਦੇ ਲਿਖੇ ਜਾਣ ਵੇਲੇ ਬਾਬਾ ਸੋਹਣ ਸਿੰਘ ਭਕਨਾ ਲਾਹੌਰ ਜੇਲ੍ਹ ਵਿੱਚ ਬੰਦ ਸਨ, ਇਸ ਕਾਰਨ ਉਹਨਾਂ ਕੋਲ ਅੰਦਰ ਕੋਈ ਲਿਖਤੀ ਸਰੋਤ ਤਾਂ ਨਹੀਂ ਸਨ । ਸੋ ਬਾਬਾ ਜੀ ਨੇ ਜੋ ਵੀ ਲਿਖਿਆ ਉਹ ਆਪਣੀ ਯਾਦਦਾਸ਼ਤ ਦੇ ਅਧਾਰ ਤੇ ਲਿਖਿਆ ਹੈ।ਪਰ ਜੇਲ੍ਹ ਜੀਵਨ ਦਾ ਦਬਾਓ ਹੋਣ ਕਾਰਨ ਇਹ ਸੰਖੇਪ ਹੀ ਲਿਖਿਆ ਜਾ ਸਕਦਾ ਸੀ ਜਾਂ ਸਮੇਂ ਸਮੇਂ ਜੋ ਵੀ ਯਾਦ ਆਇਆ ਉਹ ਉਸੇ ਤਰ੍ਹਾਂ ਲਿਖ ਦਿੱਤਾ ਗਿਆ । ਪਰ ਫਿਰ ਵੀ ਇਸ ਲਿਖਤ ਰਾਹੀਂ ਗ਼ਦਰ ਲਹਿਰ ਦੇ ਵੱਖ-ਵੱਖ ਪੱਖਾਂ ‘ਤੇ ਨਵਾਂ ਪ੍ਰਕਾਸ਼ ਪੈਂਦਾ ਹ । ਇਸ ਲਿਖਤ ਤੋਂ ਪਤਾ ਲਗਦਾ ਹੈ ਅਮਰੀਕਾ ਵਿੱਚ ਭਾਰਤ ਤੇ ਗਏ ਪੜ੍ਹੇ ਲਿਖੇ ਭਾਰਤੀਆਂ , ਭਾਵ ਸ਼ਹਿਰੀ ਬਾਬੂਆਂ ਵੱਲੋਂ ਕਿਵੇ, ਪੰਜਾਬ ਤੋਂ ਗਏ ਭੋਲੇ ਭਾਲੇ ਪੇਂਡੂ ਲੋਕਾਂ ਨਾਲ ਧੋਖੇਬਾਜ਼ੀਆਂ ਕੀਤੀਆਂ ਜਾਂਦੀਆਂ ਸਨ ਤੇ ਉਹਨਾਂ ਦੀ ਸਾਦਗੀ ਤੇ ਸੁਹਿਰਦਤਾ ਦਾ ਨਜਾਇਜ਼ ਲਾਭ ਉਠਾਇਆ ਜਾਂਦਾ ਸੀ। ਜਿਸ ਕਰਕੇ ਉਹਨਾਂ ਸਿੱਧੇ ਸਾਦੇ ਪੇਂਡੂ ਲੋਕਾਂ ਵਿੱਚ ਇਹ ‘ਸ਼ਹਿਰੀ ਬਾਬੂ’ ਲੋਕ ਆਪਣਾ ਵਿਸ਼ਵਾਸ ਤੇ ਪੜਤ ਗੁਆਚੁੱਕੇ ਸਨ ।

ਇਹਨਾਂ ਸ਼ਹਿਰੀ ਬਾਬੂਆਂ ਵਿੱਚ ਜ਼ਿਆਦਾਤਰ ਹਿੰਦੂ ਤੇ ਬੰਗਾਲੀ ਬਾਬੂ ਸਨ। ਬਾਬਾ ਜੀ ਦੀ ਲਿਖਤ ਵਿਚੋਂ ਗ਼ਦਰ ਲਹਿਰ ਵਿਚ ਸ਼ਾਮਲ ਹੋਏ ਅਜਿਹੇ ਤੱਤਾਂ ਦਾ ਵੱਖਰਾ ਹੀ ਕਿਰਦਾਰ ਉੱਭਰਕੇ ਸਾਹਮਣੇ ਆਉਦਾ ਹੈ, ਕਿ ਕਿਵੇਂ ਇਹ ਲੋਕ ਆਪਣੇ ਸੁਆਰਥਾਂ ਲਈ ਲਹਿਰ ਵਿੱਚ ਸ਼ਾਮਲ ਹੋਏ ਸਨ, ਜਿੰਨਾਂ ਵਿੱਚ ਬਾਬੂ ਤਾਰਕਨਾਥ ਦਾਸ, ਜੀ ਡੀ ਕੁਮਾਰ, ਲਾਲਾ ਠਾਕੁਰ ਦਾਸ ਧੂਰੀ, ਭਾਈ ਪਰਮ ‘ਨੰਦ (ਲਾਹੌਰੀ ਤੇ ਰਾਮਚੰਦਰ ਆਦਿ ਉਭਰਵੇਂ ਨਾ ਸ਼ਾਮਲ ਹਨ ।

ਗ਼ਦਰ ਲਹਿਰ ਦੇ ਬਹੁਤੇ ਇਤਿਹਾਸਕਾਰਾਂ ਵਲੋਂ ਗ਼ਦਰ ਲਹਿਰ ਨੂੰ ਸਿਰਫ਼ ਲਾਲਾ ਹਰਦਿਆਲ ਨਾਲ ਹੀ ਜੋੜ ਦਿੱਤਾ ਗਿਆ ਹੈ ਤੇ ਇਹ ਤੱਥ ਵੀ ਪ੍ਰਚਲਤ ਕਰ ਦਿੱਤਾ ਗਿਆ ਹੈ ਕਿ ਗ਼ਦਰ ਅਖ਼ਬਾਰ ਕੱਢਣ ਦੀ ਤਜਵੀਜ਼ ਲਾਲਾ ਹਰਦਿਆਲ ਦੀ ਹੀ ਸੀ । ਪਰ ਬਾਬਾ ਸੋਹਣ ਸਿੰਘ ਭਕਨਾ ਦੀ ਲਿਖਤ ਵਿਚੋਂ ਲਾਲਾ ਹਰਦਿਆਲ ਦਾ ਵੱਖਰਾ ਹੀ ਕਿਰਦਾਰ ਉਘੜਕੇ ਸਾਹਮਣੇ ਆਉਦਾ ਹੈ। ਲਿਖਤ ਤੋਂ ਪਤਾ ਲੱਗਦਾ ਹੈ ਕਿ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਵੱਲੋਂ ਪਹਿਲਾਂ ਹਿੰਦੀ ਐਸੋਸੀਏਸ਼ਨ ਬਣਾ ਲਈ ਗਈ ਸੀ, ਲੋਕਾਂ ਨੂੰ ਜਥੇਬੰਦ ਤੇ ਜਾਗਰੂਕ ਕਰਨ ਵਿੱਚ ਆ ਰਹੀਆਂ ਔਕੜਾਂ ਨੂੰ ਭਾਂਪ ਕੇ ਬਾਬਾ ਸੋਹਣ ਸਿੰਘ ਭਕਨਾ ਅਖ਼ਬਾਰ ਦੀ ਲੋੜ ਮਹਿਸੂਸ ਕਰਦੇ ਸਨ । ਇਕ ਦਿਨ ਉਹਨਾਂ ਨੇ ਇਹੋ ਤਜ਼ਵੀਜ ਪੰਡਤ ਕਾਸ਼ੀ ਰਾਮ ਕੋਲ ਰੱਖੀ ਸੀ ਤੇ ਅਖ਼ਬਾਰ ਕੱਢਣ ਵਾਲੇ ਕਿਸੇ ਪੜ੍ਹੇ ਲਿਖੇ ਯੋਗ ਵਿਦਵਾਨ ਦੀ ਦੱਸ ਪਾਉਣ ਲਈ ਕਿਹਾ ਸੀ। ਉਥੇ ਮੌਜੂਦ ਲਾਲਾ ਠਾਕੁਰ ਦਾਸ ਵਲੋਂ ਲਾਲਾ ਹਰਦਿਆਲ ਦੀ ਦੱਸ ਪਾਈ ਗਈ ਸੀ, ਜੋ ਉਹਨੀਂ ਦਿਨੀਂ ਸਾਨਫਰਾਂਸਿਸਕੋ ਵਿੱਚ ਰਹਿੰਦਾ ਸੀ। ਬਾਬਾ ਜੀ ਹੋਰਾਂ ਵੱਲੋਂ ਹਰਦਿਆਲ ਨਾਲ ਤੁਰੰਤ ਤਾਲਮੇਲ ਕੀਤਾ ਗਿਆ ਪਰ ਉਹ ਕੰਮ ਕਰਨ ਲਈ ਹਾਂ ਕਹਿਕੇ ਲਗਾਤਾਰ-ਕਈ ਮਹੀਨੇ ਟਾਲਾਂ ਮਟੋਲ ਕਰਦਾ ਰਿਹਾ ਸੀ ਤੇ ਅਖੀਰ ਬਾਬਾ ਜੀ ਵਲੋਂ ਤਾਅਨੇ ਮਾਰਨ ਕਰਕੇ ਹੀ ਉਹ ‘ਗ਼ਦਰ ਅਖ਼ਬਾਰ ਕੱਢਣ ਲਈ ਰਾਜ਼ੀ ਹੋਇਆ ਸੀ।ਬਾਬਾ ਸੋਹਣ ਸਿੰਘ ਭਕਨਾ ਨੇ ਹਰਦਿਆਲ ਨਾਲ ਥੋੜੇ ਜਿਹੇ ਮਹੀਨੇ ਕੰਮ ਕਰਨ ਨਾਲ ਹੀ ਦੇਖ ਲਿਆ ਸੀ ਕਿ ਉਸ ਵਿਚ ਤਿਆਗ ਤਾਂ ਸੀ ਪਰ ਇੱਕ ਸਿਆਸੀ ਲੀਡਰ ਵਿਚ ਜਿਸ ਤਰ੍ਹਾਂ ਜਥੇਬੰਦਕ ਗੁਣਾ ਯੋਗਤਾ, ਦ੍ਰਿੜ੍ਹਤਾ, ਦਲੇਰੀ, ਵਿਚਾਰਾਂ ਦੀ ਪਰਪੱਕਤਾ, ਸਪਸ਼ਟਤਾ, ਤੇ ਆਪਣੇ ਸਟੈਂਡ ‘ਤੇ ਪੈਰ ਗੱਡ ਕੇ ਖੜ੍ਹੇ ਹੋਣ ਦੀ ਜੁਰਅੱਤ ਹੋਣੀ ਚਾਹੀਦੀ ਹੈ, ਇਹਨਾਂ ਗੁਣਾਂ ਦਾ ਹਰਦਿਆਲ ਵਿਚ ਵੱਡਾ ਘਾਟਾ ਸੀ । ਲਾਲਾ ਹਰਦਿਆਲ ਨੇ ਲਹਿਰ ਵਿਚ ਸਿਰਫ਼ ਸਾਢੇ ਕ ਚਾਰ ਮਹੀਨੇ ਹੀ ਕੰਮ ਕੀਤਾ ਸੀ ਤੇ ਉਹ ਇੱਕ ਕੇਸ ਪੈਣ ਦੇ ਡਰੇਂ ਅਮਰੀਕਾ ਤੋਂ ਬਾਹਰ ਖਿਸਕ ਗਿਆ ਸੀ ।

ਬਾਬਾ ਸੋਹਣ ਸਿੰਘ ਭਕਨਾ ਦੀ ਲਿਖਤ ਵਿੱਚੋਂ ਮੁਸਲਮਾਨ ਭਾਈਚਾਰੇ ਬਾਰੇ ਇੱਕ ਅਹਿਮ ਤੱਥ ਉਭਰਕੇ ਸਾਹਮਣੇ ਆਉਦਾ ਹੈ ਕਿ ਲਗਭਗ ਸਮੁੱਚਾ ਮੁਸਲਮਾਨ ਭਾਈਚਾਰਾ ਹੀ ਗ਼ਦਰ ਲਹਿਰ ਤੋਂ ਬੇਮੁੱਖ ਰਿਹਾ ਸੀ, ਬਾਬਾ ਜੀ ਮੁਤਾਬਿਕ ਸਿਰਫ ਇਕੱਲਾ ਨਵਾਬ ਖ਼ਾਨ ਹੀ ਲਹਿਰ ਵਿਚ ਸ਼ਾਮਲ ਹੋਇਆ ਸੀ ਜੋ ਪਿਛੋਂ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ । (ਬਾਬਾ ਜੀ ਦੀ ਗ਼ਦਰ ਪਾਰਟੀ ਵਿਚ ਸਿਰਫ ਇਕੋ ਮੁਸਲਮਾਨ ਦੇ ਭਰਤੀ ਹੋਣ ਦੀ ਗੱਲ ਭਾਵੇਂ ਤੱਥ ਦੇ ਤੌਰ ‘ਤੇ ਪੂਰੀ ਸਹੀ ਨਹੀਂ ਕਹੀ ਜਾ ਸਕਦੀ, ਕਿਉਕਿ ਇਤਿਹਾਸ ਵਿਚ ਕੁੱਝ ਕੁ ਹੋਰ ਮੁਸਲਮਾਨ ਗ਼ਦਰੀਆਂ ਦੇ ਨਾਂ ਵੀ ਆਉਦੇ ਹਨ । ਪਰ ਫਿਰ ਵੀ ਗਦਰ ਲਹਿਰ ਵਿਚ ਮੁਸਲਮਾਨਾਂ ਦੀ ਸੰਖਿਆ ਨਾਂਹ ਬਰਾਬਰ ਹੀ ਸੀ) ਬਾਬਾ ਭਕਨਾ ਇਸ ਦਾ ਕਾਰਨ ਮੁਸਲਮਾਨਾਂ ਦੀ ਲਾਲਾ ਹਰਦਿਆਲ ਨਾਲ ਨਰਾਜ਼ਗੀ ਨੂੰ ਟਿੱਕਦੇ ਹਨ, ਕਿ ਉਸ ਨੇ ਬਾਬਾ ਜਵਾਲਾ ਸਿੰਘ ਵੱਲੋਂ ਜਾਰੀ ਕੀਤੇ ਗਏ ਵਜ਼ੀਫ਼ਿਆਂ ਦੀ ਚੋਣ ਮੌਕੇ ਇਕ ਮੁਸਲਮਾਨ ਵਿਦਿਆਰਥੀ ਨਾਲ ਦੁਰੈਤ ਕਰਕੇ ਇੱਕ ਹਿੰਦੂ ਵਿਦਿਆਰਥੀ ਦੀ ਨਹੱਕੀ ਚੋਣ ਕਰ ਲਈ ਸੀ । ਆਪਣੀ ਥਾਵੇਂ ਇਹ ਤੱਥ ਪੂਰਾ ਸਹੀ ਹੋ ਸਕਦਾ ਹੈ । ਪਰ ਮੁਸਲਿਮ ਭਾਈਚਾਰੇ ਦੀ ਗ਼ਦਰ ਲਹਿਰ ਤੋਂ ਬੇਮੁਖ ਹੋ ਜਾਣ ਦੀ ਇਹੀ ਇਕਮਾਤਰ ਵਜ੍ਹਾ ਨਹੀਂ ਸੀ । ਇਸ ਮਸਲੇ ਨੂੰ ਇਕ ਅਹਿਮ ਸਿਧਾਂਤਕ ਦ੍ਰਿਸ਼ਟੀਕੋਣ ਤੋਂ ਦੇਖਣ ਤੇ ਪੜਤਾਲਣ ਦੀ ਜ਼ਰੂਰਤ ਹੈ । ਗ਼ਦਰ ਲਹਿਰ ਵੱਲੋਂ ਪ੍ਰਵਾਨ ਕੀਤੇ ਤੇ ਪਰਚਾਰੇ ਗਏ ਪਾਰਟੀ ਦੇ ਨਾਅਰੇ (Slogans) , ਚਿੰਨ੍ਹ (Symbols ਤੋਂ ਸੰਕਲਪ (Concept) , ਜੋ ਲਾਲਾ ਹਰਦਿਆਲ ਦੁਆਰਾ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਕੋਲੋਂ ਗ੍ਰਹਿਣ ਕੀਤੇ ਗਏ ਸਨ, ਜ਼ਾਹਰਾ ਤੌਰ ‘ਤੇ ਹਿੰਦੂਵਾਦੀ ਰੰਗਤ ਵਾਲੇ ਸਨ।

ਗ਼ਦਰ ਪਾਰਟੀ ਦਾ ਮੁੱਖ ਨਾਅਰਾ ‘ਬੰਦੇ ਮਾਤਰਮ ਸੀ, ਹੈੱਡ ਕੁਆਟਰ ਦਾ ਨਾਂਅ ‘ਯੁਗਾਂਤਰ ਆਸ਼ਰਮ ਸੀ ਅਤੇ ਭਾਰਤ ਦੇਸ ਲਈ ‘ਭਾਰਤ ਮਾਤਾਂ ਦਾ ਪ੍ਰਤੀਕ ਇਸਤੇਮਾਲ ਕੀਤਾ ਜਾਂਦਾ ਸੀ । ‘ਬੰਦੇ ਮਾਤਰਮ” ਬਾਬੂ ਬੰਕਿਮ ਚੰਦਰ ਚੈਟਰਜੀ ਦੇ ਨਾਵਲ ‘ਅਨੰਦ ਮੱਠੰ ਦੇ ਨਾਵੱਲ ਵਿਚੋਂ ਲਿਆ ਗਿਆ ਸੀ ਅਤੇ ਉਹਨਾਂ ਸਮਿਆਂ ਵਿਚ ਇਸ ਨਾਹਰੇ ਦੀ ਵਰਤੋਂ ਬੰਗਾਲ ਅੰਦਰ ਹਿੰਦੂਆਂ ਵਲੋਂ ਮੁਸਲਮਾਨ ਭਾਈਚਾਰੇ ਨੂੰ ਚਿੜਾਉਣ ਅਤੇ ਉਹਨਾਂ ਦੀ ਤੌਹੀਨ ਕਰਨ ਲਈ ਆਮ ਕੀਤੀ ਜਾਂਦੀ ਸੀ । ਨਾਵਲ ਵਿੱਚ ਵੀ ਮੁਸਲਮਾਨ ਭਾਈਚਾਰੇ ਪ੍ਰਤੀ ਘੋਰ ਨਫ਼ਰਤ ਦਾ ਪ੍ਰਚਾਰ ਕੀਤਾ ਗਿਆ ਸੀ । ‘ਯੁਗਾਂਤਰ ਵੀ ਬੰਗਾਲੀ ਬਾਬੂ ਆਰਵਿੰਦੋ ਘੋਸ਼ ਵਲੋਂ ਕੱਢੇ ਜਾਂਦੇ ਪਰਚੇ ਦਾ ਨਾਂਅ ਸੀ ਜਿਸ ਦਾ ਮਨੋਰਥ ਹਿੰਦੁਸਤਾਨ ਵਿਚ ਨਿਰੋਲ ਹਿੰਦੁਸਤਾਨੀ ਕੌਮ ਦੀ ਸਿਰਜਣਾ ਅਤੇ ਹਿੰਦੂ ਗੌਰਵ ਨੂੰ ਮੁੜ ਬਹਾਲ ਕਰਨਾ ਸੀ ।ਭਾਰਤ ਮਾਤਾ, ਦਾ ਸੰਕਲਪ ਵੀ ਦੇਵੀ ਪੂਜ ਹਿੰਦੂ ਬਿਰਤੀ ਤੇ ਪ੍ਰੰਪਰਾ ਦੀ ਤਰਜਮਾਨੀ ਕਰਦਾ ਹੈ।

ਇਸ ਕਰਕੇ ਇਹ ਬੁੱਤ ਪ੍ਰਸਤ ਹਿੰਦੂ ਸਮਾਜ ਲਈ ਤਾਂ ਪਵਿੱਤਰ ਹੈ ਸਕਦਾ ਹੈ, ਪਰ ਖ਼ੁਦਾ- ਪ੍ਰਸਤ ਮੁਸਲਿਮ ਭਾਈਚਾਰਾ ਇਸ ਹਿੰਦੂ ਸੰਕਲਪ ਦਾ ਧਾਰਨੀ ਕਦਾਚਿਤ ਨਹੀਂ ਹੈ ਸਕਦਾ । ਸੋ ਲਾਲਾ ਹਰਦਿਆਲ ਵੱਲੋਂ ਤੈਅ ਕੀਤੇ ਗਏ ਇਹ ਹਿੰਦੂ ਰੰਗਤ ਵਾਲੇ ਨਾਅਰੇ ਤੇ ਸੰਕਲਪ ਮੁਸਲਮਾਨ ਭਾਈਚਾਰਾ ਕਿਵੇਂ ਪ੍ਰਵਾਨ ਕਰ ਸਕਦਾ ਸੀ ? ਗ਼ਦਰੀ ਸਿੱਖਾਂ ਨੇ ਇਹ ਨਾਅਰੇ ਤੇ ਸੰਕਲਪ ਕਿਹੜੇ ਹਾਲਾਤਾਂ ਤੇ ਕਾਰਨਾਂ ਅਧੀਨ ਪ੍ਰਵਾਨ ਕਰ ਲਏ ਸਨ ਅਤੇ ਇਹਨਾਂ ਸਦਕਾ ਲਹਿਰ ਅੰਦਰ ਕਿਹੋ ਜਿਹੇ ਸਿਧਾਂਤਕ ਵੱਜ ਪਏ, ਇਹ ਇਕ ਡੂੰਘੇ ਵਿਸ਼ਲੇਸ਼ਣ ਦਾ ਮਸਲਾ ਹੈ, ਜਿਸ ਬਾਰੇ ਮੇਰੀ ਆਉਣ ਵਾਲੀ ਪੁਸਤਕ ‘ਗ਼ਦਰ ਲਹਿਰ ਦੀ ਅਸਲੀ ਗਾਥਾ, ਦੀ ਤੀਜੀ ਜਿਲਦ ਵਿਚ ਵਿਸਥਾਰ ਸਹਿਤ ਚਰਚਾ ਕੀਤੀ ਜਾਵੇਗੀ ।ਇਕ ਗੱਲ ਪ੍ਰਤੱਖ ਹੈ ਕਿ ਗ਼ਦਰੀ ਦੇਸ਼ਭਗਤਾਂ ਨੇ, ਉਹ ਸਿੱਖ ਸਨ ਜਾਂ ਹਿੰਦੂ, ਵੇਲੇ ਦੀ ਭਾਰੂ ਵਿਚਾਰਧਾਰਾ ਦਾ ਅਲੱਗ ਅਲੱਗ ਦਰਜੇ ਤਕ ਅਸਰ ਕਬੂਲਿਆ ਹੋਇਆ ਸੀ । ਇਸ ਦੇ ਝਲਕਾਰੇ ਬਾਬਾ ਸੋਹਨ ਸਿੰਘ ਭਕਨਾ ਦੀ ਹਥਲੀ ਲਿਖਤ ਵਿਚੋਂ ਵੀ ਮਿਲ ਜਾਂਦੇ ਹਨ ।
ਬਾਬਾ ਜੀ ਦੀ ਇਸ ਲਿਖਤ ਵਿਚੋਂ ਇਹ ਗੱਲ ਸਪਸ਼ਟਉਭਰਕੇ ਸਾਹਮਣੇ ਆਉਦੀ ਹੈ ਕਿ ਉਹਨਾਂ ਦਾ ਪਰਿਵਾਰ ਪੂਰੀ ਤਰ੍ਹਾਂ ਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਪਰ ਬਾਬਾ ਭਕਨਾ ਅੱਲੜ੍ਹ ਉਮਰੇ ਮਾੜੀ ਸੰਗਤ ਕਾਰਨ ਇਸ ਰਾਹ ਤੋਂ ਭਟਕ ਗਏ ਸਨ ਤੇ ਇਕ ਮਹਾਂਪੁਰਖ ਬਾਬਾ ਕੇਸਰ ਸਿੰਘ ਦੀ ਸੰਗਤ ਨੇ ਉਹਨਾਂ ਦੇ ਜੀਵਨ ਦਾ ਮੁੜ ਕਾਇਅ ਾਕਲਪ ਕਰਕੇ ਉਹਨਾਂ ਨੂੰ ਸਿੱਖੀ ਦਾ ਗਾਡੀ ਰਾਹ ਦਿਖਾਇਆ ਸੀ, ਜਿਸ ਉਪਰ ਚੱਲਦਿਆਂ ਪਰਉਪਕਾਰ ਉਹਨਾਂ ਦੇ ਜੀਵਨ ਦਾ ਮੁੱਖ ਮਿਸ਼ਨ ਬਣ ਗਿਆ ਸੀ ।

‘ਸਿੱਖੀ ਸਪਿਰਟ ਨੇ ਹੀ ਉਹਨਾਂ. ਨੂੰ ਅਮਰੀਕਾ ਦੀ ਧਰਤੀ ਤੇ ਜਾ ਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਸੀ ਜਿਸ ਕਾਰਨ ਉਹ ਆਪਣੇ ਦੇਸ਼ ਨੂੰ ਅੰਗਰੇਜ਼ ਬਸਤੀਵਾਦੀਆਂ ਕੋਲੋਂ ਮੁਕਤ ਕਰਵਾਉਣ ਲਈ ਜਾਨ ਤਲੀ ਤੇ ਰੱਖ ਕੇ ਤੁਰ ਪਏ ਹਨ।ਬਾਬਾ ਸੋਹਣ ਸਿੰਘ ਭਕਨਾ ਆਪਣੀ ਲਿਖਤ ਵਿਚ ਦੱਸਦੇ ਹਨ ਕਿ ਕੈਨੇਡਾ, ਅਮਰੀਕਾ ਦੀਆਂ ਧਰਤੀਆਂ, ਅਤੇ ਹਾਂਗਕਾਂਗ 7 ਸਿੰਘਾਪੁਰ, ਪੀਨਾਂਗ, ਤੇ ਮਨੀਲਾ ਆਦਿ ਟਾਪੂਆਂ ‘ਤੇ ਗਏ ਸਿੱਖਾਂ ਵੱਲੋਂ ਅਤਿ ਦੀਆਂ ਕਠਨ ਹਾਲਤਾਂ ਦੇ ਬਾਵਜੂਦ ਵੀ ਆਪਣੇ ਗੁਰਦੁਆਰੇ ਉਸਾਰੇ ਗਏ ਸਨ । ਇਹਨਾਂ ਗੁਰੂ ਘਰਾਂ ਵੱਲੋਂ ਜਿਥੇ ਬਾਹਰ ਜਾਣ ਵਾਲੇ ਮੁਸਾਫਰਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਮੁਹੱਈਆ ਕਰਵਾਈ ਜਾਂਦੀ ਸੀ, ਉਥੇ ਉਹਨਾਂ ਦੇ ਸਿੱਖੀ ਸਰੂਪ ਅਤੇ ਆਚਰਣ ਨੂੰ ਵੀ ਸਹੀ ਸਲਾਮਤ ਰੱਖਣ ਵਿਚ ਸਹਾਇਤਾ ਕੀਤੀ ਗਈ ਸੀ। ਇਸ ਤੋਂ ਇਲਾਵਾ ਉਹਨਾਂ ਦੇ ਮਨਾਂ ਵਿਚ ਰਾਜਸੀ ਚੇਤਨਾ ਦਾ ਬੀਅ ਬੀਜਿਆ ਗਿਆ ਸੀ ਜੋ ਬਾਅਦ ਵਿੱਚ ਗ਼ਦਰ ਲਹਿਰ ਦਾ ਬੂਟਾ ਬਣ ਗਿਆ ਸੀ । ਇਸ ਤੱਥ ਨੂੰ ਕੋਈ ਨਹੀਂ ਝੁਠਲਾ ਸਕਦਾ ਕਿ ਗ਼ਦਰ ਲਹਿਰ ਦੇ ਸਮੁੱਚੇ ਇਤਿਹਾਸ ਅੰਦਰ ਇਹਨਾਂ ਗੁਰਦੁਆਰਿਆਂ ਵਲੋਂ ਕੇਂਦਰੀ ਭੂਮਿਕਾ ਨਿਭਾਈ ਗਈ ਹੈ । ਬਾਬਾ ਭਕਨਾ ਜੀ ਖੁਦ ਆਖਦੇ ਹਨ ਕਿ ਕੈਨੇਡਾ ਵਿਚ ਅਸ਼ੂਰੀਕਾ ਨਾਲੋਂ ਪਹਿਲਾਂ ਰਾਜਸੀ ਚੇਤਨਾ ਵਿਕਸਤ ਹੈ ਕੇ ਜਥੇਬੰਦੀ ਇਸ ਕਰਕੇ ਬਣ ਗਈ ਸੀ ਕਿਉਕਿ ਕੈਨੇਡਾ ਦੇ ਸਿੱਖਾਂ ਵੱਲੋਂ, ਗੁਰਦੁਆਰਾ ਪਹਿਲਾਂ ਬਣਾ ਲਿਆ ਗਿਆ ਸੀ । ਗ਼ਦਰ ਲਹਿਰ ਵਿੱਚ ਇਹਨਾਂ ਗੁਰਦੁਆਰਿਆਂ ਦੇ ਗ੍ਰੰਥੀਆਂ ਵੱਲੋਂ ਵੀ ਮਹੱਤਵਪੂਰਨ ਰੋਲ ਨਿਭਾਇਆ ਗਿਆ। ਬਾਬਾ ਭਕਨਾ ਜੀ ਦੇ ਗ੍ਰੰਥੀਆਂ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ (ਕੈਨੇਡਾ) ਅਤੇ ਗ੍ਰੰਥੀ ਪ੍ਰੇਮ ਸਿੰਘ ਪੀਨਾਂਗਾ, ਦਾ ਜ਼ਿਕਰ ਬੜੇ ਸਤਿਕਾਰ ਨਾਲ ਕਰਦੇ ਹਨ ।

ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਤਾਂ ਗਦਰ ਲਹਿਰ ਵਿੱਚ ਸ਼ਹੀਦੀ ਪਾਈ ਸੀ।ਬਾਬਾ ਭਕਨਾ ਜੀ ਸਤਿਕਾਰ ਨਾਲ ਉਹਨਾਂ ਨੂੰ ਸ਼ਹੀਦਾਂ ਦੇ ਤਾਰਾ ਮੰਡਲ ਦਾ ਚੰਦ ਆਖਦੇ ਹਨ । ਇਹਨਾਂ ਸਮੇਤ ਗ਼ਦਰ ਲਹਿਰ ਵਿਚ ਦੇ ਦਰਜਨ ਦੇ ਲਗਭਗ ਗ੍ਰੰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ । ਜਿਹਨਾਂ ਯ ਕਈ ਫਾਂਸੀਆਂ ਲੱਗੇ ਹਨ ਤੇ ਬਹੁਤਿਆਂ ਨੇ ਜਾਇਦਾਦਾਂ ਜਬਤ ਕਰਵਾਕੇ ਉਮਰ ਕੈਦਾਂ ਭੋਗੀਆਂ ਹਨ । ਕੋਈ ਦੇ ਦਰਜਨ ਦੇ ਲਗਭਗ ਗੁਰਦਆਰੇ ਸਨ ਜੋ ਗਦਰ ਲਹਿਰ ਦੇ ਸਰਗਰਮ ਕੇਂਦਰ ਸਨਜਿਨ੍ਹਾਂ ਵਿਚੋਂ ਕਈਆਂ ਦਾ ਜ਼ਿਕਰ ਬਾਬਾ ਭਕਨਾ ਜੀ ਆਪਣੀ ਲਿਖਤ ਵਿੱਚ ਕਰਦੇ ਹਨ ਜਦ 1920 ਤੋਂ ਬਾਅਦ ਖਾਲਸਾ ਪੰਥ ਵੱਲੋਂ ਗੁਰਦੁਆਰੇ ਬ੍ਰਾਹਮਣਵਾਦੀ ਮਹੰਤਾਂ ਦੇ ਕਬਜ਼ੇ ਵਿਚੋਂ ਮੁਕਤ ਕਰਵਾ ਕੇ ਇਹਨਾਂ ਦਾ ਪ੍ਰਬੰਧ ਆਪਣੇ ਹੱਥ ਲੈ ਲਿਆ ਗਿਆ ਸੀ ਤਾਂ ਸਿੱਖ ਪੰਥ ਵਲੋਂ, ਮਹੰਤਸ਼ਾਹੀ ਦੌਰ ਦੀ ਅੰਗਰੇਜ਼ਾਂ? ਭਗਤ ਰੀਤ ਨਾਲੋਂ ਮੁਕੰਮਲ ਤੋੜ-ਵਿਛੋੜਾ ਕਰਦੇ ਹੋਏ, ਇਹਨਾਂ ਫ਼ਾਦਰੀ ਸੂਰਬੀਰਾਂ- ਨੂੰ ਪੂਰੇ ਮਾਣੇ? ਸਤਿਕਾਰ ਨਾਲ ਅਪਣਾ- ਲਿਆ ਗਿਆ ਸੀ । ਭਾਵੇਂ ਬਾਬਾ ਸੋਹਣ ਸਿੰਘ ਭਕਨਾ ਜੇਲ੍ਹ ਵਿਚ ਸਨ ਪਰ ਉਹ ਖੁਦ ਅੰਦਰੋਂ ਵੀ ਖਾਲਸਾ ਪੰਥ ਨਾਲ ; ਜੁੜੇ ਹੋਏ ਸਨ ਤੇ ਪੰਥ ਵੀ ਉਹਨਾਂ ਨੂੰ ਪੂਰਾ ਸਤਿਕਾਰ ਦੇ ਰਿਹਾ ਸੀ ।

1923-24 ਵਿੱਚ ਜਦੋਂ ਸੰਤ ਬਾਬਾ ਵਸਾਖਾ ਸਿੰਘ ਜੀ ਬਾਬਾ ਸੋਹਣ-ਸਿੰਘ ਭਕਨਾ ਨਾਲ ਕੋਇੰਬਟੂਰ (ਮਦਰਾਸ) ਦੀ ਜੇਲ੍ਹ ਵਿੱਚ ਮੁਲਾਕਾਤ ਕਰਨ ਗਏ ਸਨ ਤਾਂ ਬਾਬਾ ਭਕਨਾ ਜੀ ਨੇ ਬਾਹਰ ਚੱਲ ਰਹੀ ਅਕਾਲੀ ਐਜੀਟੇਸ਼ਨ ਵਿਚ ਸ਼ਮੂਲੀਅਤ ਨਾ ਕਰ ਸਕਣ ਕਰਕੇ ਸੰਤ ਬਾਬਾ ਵਸਾਖਾ ਸਿੰਘ ਨੂੰ ਕਿਹਾ ਸੀ ਕਿੰ ਤੁਸੀਂ ਕਿੱਡੇ ਭਾਗਾਂ ਵਾਲੇ ਹੈਂ ਜੋ ਬਾਹਰ ਅਕਾਲੀ ਐਜੀਟੇਸ਼ਨ ਵਿੱਚ ਸ਼ਮੂਲੀਅਤ- ਕਰ ਰਹੇ ਹੈ ਤੇ ਅਸੀਂ ਕਿੱਡੇ ਅਭਾਗੇ ਹਾਂ ਜੋ ਅੰਦਰ ਬੈਠੇ ਹਾਂ,ਜਦ 1930 ਵਿੱਚ ਬਾਬਾ ਸੋਹਣ ਸਿੰਘ ਭਕਨਾ ਦੀ ਉਮਰ ਕੈਦ ਪੂਰੀ ਹੋਣ ਤੇ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਸੀ ਤਾਂ ਬਾਬਾ ਜੀ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰ ਦਿੱਤੀ ਸੀ । ਸਿਹਤ ਜ਼ਿਆਦਾ ਕਮਜ਼ੋਰ ਹੋਣ ‘ਤੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਲਾਹੌਰ ਦੇ ਮੇਉ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ । ‘ਸਰਕਾਰ ਬਾਬਾ ਭਕਨਾ ਜੀ ਦੀ ਸ਼ਰਤਾਂ ਤਹਿਤ ਰਿਹਾਈ ਕਰਨਾ ਚਾਹੁੰਦੀ ਸੀ ਪਰ ਬਾਬਾ ਜੀ ਇਸ ਤਰ੍ਹਾਂ ਤਿਆਰ ਨਹੀਂ ਸਨ । ਅਖੀਰ ਸਰਕਾਰ ਨੂੰ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਦਾ ਐਲਾਨ ਕਰਨਾ ਪਿਆ । ਪਰ ਫੇਰ ਵੀ ਬਾਬਾ ਸੋਹਣ ਸਿੰਘ ਭਕਨਾ ਨੂੰ ਸਰਕਾਰ ਉਤੇ ਯਕੀਨ ਨਹੀਂ ਆ ਰਿਹਾ ਸੀ ਤੇ ਉਹਨਾਂ ਨੇ ਭੁੱਖ ਹੜਤਾਲ ਜਾਰੀ ਰੱਖੀ ਸੀ । ਅਖੀਰ ਸੰਤ ਬਾਬਾ ਵਸਾਖਾ ਸਿੰਘ, ਖਾਲਸਾ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ, ਸੂ ਅਮਰ ਸਿੰਘ ਸ਼ੱਰੇ ਪੰਜਾਬ ਅਤੇ ਹੋਰ ਆਗੂ ! ਬਾਬਾ ਸੋਹਣ ਸਿੰਘ ਭਕਨਾ ਕੋਲ ਹਸਪਤਾਲ ਵਿੱਚ ਗਏ ਤੇ ਉਹਨਾਂ ਨੂੰ ਆਖਿਆ ਕਿ ਖਾਲਸਾ ਪੰਥ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਤੁਸੀਂ ਆਪਣੀ ਭੁੱਖ ਹੜਤਾਲ ਛੱਡ ਦੇਵੋ ਸਰਕਾਰ ਬਿਨਾਂ ਸ਼ਰਤ ਰਿਹਾਈ ਕਰ ਰਹੀ ਹੈ । ਇਸ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਬਾਬਾ ਜੀ ਨੇ ਭੁੱਖ ਹੜਤਾਲ ਛੱਡ ਦਿੱਤੀ ਸੀ ।

ਜਦ 23 ਜੁਲਾਈ 1930 ਨੂੰ ਲਾਹੌਰ ਜੇਲ੍ਹ ਵਿਚੋਂ ਬਾਬਾ ਸੋਹਣ ਸਿੰਘ ਭਕਨਾ ਦੀ ਰਿਹਾਈ ਹੋਈ ਸੀ ਤਾਂ ਸੰਤ ਬਾਬਾ ਵਸਾਖਾ ਸਿੰਘ ਤੇ ਹੋਰ ਪੰਥਕ ਆਗੂ ਉਹਨਾਂ ਨੂੰ ਸਭ ਤੋਂ ਪਹਿਲਾਂ ਲਾਹੌਰ ਦੇ ਡੇਰਾ ਸਾਹਿਬ ਗੁਰਦੁਆਰੇ ਲੈ ਕੇ ਗਏ ਸਨ ਜਿਥੇ ਗ੍ਰੰਥੀ ਅੱਛਰ ਸਿੰਘ, ਜੋ ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਣੇ ਸਨ, ਨੇ ਸਿਰੋਪਾ ਦੇ ਕੇ ਬਾਬਾ ਭਕਨਾ ਜੀ ਦਾ ਸਨਮਾਨ ਕੀਤਾ ਸੀ । ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਮੱਥਾ ਟੇਕਣ ਉਪਰੰਤ ਇਹ ਸਾਰਾ ਜੱਥਾ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਹੋਇਆ ਸੀ ਜਿਥੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਬਾਬਾ ਸੋਹਣ ਸਿੰਘ ਭਕਨਾ ਦਾ ਭਰਵਾਂ ਤੇ ਨਿੱਘਾ ਸਨਮਾਨ ਕੀਤਾ ਗਿਆ ਸੀ । ਇਸ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਪੰਜਾਬ ਕਾਂਗਰਸ ਕਮੇਟੀ ਵੱਲੋਂ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ ਸੀ । ਜਦ 1935-36 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਈਆਂ ਤਾਂ ਅਕਾਲੀ ਦਲ ਚੰ ਦੇ ਧੜਿਆਂ ਦੀ ਖਿੱਚੋਤਾਣ ਵਧ ਜਾਣ ਕਰਕੇ, ਚੋਣਾਂ ਦਾ ਮਹੌਲ ਕਾਫੀ ਗੰਧਲਾ ਹੈ ਗਿਆ ਸੀ । ਪਰ ਵੱਡੀ ਗਿਣਤੀ ਚੰ ਸਿੱਖ ਪੰਥ ਦੀ ਇੱਛਾ ਸੀ ਕਿ ਇਹ ਚੋਣਾਂ ਸਰਬ ਸੰਮਤੀ ਨਾਲ ਹੋਣ ਤਾਂ ਕਿ ਪੰਥ ਹੋਰ ਫੁੱਟ ਦਾ ਸ਼ਿਕਾਰ ਨਾ ਹੋਵੇ । ਅਖੀਰ ਅਕਾਲੀ ਦਲ ਦੇ ਦੋਵਾਂ ਧੜ੍ਹਿਆਂ ਵੱਲੋਂ ਸੰਤ ਬਾਬਾ ਵਸਾਖਾ ਸਿੰਘ ਨੂੰ ਸਾਲਸ ਨਿਯੁਕਤ ਕਰ ਲਿਆ ਗਿਆ ਕਿ ਉਹ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਦੇਵੇ ਜਿੰਨਾਂ ਨੂੰ ਸਰਬਸੰਮਤੀ ਨਾਲ ਦੋਵੇਂ ਧੜੇ ਪ੍ਰਵਾਨ ਕਰ ਲੈਣਗੇ ।

ਸੰਤ ਬਾਬਾ ਵਸਾਖਾ ਸਿੰਘ ਨੇ ਆਪਣੀ ਥਾਂ ਬਾਬਾ ਸੋਹਣ ਸਿੰਘ ਭਕਨਾ ਨੂੰ ਸਾਲਸ ਨਿਯੁਕਤ ਕਰ ਦਿੱਤਾ ਜਿਸ ਨੂੰ ਅਕਾਲੀ ਦਲ ਦੇ ਦੋਵੇਂ ਧੜਿਆਂ ਵੱਲੋਂ ਪ੍ਰਵਾਨ ਕਰ ਲਿਆ ਗਿਆ ਸੀ । ਇਸ ਤੋਂ ਜਿਥੇ ਗ਼ਦਰੀ ਬਾਬਿਆਂ ਦੇ ਹਿਰਦਿਆਂ ਅੰਦਰ ਸਿੱਖ ਧਰਮ ਤੇ ਖਾਲਸਾ ਪੰਥ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਪਤਾ ਚਲਦਾ ਹੈ, ਉਥੇ ਨਾਲ ਹੀ ਸਿੱਖ ਪੰਥ ਅੰਦਰ ਗ਼ਦਰੀ ਦੇਸ਼ਭਗਤਾਂ ਪ੍ਰਤਿ ਪਿਆਰ ਤੇ ਸ਼ਰਧਾ ਦੇ ਭਾਵਾਂ ਦੀ ਵੀ ਪੁਸ਼ਟੀ ਹੁੰਦੀ ਹੈ । ‘ਬਾਬਾ ਸੋਹਣ ਸਿੰਘ ਭਕਨਾ ਆਪਣੀ ਲਿਖਤ ਵਿਚ ਇਸ ਅਹਿਮ ਤੱਥ ਨੂੰ ਵੀ ਸਾਫ਼ ਸ਼ਬਦਾਂ ਵਿਚ ਪ੍ਰਵਾਨ ਕਰਦੇ ਹਨ ਕਿ ਗ਼ਦਰ ਲਹਿਰ ਵਿਚ ਸ਼ਾਮਲ ਗਦਰੀਆਂ ਵਿੱਚੋਂ 90 ਫੀਸਦੀ ਸਿੱਖ ਸਨ, ਮੁਸਲਮਾਨ ਇੱਕ ਅੱਧਾ ਹੀ ਸੀ ਤੇ ਹਿੰਦੂ ; ਟਾਂਵੇਂ ਟਾਂਵੇਂ ਹੀ ਸਨ । ਜ਼ਾਹਰ ਹੈ ਕਿ ਬਾਬਾ ਜੀ ਦਾ ਇਹ ਤੱਥ ਪ੍ਰਗਟਾਵਾ ਕਿਸੇ ਫਿਰਕੂ ਤੰਗਨਜ਼ਰੀ ਦੀ ਦੇਣ ਨਹੀਂ ਹੈ, ਬਲਕਿ ਗ਼ਦਰ ਲਹਿਰ ਦੇ ਖਾਸੇ ਤੇ ਰੋਲ ਨੂੰ ਸਮਝਣ’ ਅਤੇ ਇਸ ਦੇ ਨਾਲ ਹੀ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦਾ ਹਕੀਕੀ ਵਿਸ਼ਲੇਸ਼ਣ ਕਰਨ ਲਈ ਇਸ ਤੱਥ ਦੀ ਭਾਰੀ ਅਹਿਮੀਅਤ ਹੈ ।

ਬਾਬਾ ਭਕਨਾ ਜੀ ਦੀ ਲਿਖਤ ਵਿਚੋਂ ਇਹ ਸੱਚ ਭਲੀਭਾਂਤ ਰੂਪਮਾਨ ਹੁੰਦਾ ਹੈ ਕਿ ਉਹਨਾਂ ਦਾ ਬਚਪਨ ਪੂਰੀ ਤਰ੍ਹਾਂ ਧਾਰਮਿਕ ਮਾਹੌਲ ਵਿਚ ਵਿਚਰਿਆ ਸੀ, ਆਪਣਾ ਜੀਵਨ ਵੀ ਉਨ੍ਹਾਂ ਨੇ ਸਿੱਖ ਸਿਧਾਂਤਾਂ ਅਨੁਸਾਰ ਢਾਲਿਆ ਹੋਇਆ ਸੀ, ਉਨ੍ਹਾਂ ਦੀ ਹਰ ਸਰਗਰਮੀ ਚੋਂ ਸਿੱਖੀ ਪ੍ਰਵਾਹਤ ਹੁੰਦੀ ਸੀ ਪਰ ਫਿਰ ਵੀ ਉਹ ਲਿਖਤ ਵਿਚ ਇਹ ਆਖਦੇ ਹਨ ਕਿ’ ਮੇਰਾ ਕਿਸੇ ਧਰਮ ਮਜ਼ਹਬ ਜਾਂ ਫ਼ਿਰਕੇ ਨਾਲ ਕੋਈ ਖਾਸ ਲਗਾਓ ਨਹੀਂ ਹੈ, ਮੈਂ ਨਿਰੋਲ ਹਿੰਦੁਸਤਾਨੀਂ ਹਾਂ ਤੇ ‘ਹਿੰਦੀ ਕੌਮ ਦਾ ਮੈਂਬਰ ਹਾਂ , ਪਰ ਇਸ ਦੇ ਨਾਲ ਹੀ ਉਹ ਇਹ ਸਪਸ਼ਟੀਕਰਨ ਦੇਣਾ ਵੀ ਜ਼ਰੂਰੀ ਸਮਝਦੇ ਹਨ ਕਿ ਇਹ ਨਾ ਸਮਝ ਲਿਆ ਜਾਵੇ ਕਿ ‘ਮੇਰਾ ਕੋਈ ਧਰਮ ਨਹੀਂ ਹੈ ।’ ਬਾਬਾ ਜੀ ਦੇ ਇਸ ਦੇਖਣ ਨੂੰ ਸਵੈ ਵਿਰੋਧੀ ਜਾਪਦੇ ਕਥਨ ਨੂੰ ਵੇਲੇ ਦੀਆਂ ਠੋਸ ਹਾਲਤਾਂ ਦੇ ਪ੍ਰਸੰਗ ਵਿਚ ਰੱਖਕੇ ਹੀ ਦੇਖਿਆ ਜਾਣਾ ਚਾਹੀਦਾ ਹੈ ।

ਜਿਨ੍ਹਾਂ ਦਿਨਾਂ ਵਿਚ ਗ਼ਦਰ ਲਹਿਰ ਪੈਦਾ ਹੋਈ ਸੀ ਉਹਨਾਂ ਦਿਨਾਂ ਵਿਚ “ਧਰਮ’ ਨਿਰਪੱਖ ਰਾਸ਼ਟਰਵਾਦ (Secular Nationalism) ਦੀ ਵਿਚਾਰਧਾਰਾ ਨੇ ਯਾਰਪ ਸਮੇਤ ਹਰ ਪਾਸੇ ਆਪਣੀ ਪੂਰਨ ਚੌਧਰ (Hegemony) ਕਾਇਮ ਕਰ ਲਈ ਸੀ। ਯਾਨੀ ਕਿ ਉਸ ਵਕਤ ਰਾਸ਼ਟਰਵਾਦ ਦੀ ਵਿਚਾਰਧਾਰਾ ਪੂਰੀ ਚੜ੍ਹਤਲ ਵਿਚ ਸੀ । ਉਸ ਵਕਤ ਇਸ ਵਿਚਾਰਧਾਰਾ ਨੂੰ ਕਿਧਰੋਂ ਕੋਈ ਚੁਣੌਤੀ ਨਹੀਂ ਮਿਲ ਰਹੀ ਸੀ । ਸਿੱਖ ਭਾਈਚਾਰੇ ਦਾ, ਖਾਸ ਕਰਕੇ ਰਾਜਸੀ ਖੇਤਰ ਚੇ ਸਰਗਰਮ ਵੱਡਾ ਹਿੱਸਾ ਵੀ ਇਸ ਵਿਚਾਰਧਾਰਾ ਦੇ ਪ੍ਰਭਾਵ ਤੇ ਦਬਾਅ ਹੇਠ ਆ ਗਿਆ ਸੀ। ਸਿੱਖ ਬੁੱਧੀਜੀਵੀਆਂ ਵਲੋਂ ਅਮਲੀ ਖੇਤਰ ਵਿੱਚ ਤਾਂ ਕੰਮ ਕੀਤਾ ਜਾ ਰਿਹਾ ਸੀ ਪਰ ਬੌਧਿਕ ਖੇਤਰ ਵਿੱਚ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਗਈ ਸੀ (ਪਰ ਹੁਣ ਹਰ ਪਾਸੇ ਵਿਦਵਾਨਾਂ ਵਲੋਂ ਨਿੱਗਰ ਅਧਾਰ ‘ਤੇ ਇਸ ਵਿਚਾਰਧਾਰਾ ਨੂੰ ਚੁਣੌਤੀ ਦਿੱਤੀ ਗਈ ਹੈਂ) 1947 ਤੱਕ ਰਾਸ਼ਟਰਵਾਦ ਦੀ ਵਿਚਾਰਧਾਰਾ ਦਾ ਅਸਲੀ ਚਰਿਤਰ ਪੂਰੀ ਤਰ੍ਹਾਂ ਪਰਗਟ ਨਹੀਂ ਹੋਇਆ ਸੀ ।

ਇਸ ਨੇ ਦੇਸ਼ਭਗਤੀ ਦੇ ਪਵਿੱਤਰ ਜਜ਼ਬੇ ਦਾ, ਲਿਬਾਸ ਕਹਿ ਲਵੋ ਜਾਂ ਨਕਾਬ, ਪਾਇਆ ਹੋਇਆ ਸੀ ! 1947 ਤੋਂ ਬਾਅਦ ਰਾਸ਼ਟਰਵਾਦ ਦੀ ਵਿਚਾਰਧਾਰਾ ਅੰਦਰ ਛੁਪੇ ਤਬਾਹੀਆਂ ਦੇ ਮੰਜ਼ਰ ਅਮਲੀ ਰੂਪ ਵਿਚ ਸਾਹਮਣੇ ਆਉਣੇ ਸ਼ੁਰੂ ਹੋਏ, ਕਿ ‘ਸਰਬ- ਸਾਂਝੀ ਭਾਰਤੀ ਕੌਮ ਜਾਂ ‘ਹਿੰਦੁਸਤਾਨੀ ਕੌਮ ਬਣਾਉਣ ਲਈ ਭਾਰਤ ਦੀ ਧਰਤੀ ‘ਤੇ ਵਸ ਰਹੇ ਵੱਖ- ਵੱਖ ਧਰਮਾਂ, ਸੱਭਿਆਚਾਰਾਂ ਤੇ ਨਸਲਾਂ ਦੇ ਲੋਕਾਂ ਦੀਆਂ ਵੱਖਰੀਆਂ ਸੱਭਿਆਚਾਰਕ ਪਛਾਣਾਂ ਤੇ ਵਿਲੱਖਣ ਹਸਤੀਆਂ ਨੂੰ ਮਿਟਾਕੇ ਹੀ ‘ਭਾਰਤੀ ਪਛਾਣ” ਦਾ ਰਾਹ ਪੱਧਰਾ ਹੈ ਸਕਦਾ ਹੈ। ਇਕੋ ਇਕ ਭਾਰਤੀ ਜਾਂ ਹਿੰਦੁਸਤਾਨੀ ਕੌਮ ਦੀ ਸਿਰਜਣਾ ਦਾ ਕਾਰਜ ਤੇ ਅਮਲ ਸਿੱਖ ਪੰਥ ਲਈ ਕਿਹੋ ਜਿਹੀਆਂ ਆਫ਼ਤਾਂ ਸਹੇੜੇਗਾ, ਉਸ ਵੇਲੇ ਗ਼ਦਰੀ ਦੇਸ਼ਭਗਤਾਂ, ਖਾਸ ਕਰਕੇ ਸਿੱਖੀ ਨਾਲ ਅਟੁੱਟ ਰੂਪ ਵਿਚ ਜੁੜੇ ਹੋਏ ਗ਼ਦਰੀ ਬਾਬਿਆਂ ਨੂੰ ਇਸ ਗੱਲ ਦਾ ਰਤੀ ਭਰ ਵੀ ਅੰਦੇਸ਼ਾ ਜਾਂ ਚਿੱਤ ਚੇਤਾ ਨਹੀਂ ਸੀ । ਉਸ ਵੇਲੇ ਅਜਿਹੀ ਕਲਪਨਾ ਕਰ ਸਕਣੀ ਸੰਭਵ ਨਹੀਂ ਸੀ। ਇਸ ਕਰਕੇ ਇਸ ਵਿਚ ਗ਼ਦਰੀ ਬਾਬਿਆਂ ਦਾ ਕੋਈ ਦੋਸ਼ ਨਹੀਂ । ਅਜਿਹੀ ਚੇਤਨਾ ਇਕ ਅਮਲ ਤੋਂ ਬਾਅਦ ਹੀ ਵਿਕਸਤ ਹੋਣੀ ਸੀ ।

ਬਾਬਾ ਸੋਹਣ ਸਿੰਘ ਭਕਨਾ ਦੇ ਧਰਮ ਬਾਰੇ ਉਪਰੋਕਤ ਕਥਨ ਨੂੰ ਇਸ ਠੋਸ ਪ੍ਰਸੰਗ ਵਿਚ ਰੱਖਕੇ ਹੀ ਦੇਖਿਆ ਜਾਣਾ ਚਾਹੀਦਾ ਹੈ । ਜਿਹੜੀ ਗੱਲ ਉਸ ਵਕਤ ਉਨ੍ਹਾਂ ਨੂੰ ਪੂਰੀ ਠੀਕ ਤੇ ਕੁਦਰਤੀ ਜਾਪਦੀ ਸੀ, ਠੋਸ ਅਮਲ ਵਿਚੋਂ ਉਹ ਪੂਰੀ ਤਰ੍ਹਾਂ ਗਲਤ ਤੇ ਵਿਨਾਸ਼ਕਾਰੀ ਸਾਬਤ ਹੋ ਗਈ ਹੈ । ਇਸ ਕਰਕੇ ਅੱਜ ਜੇਕਰ ਕੋਈ ਬਾਬਾ ਜੀ ਦੇ ਇਸ ਕਥਨ ਦੀ ਵਰਤੋਂ ਧਰਮ ਨੂੰ ਨਿੰਦਣ, ਜਾਂ ਸਿੱਖ . ਭਾਈਚਾਰੇ ਦੀਆਂ ਹੱਕੀ ਮੰਗਾਂ ਤੇ ਉਮੰਗਾਂ ਨੂੰ ਨਕਾਰਨ ਤੇ ਲਿਤਾੜਨ ਲਈ ਕਰਦਾ ਹੈ, ਤਾਂ ਉਸ ਦਾ ਇਹ ਕਰਮ ਸਿਧਾਂਤਕ ਤੇ ਨੈਤਿਕ, ਦੋਵਾਂ ਹੀ ਪੱਖਾਂ ਤੋਂ ਦੋਸ਼ਪੂਰਨ ਹੈ । ਸਪਸ਼ਟ ਹੈ ਕਿ ਬਾਬਾ ਸੋਹਣ ਸਿੰਘ ਭਕਨਾ ਧਰਮ ਦੀ ਵਿਆਖਿਆ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਪ੍ਰਭਾਵ ਤੇ ਦਬਾਅ ਹੇਠ ਕਰਦੇ ਹਨ । ਮਿਸਾਲ ਦੇ ਤੌਰ ‘ਤੇ ਉਹ ਆਖਦੇ ਹਨ, ‘ਧਰਮ ਮਨੁੱਖ ਮਾਤਰ ਦਾ ਸਾਂਝਾ ਹੁੰਦਾ ਹੈ, ਇਸ ਨੂੰ ਵੰਡਿਆਂ ਨਹੀਂ ਜਾ ਸਕਦਾ।” ਧਰਮ ਦੇ ਅਰਥ ਕਰਤਵ ਜਾਂ ਡਿਊਟੀ ਹਨ ।’ ‘ਧਰਮ ਦਾ ਅਰਥ ਮਨੁੱਖ ਮਾਤਰ ਨੂੰ ਗੁਲਾਮੀ ਦਾ ਅਹਿਸਾਸ ਕਰਵਾਕੇ ਅਜ਼ਾਦੀ ਦੇ ਰਾਹ ਪਾਉਣਾ ਹੈ ।’

ਹੁਣ ਜੇ ਬਾਬਾ ਜੀ ਦੇ ਇਸ ਕਥਨ ਨੂੰ ਹਿੰਦੂ ਧਰਮ ਉਤੇ ਢੁਕਾਇਆ ਜਾਵੇ ਤਾਂ ਇਸਨੂੰ ਸੱਚ ਮੰਨਣਾ ਬੜਾ ਔਖਾ ਹੈ । ਇਸ ਸੱਚਾਈ ਤੇ ਕੋਈ ਕਿਵੇਂ ਮੁਨਕਰ ਹੋਵੇਗਾ ਕਿ ਹਿੰਦੂ ਧਰਮ ਤਾਂ ਖੜ੍ਹਾ ਹੀ ਵਰਣ-ਵੰਡ ਦੇ ਪੱਖਪਾਤੀ ਸਿਧਾਂਤ ਉਤੇ ਹੈ । ਇਸ ਦੇ ਧਾਰਮਕ ਗ੍ਰੰਥ ਇਸ ਸਿਧਾਂਤ ਦੀ ਖੁਲ੍ਹਮ-ਖੁਲ੍ਹੀ ਵਕਾਲਤ ਕਰਦੇ ਹਨ । ਇਸ ਕਰਕੇ ਮਾਨਵ ਜਾਤੀ ਨੂੰ ਉਚੇ ਤੇ ਨੀਵੇਂ, ਪਵਿਤਰ ਤੇ ਅਪਵਿੱਤਰ ਵਰਗਾਂ ਵਿਚ ਵੰਡਣ ਵਾਲਾ ਧਰਮ ਮਨੁੱਖ ਮਾਤਰ ਦਾ ਸਾਂਝਾ ਕਿਸ ਤਰ੍ਹਾਂ ਹੋ ਸਕਦਾ ਹੈ ? ਇਸ ਧਰਮ ਵਿਚੋਂ ਅਜ਼ਾਦੀ, ਬਰਾਬਰੀ, ਕਰਤਵ ਜਾਂ ਡਿਊਟੀ ਦਾ ਜਜ਼ਬਾ ਕਿਵੇਂ ਪ੍ਰਫੁਲਤ ਹੈ ਸਕਦਾ ਹੈ ? ਇਹ ਧਰਮ ਮਨੁੱਖੀ ਬਰਾਬਰੀ ਤੇ ਆਜ਼ਾਦੀ ਦਾ ਸੰਦੇਸ਼ ਕਿਵੇਂ ਦੇ ਸਕਦਾ ਹੈ ? ਅਤੇ ਆਪਣੇ ਸ਼ਰਧਾਲੂਆਂ ਨੂੰ ਇਹਨਾਂ ਪਵਿਤਰ ਆਦਰਸ਼ਾਂ ਲਈ ਜੂਝਣ ‘ਚ ਪ੍ਰੇਰਣਾ ਕਿਵੇਂ ਦੇ ਸਕਦਾ ਹੈ ?

ਇਸ ਦੀ ਤੁਲਨਾ ਵਿਚ ਸਿੱਖ ਧਰਮ ਦਾ ਅਧਾਰ ਹੀ ਮਨੁੱਖੀ ਬਰਾਬਰੀ ਤੇ ਆਜ਼ਾਦੀ ਦੇ ਅਸੂਲ ਹਨ । ਇਹ ਮਾਨਵਤਾ ਨੂੰ ‘ਏਕ ਨੂਰ ਤੇ ਸਭ ਜਗ ਉਪਜਿਆ ਦਾ ਇਲਾਹੀ ਸੰਦੇਸ਼ ਦਿੰਦਾ ਹੈ । ਸਿਰਫ ਸੰਦੇਸ਼ ਨਹੀਂ ਦਿੰਦਾ, ਇਹਨਾਂ ਪਵਿਤਰ ਆਦਰਸ਼ਾਂ ਨੂੰ ਸਾਕਾਰ ਕਰਨ ਲਈ ਜੂਝਣ ਦੀ ਪ੍ਰੇਰਣਾ ਵੀ ਦਿੰਦਾ ਹੈ । ਇਹ ਅਸਲੀ ਅਰਥਾਂ ਵਿਚ ਉਹ ਧਰਮ ਹੈ ਜਿਹੜਾ ਮਨੁੱਖ ਨੂੰ ਕਰਤਵ ਅਤੇ ਡਿਊਟੀ ਸਿਖਾਉਦਾ ਹੈ ਅਤੇ ਗੁਲਾਮੀ ਦਾ ਅਹਿਸਾਸ ਕਰਵਾ ਕੇ ਆਜ਼ਾਦੀ ਦੇ ਰਾਹ ਪਾਉਦਾ ਹੈ । ਜਿਵੇਂ
‘ਜੇ ਜੀਵੈ, ਪਤਿ ਲਥੀ ਜਾਇ ।
ਸਭ ਹਰਾਮ ਜੇਤਾ ਕਿਛੁ ਖਾਇ ।’

ਇਸ ਵਿਆਖਿਆ ਤੋਂ, ਹਿੰਦੂ ਵਰਗ ਦੀ ਭਾਰੀ ਬਹੁਗਿਣਤੀ ਦੇ ਬਾਵਜੂਦ ਗਦਰ ਲਹਿਰ ਵਿਚ੍ਵ ਨਿਗੂਣੀ ਸ਼ਮੂਲੀਅਤ ਅਤੇ ਸਿੱਖਾਂ ਦੇ ਦੇਸ ਅੰਦਰ ਨਿਗੂਣੀ ਘੱਟਗਿਣਤੀ ਹੁੰਦਿਆਂ ਵੀ ਗ਼ਦਰ ਲਹਿਰ ਸਮੇਤ ਹਰ ਇਨਕਲਾਬੀ ਤਹਿਰੀਕ ਵਿਚ ਭਰਵੀਂ ਸ਼ਮੂਲੀਅਤ ਦਾ ਰਹੱਸ ਪੁਰੀ ਤਰ੍ਹਾਂ ਸਪਸ਼ਟ ਹੈ ਜਾਦਾ ਹੈ।

ਬਾਬਾ ਸੋਹਣ ਸਿੰਘ ਭਕਨਾ ਦੀ ਰਚਨਾ ‘ਮੇਰੀ ਰਾਮ ਕਹਾਣੀਂ ਨੂੰ ਏਨੇ ਸਾਲਾਂ ਬਾਅਦ ਪ੍ਰਕਾਸ਼ਤ ਕਰਨ ਲੱਗਿਆਂ ਵਾਰ- ਵਾਰ ਮਨ ਵਿੱਚ ਇਹ ਸੁਆਲ ਪੈਦਾ ਹੁੰਦਾ ਹੈ ਕਿ ਆਪਣੇ ਜਿਉਦੇ ਜੀਅ ਬਾਬਾ ਜੀ ਨੇ ਇਹ ਲਿਖਤ ਕਿਤਾਬੀ ਰੂਪ ਵਿੱਚ ਕਿਉਂ ਨਹੀਂ ਛਪਵਾਈ ਤੇ ਨਾ ਹੀ ਕਦੇ ਕਿਤੇ ਇਸਦਾ ਜ਼ਿਕਰ ਹੀ ਕੀਤਾ ਹੈ । ਸਗੋਂ 1967 ਵਿੱਚ ਆਪਣੀ ਹੋਰ ਜੀਵਨੀ ਲਿਖਕੇ ‘ਜੀਵਨ ਸੰਗਰਾਮ, ਦੇ ਅਨੁਵਾਨ ਤਹਿਤ ਛਪਵਾਈ ਹੈ । ਸਿਵਾਏ ‘ਗ਼ਦਰ ਪਾਰਟੀ ਲਹਿਰੇ ਦੇ ਕਰਤਾ ਸ. ਜਗਜੀਤ ਸਿੰਘ ਤੋਂ ਹੋਰ ਕਿਸੇ ਇਤਿਹਾਸਕਾਰ ਨੇ ਕਦੇ ਬਾਬਾ ਜੀ ਦੀ ਇਸ ਲਿਖਤ ਦਾ ਹਵਾਲਾ ਵੀ ਨਹੀਂ ਦਿੱਤਾ । ਸੋਹਣ ਸਿੰਘ ਜੋਸ਼ ਨੇ ਬਾਬਾ ਭਕਨਾ ਦੀ ਜੀਵਨੀ” ਇਕ ਜੀਵਨ-ਇਕ ਇਨਕਲਾਬ ਦੇ ਨਾਂਅ ਹੇਠ ਲਿਖੀ ਹੈ, ਉਸ ਵਿਚ ਵੀ ਕਿਤੇ “ਮੇਰੀ ਰਾਮ ਕਹਾਣੀ’ ਦਾ ਹਵਾਲਾ ਨਹੀਂ ਦਿੱਤਾ ਗਿਆ । ਗ਼ਦਰ ਪਾਰਟੀ ਦਾ ਜੋ ਇਤਿਹਾਸ ਗੁਰਚਰਨ ਸਿੰਘ ਸਹਿੰਸਰਾ ਵੱਲੋਂ ਲਿਖਿਆ ਗਿਆ ਹੈ, ਉਸ ਵਿਚ ਵੀ ਇਸ ਲਿਖਤ ਦਾ ਕਿਤੇ ਵੇਰਵਾ ਨਹੀਂ ਮਿਲਦਾ, ਹਾਲਾਂ ਕਿ ਬਾਬਾ ਭਕਨਾ ਜੀ ਖੁਦ ਇਤਿਹਾਸ ਕਮੇਟੀ ਦੇ ਪ੍ਰਧਾਨ ਸਨ ।

ਜਿਸ ‘ਅਕਾਲੀ ਤੇ ਪਰਦੇਸੀ’ ਅਖ਼ਬਾਰ ਵਿਚ “ਮੇਰੀ ਰਾਮ ਕਹਾਣੀਂ ਛਪੀ ਹੈ, ਇਸ ਦੀਆਂ ਦੇ ਜਿਲਦਾਂ ਸਿਰਫ਼ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦੀ ‘ਸਿੱਖ ਇਤਿਹਾਸ ਅਤੇ ਖੋਜ ਲਾਇਬ੍ਰੇਰੀ ਵਿਚ ਪਈਆਂ ਹਨ । ਬਿਨਾਂ ਜਿਲਦਾਂ ਵਿਚੋਂ ਕਈ ਅਖਬਾਰਾਂ ਗੁੰਮ ਹਨ, ਜਿਸ ਕਰਕੇ ਲਿਖਤ ਦੀਆਂ ਉਹ ਕਿਸ਼ਤਾਂ ਗ਼ਾਇਬ ਹਨ, ‘ਅਕਾਲੀ ਤੇ ਪਰਦੇਸੀ’ ਦੀਆ 1930-31 ਸਾਲ ਦੀਆਂ ਜਿਲਦਾਂ ਲੱਭਣ ਲਈ ਕਲਕੱਤੇ, ਦੇਹਰਾਦੂਨ, ਜਲੰਧਰ ਦੇਸ ਭਗਤ ਹਾਲ, ਪੰਜਾਬੀ ਯੁਨੀਵਰਸਿਟੀ ਪਟਿਆਲਾ, ਦਿੱਲੀ ਨਹਿਰੂ ਮੈਮੋਰੀਅਲ ਲਾਇਬ੍ਰੇਰੀ ਤੇ ਸਟੇਟ ਆਰਕਾਈਵਜ ਪਟਿਆਲਾ ਤੱਕ ਖੋਜ ਕਰ ਲਈ ਹੈ ਪਰ ਇਹਨਾਂ ਸਾਲਾਂ ਦੀਆਂ ਜਿਲਦਾਂ ਨਹੀਂ ਮਿਲੀਆਂ । ਸੋ ਇਸ ਲਿਖਤ ਨੂੰ ਅਧੂਰਾ ਹੀ ਆਖਿਆ ਜਾ ਸਕਦਾ ਹੈ । ਜਿਥੇ ਕਿਸ਼ਤ ਗ਼ਾਇਬ ਹੈ ਉਥੇ ਦਾਣੇ (ਦੌਲ਼ਸ਼) ਲਗਾਏ ਗਏ ਹਨ। ਜੇ ਕਿਸੇ ਸੱਜਣ ਦੇ ਧਿਆਨਵਿਚ 1930- 31 ਦੀਆਂ ਮੁਕੰਮਲ ਜਿਲਦਾਂ ਕਿਤੇ ਪਈਆਂ ਹੋਣ ਤਾਂ ਉਹ ਇਸ ਲਿਖਤ ਨੂੰ ਮੁਕੰਮਲ ਕਰਵਾ ਸਕਦਾ ਹੈ।

ਸੋ ਗ਼ਦਰ ਲਹਿਰ ਦੀ ਸੌ ਸਾਲਾ ਬਰਸੀ ਮੌਕੇ ਬਾਬਾ ਸੋਹਣ ਸਿੰਘ ਭਕਨਾ ਦੀ ਇਹ ਅਣਗੌਲੀ ਲਿਖਤ ਪਾਠਕਾਂ ਨੂੰ ਭੇਟ ਕਰਕੇ ਮੈਂ ਬਾਬਾ ਭਕਨਾ ਜੀ ਅਤੇ ਹੋਰਨਾਂ ਗ਼ਦਰੀ ਸ਼ਹੀਦਾਂ ਨੂੰ ਇੱਕ ਤਰ੍ਹਾਂ ਨਾਲ ਅਕੀਦਤ ਹੀ ਭੇਟ ਕਰ ਰਿਹਾ ਹਾਂ।

ਮੇਰੀ ਰਾਮ ਕਹਾਣੀ ਕਿਤਾਬ ਮੰਗਵਾਉਣ ਲਈ ਤੰਦ ਨੂੰ ਛੂਹੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,