ਸਿਆਸੀ ਖਬਰਾਂ

ਸੰਗਤ ਦਰਸ਼ਨ ਪ੍ਰੋਗਰਾਮ ‘ਚ ਬਾਦਲ ਨੇ ਮੋਦੀ ਨੂੰ “ਦੇਸ਼ ਵਿਰੋਧੀ ਤਾਕਤਾਂ” ਨੂੰ ਢੁਕਵਾਂ ਜਵਾਬ ਦੇਣ ਲਈ ਕਿਹਾ

September 20, 2016 | By

ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੰਮੂ-ਕਸ਼ਮੀਰ ਦੇ ਊੜੀ ਵਿੱਚ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਤਰ੍ਹਾਂ ਦਾ ਫ਼ੈਸਲਾ ਲੈਣ ਦੀ ਸਮੱਰਥਾ ਰੱਖਦੇ ਹਨ ਅਤੇ ਭਾਰਤ ਸਰਕਾਰ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਢੁਕਵਾਂ ਜਵਾਬ ਦੇਵੇਗੀ। ਸੋਮਵਾਰ ਨੂੰ ਪਿੰਡ ਸਿੰਘੇਵਾਲਾ ਵਿਖੇ ਬਾਦਲ ਲੰਬੀ ਹਲਕੇ ਵਿੱਚ ਸੰਗਤ ਦਰਸ਼ਨ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਉੱਤੇ ਹਮਲਾ ਕਰਨ ਵਾਲੀਆਂ ਤਾਕਤਾਂ ਨੂੰ ਦੇਸ਼ ਵੱਲੋਂ ਬਣਦਾ ਜਵਾਬ ਦਿੱਤਾ ਜਾਵੇਗਾ। ਬਾਦਲ ਨੇ ਕਿਹਾ ਕਿ ਕੇਂਦਰ ਵਿੱਚ ਐਨ.ਡੀ.ਏ. ਸਰਕਾਰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ ਅਤੇ ਦੇਸ਼ ਦੀਆਂ ਸਰਹੱਦਾਂ ਦੀ ਪੂਰੀ ਮੁਸਤੈਦੀ ਨਾਲ ਰੱਖਿਆ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਨਾਲ ਕਰੜੇ ਹੱਥੀ ਨਿਪਟਿਆ ਜਾਣਾ ਚਾਹੀਦਾ ਹੈ।

ਪਿੰਡ ਹਾਕੂਵਾਲਾ ’ਚ ਮਰਹੂਮ ਅਕਾਲੀ ਸਰਪੰਚ ਲੀਲਾ ਸਿੰਘ ਦੀ ਵਿਧਵਾ ਰਾਣੀ ਕੌਰ ਸੰਗਤ ਦਰਸ਼ਨ ਮਗਰੋਂ ਪੰਡਾਲ ’ਚ ਗੁੱਸਾ ਜਾਹਰ ਕਰਦੀ ਹੋਈ

ਪਿੰਡ ਹਾਕੂਵਾਲਾ ’ਚ ਮਰਹੂਮ ਅਕਾਲੀ ਸਰਪੰਚ ਲੀਲਾ ਸਿੰਘ ਦੀ ਵਿਧਵਾ ਰਾਣੀ ਕੌਰ ਸੰਗਤ ਦਰਸ਼ਨ ਮਗਰੋਂ ਪੰਡਾਲ ’ਚ ਗੁੱਸਾ ਜਾਹਰ ਕਰਦੀ ਹੋਈ

ਸੁੱਚਾ ਸਿੰਘ ਛੋਟੇਪੁਰ ਵੱਲੋਂ ਇਕ ਹੋਰ ਸਿਆਸੀ ਫਰੰਟ ਬਣਾਏ ਜਾਣ ਦੀਆਂ ਸੰਭਾਵਨਾਵਾਂ ਸਬੰਧੀ ਪੁੱਛੋਂ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਦੀ ਇਸ ਰੁੱਤ ਵਿੱਚ ਅਜਿਹੇ ਹੋਰ ਬਥੇਰੇ ਚੋਣ ਫਰੰਟ ਖੁੰਭਾਂ ਵਾਂਗ ਉਗਣਗੇ ਪਰ ਇਨ੍ਹਾਂ ਦਾ ਪੰਜਾਬ ਦੀ ਸਿਆਸਤ ਉੱਤੇ ਉੱਕਾ ਹੀ ਕੋਈ ਅਸਰ ਨਹੀਂ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਲੋਕਾਂ ਨੂੰ ਮੂੰਹ ਨਹੀਂ ਲਾਉਂਦੇ ਜੋ ਆਪਣੀ ਸੱਤਾ ਦੀ ਭੁੱਖ ਦੇ ਲਾਲਚ ਵਿੱਚ ਆਪਣੀ ਹੀ ਮਾਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਗਏ ਹਨ।

ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਜਦੋਂ ਬਾਦਲ ਪਿੰਡ ਹਾਕੂਵਾਲਾ ਵਿੱਚ ਸੀ ਤਾਂ ਮਰਹੂਮ ਅਕਾਲੀ ਸਰਪੰਚ ਲੀਲਾ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਨੇ ਧਾਹਾਂ ਮਾਰੀਆਂ। ਜ਼ਿਕਰਯੋਗ ਹੈ ਕਿ ਇਸੇ ਸਾਲ 19 ਜੁਲਾਈ ਨੂੰ ਲੀਲਾ ਸਿੰਘ ਦਾ ਕਤਲ ਹੋ ਗਿਆ ਸੀ ਅਤੇ ਗ੍ਰਿਫ਼ਤਾਰ ਮੁਲਜ਼ਮਾਂ ਦਾ ਪੁਲਿਸ ਨੇ ਹਾਲੇ ਤੱਕ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ। ਲੀਲਾ ਸਿੰਘ ਦੀ ਪਤਨੀ ਰਾਣੀ ਕੌਰ ਅਤੇ ਮਾਤਾ ਤੇਜ ਕੌਰ ਮੁੱਖ ਮੰਤਰੀ ਨੂੰ ਮਿਲਣ ਲਈ ਤਰਲੇ ਪਾਉਂਦੀਆਂ ਰਹੀਆਂ। ਕਾਫ਼ੀ ਕੋਸ਼ਿਸ਼ ਬਾਅਦ ਤੁਰੇ ਜਾਂਦੇ ਮੁੱਖ ਮੰਤਰੀ ਨਾਲ ਮਿਲਵਾਇਆ ਗਿਆ ਪਰ ਉਨ੍ਹਾਂ ਦੀ ਕੋਈ ਢੁਕਵੀਂ ਸੁਣਵਾਈ ਨਹੀਂ ਹੋਈ। ਸੰਗਤ ਦਰਸ਼ਨ ਮਗਰੋਂ ਐਸ.ਪੀ (ਐਚ) ਦੀ ਮੌਜੂਦਗੀ ਵਿੱਚ ਰਾਣੀ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੂੰ ਅਕਾਲੀ ਆਗੂਆਂ ਨੇ ਸਾਜ਼ਿਸ਼ ਤਹਿਤ ਮਰਵਾਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਲੀਲਾ ਸਿੰਘ ਦੀ ਮੌਤ ਦੀ ਸੀ.ਬੀ.ਆਈ ਪੜਤਾਲ ਹੋਣੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,