ਖਾਸ ਖਬਰਾਂ » ਸਿੱਖ ਖਬਰਾਂ

ਦਲ ਖ਼ਾਲਸਾ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਦੇ ਨਾਂ ਹੇਠ ਮਨਾਉਣ ਦੀ ਨਿਖੇਧੀ ਕੀਤੀ

December 28, 2023 | By

ਚੰਡੀਗੜ੍ਹ-  ਦਲ ਖ਼ਾਲਸਾ ਨੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਦੇ ਨਾਂ ਹੇਠ ਮਨਾਉਣ ਲਈ ਕੇਂਦਰ ਸਰਕਾਰ, ਆਰ.ਐੱਸ.ਐੱਸ. ਅਤੇ ਇਸ ਦੇ ਸਿਆਸੀ ਵਿੰਗ ਭਾਜਪਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਨਰਿੰਦਰ ਮੋਦੀ ਸਰਕਾਰ ਦੁਆਰਾ ਦਿੱਤੇ ਗਏ ‘ਵੀਰ ਬਾਲ ਦਿਵਸ’ ਨਾਮ ‘ਤੇ ਇਤਰਾਜ਼ ਜਤਾਉਂਦੇ ਹੋਏ, ਸਿੱਖ ਸੰਸਥਾ ਦਲ ਖ਼ਾਲਸਾ ਨੇ ਹਿੰਦੁਤਵੀ ਤਾਕਤਾਂ ਉੱਤੇ “ਸਿੱਖ ਇਤਿਹਾਸ ਅਤੇ ਬਿਰਤਾਂਤਾਂ ਨੂੰ ਵਿਗਾੜ ਕੇ” ਉਸ ਉੱਤੇ ਹਿੰਦੁਤਵ ਪਾਨ ਚੜ੍ਹਾਉਣ” ਦਾ ਇਲਜ਼ਾਮ ਲਾਇਆ ਹੈ।

ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਮੋਦੀ ਸਰਕਾਰ ਦਾ ਇਕਪਾਸੜ ਅਤੇ ਮਨਮਾਨੀ ਵਾਲਾ ਫੈਸਲਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦੀ ਸਟੇਟ ਦੀ ਲਗਾਤਾਰ ਚਲੀ ਆ ਰਹੀ ਨੀਤੀ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਸੰਗਤਾਂ ਦੇ ਰੋਹ ਅੱਗੇ ਝੁਕਦਿਆਂ ਜਿਵੇਂ ਭਗਵੰਤ ਮਾਨ ਨੂੰ ਮਾਤਮੀ ਬਿਗਲ ਵਜਾਉਣ ਦਾ ਆਪਣਾ ਸਿਧਾਂਤਹੀਣ ਫੈਸਲਾ ਵਾਪਿਸ ਲੈਣਾ ਪਿਆ ਉਸੇ ਤਰਾਂ ਮੋਦੀ ਸਰਕਾਰ ਨੂੰ ਵੀ ਆਪਣਾ ਜਬਰੀ ਥੋਪਿਆ ਫੈਸਲਾ ਦੇਰ-ਸਵੇਰ ਵਾਪਿਸ ਲੈਣਾ ਪਵੇਗਾ।

ਉਹਨਾਂ ਸਪਸ਼ਟ ਕੀਤਾ ਕਿ ਸਿੱਖ ਸੋਚ ਅਤੇ ਚੇਤਨਤਾ ਨੇ ਕਦੇ ਵੀ ਆਪਣੇ ਧਾਰਮਿਕ ਅਤੇ ਤਰਜ-ਏ-ਜ਼ਿੰਦਗੀ ਨਾਲ ਜੁੜੇ ਮਾਮਲਿਆਂ ਵਿੱਚ ਹਕੂਮਤ ਦੇ ਜਬਰੀ ਫ਼ੈਸਲਿਆਂ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਨਾ ਹੀ ਭਵਿੱਖ ਵਿੱਚ ਕਰਨਗੇ ।

ਜਥੇਬੰਦੀ ਨੇ ਅਕਾਲ ਤਖ਼ਤ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਮੋਦੀ ਹਕੂਮਤ ਦੇ ਪ੍ਰਭਾਵ ਜਾਂ ਸਰਪ੍ਰਸਤੀ ਹੇਠ ਅੱਜ ਦਿੱਲੀ ਅਤੇ ਹੋਰ ਥਾਵਾਂ ’ਤੇ ‘ਵੀਰ ਬਾਲ ਦਿਵਸ’ ਦੇ ਬੈਨਰ ਹੇਠ ਸਮਾਗਮ ਕਰਨ ਵਾਲੇ ਸਿੱਖਾਂ ਦੀ ਜਵਾਬਤਲਬੀ ਕਰਨ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਦਲ ਖਾਲਸਾ ਸਮੇਤ ਸਿੱਖ ਸੰਸਥਾਵਾਂ ਨੇ ਸਰਕਾਰਾਂ ਦੇ ਇਸ ਨਾਮਕਰਨ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਉਨ੍ਹਾਂ ਦੇ ਧਾਰਮਿਕ ਮਾਮਲਿਆਂ ਵਿੱਚ ਹਕੂਮਤ ਦੀ ਦਖਲਅੰਦਾਜ਼ੀ ਕਰਾਰ ਦਿੱਤਾ ਹੈ। ਦਲ ਖਾਲਸਾ ਨੇ ਇਸ ਨੂੰ ਇਤਿਹਾਸ ਦੀ ਮਹਾਨ ਸ਼ਹਾਦਤ ਦੀ ਪਵਿੱਤਰਤਾ ਨੂੰ ਢਾਹ ਲਾਉਣ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।

ਉਹਨਾਂ ਦਲੀਲ ਦਿੱਤੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਗੌਰਵਮਈ ਕਾਰਜ ਸੀ ਜਿਸਦੀ ਇਤਿਹਾਸਿਕ ਮਹਾਨਤਾ ਅਤੇ ਉੱਚਤਾ ਹੈ ਅਤੇ ਇਸਨੂੰ ਸਿਰਫ਼ “ਬਹਾਦਰ ਬੱਚਿਆਂ” ਤੱਕ ਕਹਿ ਕੇ ਛੁਟਿਆਇਆ ਨਹੀਂ ਜਾ ਸਕਦਾ।

ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਸਾਹਿਬਜ਼ਾਦੇ ਬਾਲ ਨਹੀਂ ਸਨ। ਉਹ 7 ਅਤੇ 9 ਸਾਲ ਦੀ ਉਮਰ ਵਿੱਚ ਹੀ ਯੋਧੇ ਸਨ, ਬਾਬੇ ਸਨ। ਇਸ ਲਈ ਉਨ੍ਹਾਂ ਦੇ ਸ਼ਹੀਦੀ ਦਿਵਸ ਨੂੰ ‘ਵੀਰ ਬਾਲ” ਦਿਵਸ ਕਹਿਣਾ ਉਚਿਤ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,