ਖਾਸ ਖਬਰਾਂ » ਸਿੱਖ ਖਬਰਾਂ

ਪਾਕਿਸਤਾਨ ਭਾਈ ਗਜਿੰਦਰ ਸਿੰਘ ਨੂੰ ਰਾਜਨੀਤਿਕ ਸ਼ਰਨ ਦੇਵੇ : ਦਲ ਖਾਲਸਾ

September 30, 2023 | By

ਅੰਮ੍ਰਿਤਸਰ – ਸਿੱਖ ਜਥੇਬੰਦੀ ਦਲ ਖਾਲਸਾ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਥੇਬੰਦੀ ਦੇ ਸੰਸਥਾਪਕ ਅਤੇ ਹਾਈਜੈਕਰਾਂ ਵਿੱਚੋਂ ਇੱਕ ਭਾਈ ਗਜਿੰਦਰ ਸਿੰਘ ਨੂੰ ਰਾਜਨਿਤਿਕ ਸ਼ਰਨ ਦੇਵੇ। ਜਿਕਰਯੋਗ ਹੈ ਕਿ ਅੱਜ ਤੋਂ 42 ਸਾਲ ਪਹਿਲਾਂ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਸੰਤ ਜਰਨੈਲ ਸਿੰਘ ਭਿੰਡਾਂਵਾਲਿਆਂ ਦੀ ਰਿਹਾਈ ਅਤੇ ਪੰਜਾਬ ਅੰਦਰ ਸਿੱਖਾਂ ਨਾਲ਼ ਹੋ ਰਹੇ ਵਿਤਕਰੇ ਅਤੇ ਅਤਿਆਚਾਰਾ ਵੱਲ ਦੁਨੀਆਂ ਦਾ ਧਿਆਨ ਖਿੱਚਣ ਲਈ ਭਾਰਤੀ ਜਹਾਜ਼ ਅਗਵਾ ਕੀਤਾ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਤੰਬਰ 2020 ਵਿੱਚ ਗਜਿੰਦਰ ਸਿੰਘ ਦੀ “ਘਾਲਣਾ ਅਤੇ ਕੁਰਬਾਨੀ” ਨੂੰ ਮਾਨਤਾ ਦਿੰਦੇ ਹੋਏ ਉਸਨੂੰ ‘ਜਲਾਵਤਨ ਸਿੱਖ ਯੋਧਾ’ ਦਾ ਖਿਤਾਬ ਦਿੱਤਾ ਸੀ।

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਗਜਿੰਦਰ ਸਿੰਘ ਹਰ ਤਰ੍ਹਾਂ ਦੇ ਦਬਾਅ ਅਤੇ ਖ਼ੌਫ਼ ਤੋਂ ਮੁਕਤ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ। ਉਹਨਾਂ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਸਿਆਸੀ ਸ਼ਰਨ ਦਿੱਤੀ ਜਾਵੇ ਅਤੇ ਨਨਕਾਣਾ ਸਾਹਿਬ ਵਿਖੇ ਆਜਾਦਾਨਾ ਤਰੀਕੇ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਭਾਰਤ ਵੀ ਭਾਈ ਗਜਿੰਦਰ ਸਿੰਘ ਦੇ ਖਿਲਾਫ “ਕੋਈ ਨਫ਼ਰਤ ਅਤੇ ਬਦਲਾਖੋਰੀ ਦੀ ਭਾਵਨਾ” ਨਹੀਂ ਰੱਖੇਗਾ, ਕਿਉਂਕਿ ਉਸਨੇ “ਸ਼ਾਂਤਮਈ ਢੰਗ ਨਾਲ ਹਾਈਜੈਕਿੰਗ ਕੀਤੀ ਸੀ ਅਤੇ ਇਸ ਲਈ ਪਾਕਿਸਤਾਨੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਲਈ ਹੈ।

ਇਸ ਮੌਕੇ ਵੱਡੀ ਗਿਣਤੀ ਵਿਚ ਕਾਰਕੁੰਨ ਦਰਬਾਰ ਸਾਹਿਬ ਦੇ ਬਾਹਰ ਕਤਾਰਾਂ ਵਿਚ ਤਖ਼ਤੀਆਂ ਲੈ ਕੇ ਖੜ੍ਹੇ ਸਨ। ਅੱਜ ਦੇ ਸਮਾਗਮ ਦੇ ਪ੍ਰਬੰਧਕਾਂ ਨੇ ਰਾਅ ਏਜੰਸੀ ਦੇ ਗੈਰ-ਨਿਆਇਕ ਕਾਰਵਾਈਆਂ ਪਿੱਛੇ ਹੱਥ ਹੋਣ ਦਾ ਪਰਦਾਫਾਸ਼ ਕਰਨ ਲਈ ਕੈਨੇਡਾ ਦਾ ਧੰਨਵਾਦ ਕੀਤਾ।

 

ਦਲ ਖਾਲਸਾ ਨੇ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹ “ਜਲਾਵਤਨ” ਸਿੱਖ ਕਾਰਕੁਨਾਂ ਦੀ ਤੰਦਰੁਸਤੀ, ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, “ਸਿੱਖ ਅਜ਼ਾਦੀ ਸੰਘਰਸ਼” ਦੀ ਸਫਲਤਾ ਅਤੇ ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਜਵੜ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਅਰਦਾਸ ਕੀਤੀ। ਜਥੇਬੰਦੀ ਦੇ ਸਾਬਕਾ ਪ੍ਰਧਾਨ ਹਰਚਨਜੀਤ ਸਿੰਘ ਧਾਮੀ ਨੇ ਅਰਦਾਸ ਕੀਤੀ।

ਅਰਦਾਸ ਤੋਂ ਬਾਅਦ ਅਕਾਲ ਤਖਤ ਸਕੱਤਰੇਤ ਦੇ ਬਾਹਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਦੋਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਈ ਨਿੱਝਰ ਦੀ ਹੱਤਿਆ ਲਈ ਭਾਰਤ ਉੱਤੇ ਦੋਸ਼ ਲਗਾਉਣ ਵਾਲੇ ਬਿਆਨ ਨੇ ਕੂਟਨੀਤਕ ਤੂਫਾਨ ਛੇੜਿਆ ਹੈ, ਉਦੋਂ ਤੋਂ ਹੀ ਅੰਤਰਰਾਸ਼ਟਰੀ ਮੰਚਾਂ ‘ਤੇ ਖ਼ਾਲਿਸਤਾਨ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਲਈ ਇਹ ਸਮਾਂ ਅਤੇ ਮੌਕਾ ਹੈ ਕਿ ਉਹ ਪੰਜਾਬ ਦੇ ਸੰਘਰਸ਼ ਦੇ ਰਾਜਨੀਤਿਕ ਹੱਲ ਲਈ ਸਵੈ-ਨਿਰਣੇ ਦੇ ਅਧਿਕਾਰ ਅਤੇ ਆਜ਼ਾਦੀ ਲਈ ਸੰਘਰਸ਼ ਕਰ ਰਹੀ ਸਿੱਖ ਲੀਡਰਸ਼ਿਪ ਨਾਲ ਗੱਲ ਕਰੇ। ਉਹਨਾਂ ਕਿਹਾ ਕਿ ਪੰਜਾਬ ਸਮੱਸਿਆ ਇੱਕ ਰਾਜਨੀਤਿਕ ਸਮੱਸਿਆ ਹੈ ਪਰ ਇਹ ਭਾਰਤ ਦੀ ਬਦਨੀਤੀ ਹੈ ਕਿ ਉਸਨੇ ਇਸਨੂੰ ਹਮੇਸ਼ਾਂ ਹੀ ਕਾਨੂੰਨ ਵਿਵਸਥਾ ਦਾ ਮਾਮਲਾ ਬਣਾ ਕੇ ਪੇਸ਼ ਕੀਤਾ ਹੈ।

ਭਾਈ ਮੰਡ ਨੇ ਇੰਡੀਅਨ ਮੀਡੀਆ ਦੇ ਇਕ ਹਿੱਸੇ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਖਾਲਿਸਤਾਨੀ ਕਾਰਕੁਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਤੋ ਬਾਜ ਆਉਣ ਅਤੇ ਉਨ੍ਹਾਂ ਨੂੰ ਗੈਂਗਸਟਰਾਂ ਨਾਲ ਜੋੜਨਾ ਬੰਦ ਕਰਨ। ਪ੍ਰਬੰਧਕਾਂ ਨੇ ਫਾਈਵ ਆਈਜ (ਅਮਰੀਕਾ, ਕੈਨੇਡਾ, ਯੂ.ਕੇ., ਆਸਟ੍ਰੇਲੀਆ, ਨਿਊਜ਼ੀਲੈਂਡ) ਨੂੰ ਅਸਹਿਣਸ਼ੀਲ ਭਾਰਤ ‘ਤੇ ਨਿਰੰਤਰ ਨਜ਼ਰ ਰੱਖਣ ਦੀ ਅਪੀਲ ਕੀਤੀ ਕਿਉਂਕਿ ਉਹ ਸਮਝਦੇ ਹਨ ਕਿ ਭਾਰਤ ਏਜੰਸੀਆਂ ਵਿਦੇਸ਼ੀ ਧਰਤੀ ਤੇ ਖਾਲਿਸਤਾਨੀ ਕਾਰਕੁਨਾਂ ਵਿਰੁੱਧ ਹੋਰ ਵੀ ਗੈਰ-ਨਿਆਇਕ ਹਮਲੇ ਕਰ ਸਕਦਾ ਹੈ।

ਇਸ ਮੌਕੇ ਦਲਜੀਤ ਸਿੰਘ ਬਿੱਟੂ (ਪੰਥ ਸੇਵਕ) ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸ. ਨਰੈਣ ਸਿੰਘ ਚੌੜਾ, ਬਾਬਾ ਲਹਿਣਾ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ, ਰਣਬੀਰ ਸਿੰਘ, ਜਗਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਿਸਤਾਨੀ, ਗੁਰਵਿੰਦਰ ਸਿੰਘ ਬਠਿੰਡਾ, ਗੁਰਦੀਪ ਸਿੰਘ ਕਾਲਕਟ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਹਰਬੀਰ ਸਿੰਘ ਸੰਧੂ ਵੀ ਸ਼ਿਰਕਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,