June 16, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅਮਰੀਕਾ ਦੀ ਖੂਫੀਆ ਅਦਾਰੇ ਸੀ.ਆਈ.ਏ ਵਲੋਂ ਜਾਰੀ ਕੀਤੀ ਗਈ ਤਾਜ਼ਾ “ਵਿਸ਼ਵ ਤੱਥਕਿਤਾਬ” ਵਿਚ ਹਿੰਦੂਤਵੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਨਾਲ ਸਬੰਧਿਤ ਸੰਸਥਾਵਾਂ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਨੂੰ “ਧਾਰਮਿਕ ਅੱਤਵਾਦੀ ਸੰਸਥਾਵਾਂ” ਐਲਾਨਿਆ ਗਿਆ ਹੈ।
ਸੀ.ਆਈ.ਏ ਨੇ ਇਹਨਾਂ ਸੰਸਥਾਵਾਂ ਨੂੰ ਰਾਜਨੀਤਕ ਦਬਾਅ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਸੰਸਥਾਵਾਂ ਵਿਚ ਸ਼ਾਮਿਲ ਕੀਤਾ ਹੈ ਜੋ ਰਾਜਨੀਤੀ ਵਿਚ ਸ਼ਾਮਿਲ ਤਾਂ ਹੁੰਦੀਆਂ ਹਨ ਤੇ ਰਾਜਨੀਤਕ ਅਸਰ ਵੀ ਪਾਉਂਦੀਆਂ ਹਨ ਪਰ ਜਿਹਨਾਂ ਦੇ ਨੁਮਾਂਇੰਦੇ ਸਿੱਧੀ ਪਾਰਲੀਮਾਨੀ ਚੋਣ ਨਹੀਂ ਲੜਦੇ।
ਸੀ.ਆਈ.ਏ ਨੇ ਆਰ.ਐਸ.ਐਸ, ਹੁਰੀਅਤ ਕਾਨਫਰੰਸ ਅਤੇ ਜਮਾਤ ਉਲੇਮਾ-ਏ ਹਿੰਦ ਨੂੰ ਭਾਰਤ ਵਿਚਲੀਆਂ ਰਾਜਨੀਤਕ ਦਬਾਅ ਪਾਉਣ ਵਾਲੀਆਂ ਸੰਸਥਾਵਾਂ ਵਿਚ ਸ਼ਾਮਿਲ ਕੀਤਾ ਹੈ। ਆਰ.ਐਸ.ਐਸ ਨੂੰ “ਰਾਸ਼ਟਰਵਾਦੀ ਸੰਸਥਾ”, ਹੁਰੀਅਤ ਕਾਨਫਰੰਸ ਨੂੰ “ਵੱਖਵਾਦੀ ਸੰਸਥਾ” ਅਤੇ ਜਮਾਤ ਉਲੇਮਾ-ਏ ਹਿੰਦ ਨੂੰ “ਧਾਰਮਿਕ ਸੰਸਥਾ” ਦੇ ਤੌਰ ‘ਤੇ ਪ੍ਰਭਾਸ਼ਿਤ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਸੀ.ਆਈ.ਏ ਹਰ ਸਾਲ “ਵਿਸ਼ਵ ਤੱਥਕਿਤਾਬ” ਜਾਰੀ ਕਰਦੀ ਹੈ ਜੋ ਅਮਰੀਕੀ ਸਰਕਾਰ ਨੂੰ ਖੂਫੀਆ ਅਤੇ ਤੱਥ ਭਰਪੂਰ ਹਵਾਲੇ ਮੁਹੱਈਆ ਕਰਵਾਉਂਦੀ ਹੈ।
ਇਸ ਵਿਚ ਇਤਿਹਾਸ, ਲੋਕਾਂ, ਸਰਕਾਰਾਂ, ਆਰਥਿਕਤਾ, ਊਰਜਾ, ਖੇਤਰਫਲ, ਸੰਚਾਰ, ਆਵਾਜਾਈ, ਫੌਜ ਅਤੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਜਾਣਕਾਰੀ ਸ਼ਾਮਿਲ ਹੁੰਦੀ ਹੈ। ਇਸ ਕਿਤਾਬ ਵਿਚ 267 ਦੇਸ਼ਾਂ ਨਾਲ ਸਬੰਧਿਤ ਵੇਰਵੇ ਮੋਜੂਦ ਹਨ। ਅਮਰੀਕਾ ਦੀ ਖੂਫੀਆ ਅਜੈਂਸੀ ਇਸ ਕਿਤਾਬ ਨੂੰ 1962 ਤੋਂ ਛਾਪ ਰਹੀ ਹੈ, ਪਰ ਪਹਿਲੀ ਵਾਰ ਇਸ ਨੂੰ 1975 ਵਿਚ ਹੀ ਜਨਤਕ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਿਕ ਇਹ ਤੱਥਕਿਤਾਬ ਅਮਰੀਕੀ ਨੀਤੀਘਾੜਿਆਂ ਅਤੇ ਅਮਰੀਕੀ ਖੂਫੀਆ ਤੰਤਰ ਦੀ ਵਰਤੋ ਲਈ ਬਣਾਈ ਜਾਂਦੀ ਹੈ।
Related Topics: Bajrang Dal, CIA, HindutVa Millitant Organistaions, RSS, Vishav Hindu Parishad VHP