ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਆਪੂੰ ਬਣਿਆ “ਫਖਰ-ਏ-ਕੌਮ” ਕੀ ਆਪਣੇ ਭੇਦ ਖੁੱਲ੍ਹਣ ਮਗਰੋਂ ਹੁਣ ਰੁਤਬਾ ਵਾਪਿਸ ਮੋੜੇਗਾ?

December 8, 2018 | By

ਨਰਿੰਦਰ ਪਾਲ ਸਿੰਘ*

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੀ ਬੀਤੇ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਕੋਰ ਕਮੇਟੀ ਦੀ ਬੈਠਕ ਵਲੋਂ ਲਏ ਇੱਕ ਅਹਿਮ ਫੈਸਲੇ ਅਨੁਸਾਰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਕਾਰਕੁੰਨ 8 ਦਸੰਬਰ ਤੋਂ 10 ਦਸੰਬਰ ਤੱਕ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਸਾਰੀਆਂ ਸੇਵਾਵਾਂ ਨਿਭਾਉਣਗੇ ਜੋ ਕਿ ਗੁਰਬਾਣੀ ਜਾਂ ਗੁਰ-ਸਿਧਾਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਸਿੱਖ ਨੂੰ ਅਕਾਲ ਤਖਤ ਸਾਹਿਬ ਵਲੋਂ ਧਾਰਮਿਕ ਤਨਖਾਹ ਵਜੋਂ ਨਿਭਾਉਣ ਲਈ ਹੁਕਮ ਕੀਤਾ ਜਾਂਦਾ ਹੈ। ਕੋਰ ਕਮੇਟੀ ਵਲੋਂ ਲਏ ਫੈਸਲੇ ਅਨੁਸਾਰ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਾਰਕੁੰਨਾਂ ਵਲੋਂ ਕੀਤੀ ਜਾ ਰਹੀ ਇਸ ਸੇਵਾ ਨੂੰ ਅਕਾਲੀ ਦਲ ਦੇ 10 ਸਾਲਾ ਕਾਰਜਕਾਲ ਦੌਰਾਨ ਜਾਣੇ ਅਨਜਾਣੇ ਵਿੱਚ ਹੋਈਆਂ ਭੁੱਲਾਂ ਜਾਂ ਗਲਤੀਆਂ ਦਾ ਪਸ਼ਚਾਤਾਪ ਦੱਸਿਆ ਜਾ ਰਿਹਾ ਹੈ।

ਦਲ ਦੇ ਇਸ ਫੈਸਲੇ ਨੂੰ ਤਿੱਖੀ ਨਜਰੇ ਵਾਚ ਰਹੇ ਸਿਆਸੀ ਚਿੰਤਕਾਂ ਨੇ ਸਵਾਲ ਚੁੱਕਿਆ ਹੈ ਕਿ ਅਕਾਲੀ ਦਲ ਦੀ ਨਜਰ ਵਿੱਚ ਉਹ ਕਿਹੜਾ ਐਸਾ ਗੁਨਾਹ ਜਾਂ ਗਲਤੀ ਹੈ ਜੋ 10 ਸਾਲਾਂ ਦੌਰਾਨ ਅਕਾਲੀ ਦਲ ਜਾਂ ਇਸਦੀ ਲੀਡਰਸ਼ਿਪ ਪਾਸੋਂ ਹੋਈ ਤੇ ਖੁਦ ਉਹਨਾਂ ਨੂੰ ਹੀ ਪਤਾ ਨਹੀ ਲੱਗਾ।ਇਨ੍ਹਾਂ ਸਿਆਸੀ ਚਿੰਤਕਾਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਇਹ ਜਰੂਰ ਸਾਫ ਕਰ ਦੇਣਾ ਚਾਹੀਦਾ ਸੀ ਕਿ ਆਖਿਰ ਉਹ ਕਿਹੜੀਆਂ ਗਲਤੀਆਂ ਲਈ ਧਾਰਮਿਕ ਪਸ਼ਚਾਤਾਪ ਕਰਨ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਨੇ ਆਪਣੇ ਮੁੱਢਲੇ ਸੰਵਿਧਾਨ (ਜਿਸ ਕਾਰਣ ਉਹ ਅੱਜ ਵੀ ਪੰਥਕ ਹੋਣ ਦਾ ਦਾਅਵਾ ਕਰਦਾ ਹੈ ਅਤੇ ਸ਼੍ਰੋਮਣੀ ਕਮੇਟੀ ,ਦਿੱਲੀ ਕਮੇਟੀ ਵਰਗੀਆਂ ਸਿੱਖ ਧਾਰਮਿਕ ਸੰਸਥਾਵਾਂ ਤੇ ਕਾਬਜ ਹੈ) ਨੂੰ ਤਾਂ ਸਾਲ 1995-96 ਵਿੱਚ ਬਦਲਕੇ ਧਰਮ ਨਿਰਪੱਖ ਪਾਰਟੀ ਹੋਣ ਦਾ ਐਲਾਨ ਕਰ ਦਿੱਤਾ ਸੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਭਾਰਤ ਦੇਸ਼ ਅੰਦਰ ਬਾਦਲ ਦਲ ਹੀ ਇੱਕ ਅਜਿਹੀ ਸਿਆਸੀ ਪਾਰਟੀ ਹੈ ਜਿਸ ਪਾਸ ਦੋ-ਦੋ ਸੰਵਿਧਾਨ ਹਨ ਤੇ ਇਸੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਤਰੀਕਾਂ ਵੀ ਭੁਗਤ ਰਿਹਾ ਹੈ।

ਬਾਦਲ ਦਲ ਇਹ ਦਾਅਵੇ ਜਰੂਰ ਕਰਦਾ ਹੈ ਕਿ ਉਸਦਾ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੀਆਂ ਸੰਸਥਾਵਾਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਿੱਚ ਕੋਈ ਦਖਲ਼ ਨਹੀ ਹੈ ਪਰ ਇਹ ਸੱਚਾਈ ਜੱਗ ਜਾਹਰ ਹੋ ਚੁੱਕੀ ਹੈ ਕਿ ਪੰਥ ਦੇ ਇਨ੍ਹਾਂ ਅਦਾਰਿਆਂ ਦੇ ਮੈਂਬਰਾਂ ਤੋਂ ਲੈ ਕੇ ਪ੍ਰਧਾਨ ਅਤੇ ਬਾਕੀ ਅਹੁਦੇਦਾਰ ਬਾਦਲਾਂ ਵਲੋਂ ਭੇਜੀ ਪਰਚੀ ਵਿਚੋਂ ਹੀ ਨਿਕਲਦੇ ਹਨ। ਸਿਆਸੀ ਚਿੰਤਕਾਂ ਦਾ ਮੰਨਣਾ ਹੈ ਕਿ ਅਕਾਲੀਦਲ ਵਲੋਂ ਸਾਲ 2007 ਵਿੱਚ ਸੂਬੇ ਦੀ ਸੱਤਾ ਸੰਭਾਲਦਿਆਂ ਹੀ ਵੋਟਾਂ ਖਾਤਿਰ ਜੋ ਸਿਆਸੀ ਸਾਂਝ ਗੁਰੂ ਦੋਖੀ ਡੇਰੇਦਾਰਾਂ ਤੇ ਸਿੱਖ ਦੁਸ਼ਮਣ ਸਿਆਸੀ ਪਾਰਟੀਆਂ ਨਾਲ ਪੀਡੀ ਕੀਤੀ ਗਈ ਉਹ ਸਿੱਖ ਕੌਮ ਦੀ ਨਿਗਾਹ ਵਿੱਚ ਬੱਜਰ ਗਲਤੀਆਂ ਹਨ। ਕਿਉਂਕਿ ਗੁਰੂ ਦੋਖੀ ਡੇਰਾ ਸਿਰਸਾ ਨਾਲ ਦਲ ਵਲੋਂ 2007 ਤੋਂ 2017 ਤੀਕ ਪੁਗਾਈ ਸਾਂਝ ਦਾ ਹੀ ਨਤੀਜਾ ਹੈ ਕਿ ਸੂਬੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਨਿਰਾਦਰ ਤੇ ਸਰਕਾਰੀ ਸ਼ਹਿ ਤੇ ਸਿੱਖਾਂ ਦੇ ਕਤਲ ਵਰਗੀਆਂ ਦੁਖਦਾਈ ਘਟਨਾਵਾਂ ਵਾਪਰੀਆਂ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਾਲ 1920 ਵਿੱਚ ਹੋਂਦ ਵਿੱਚ ਆਉਣ ਮੌਕੇ ਪ੍ਰਵਾਨ ਕੀਤੇ ਮੂਲ ਸੰਵਿਧਾਨ ਅਨੁਸਾਰ ਦੂਸਰਿਆਂ ਦੇ ਹੱਕਾਂ ਲਈ ਜੂਝਣ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਸਾਲ 2007 ਦੇ ਸ਼ੁਰੂਆਤ ਵਿੱਚ ਪੂਰੀ ਤਰ੍ਹਾਂ ਬਾਦਲ ਦਲ ਬਣਿਆ ਅਤੇ ਅਜਿਹਾ ਹੁੰਦਿਆਂ ਹੀ ਦਲ ਨੇ ਸਭ ਤੋਂ ਜਿਆਦਾ ਨੁਕਸਾਨ ਸਿੱਖ ਸਿਧਾਂਤਾਂ, ਸਿੱਖ ਸੰਸਥਾਵਾਂ ਅਤੇ ਸਿੱਖ ਤਖਤਾਂ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦਾ ਕੰਮ ਕੀਤਾ।
ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਤੇ ਡੇਰਾ ਮੁਖੀ ਨੂੰ ਤਖਤਾਂ ਦੇ ਜਥੇਦਾਰਾਂ ਪਾਸੋਂ ਦਿਵਾਈ ਗਈ ਮੁਆਫੀ ਦੇ ਸਿੱਧੇ ਦੋਸ਼, ਪਾਰਟੀ ਦੇ ਸਰਪ੍ਰਸਤ ਅਤੇ ਪ੍ਰਧਾਨ ਉਪਰ ਲੱਗੇ ਹਨ, ਇਸੇ ਹੀ ਮੁਆਫੀ ਤੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਣੇ ਹਾਲਾਤਾਂ ਨਾਲ ਨਿਬੜਦਿਆਂ ਬਾਦਲ ਦਲ ਦੀ ਸਰਕਾਰ ਨੇ ਨਿੱਹਥੇ ਸਿੱਖਾਂ ਨੂੰ ਡਾਂਗਾਂ ਤੇ ਗੋਲੀਆਂ ਦਾ ਨਿਸ਼ਾਨਾ ਵੀ ਬਣਾਇਆ।ਪਰ ਪਾਰਟੀ ਨੇ ਕਦੇ ਇਹ ਗੁਨਾਹ ਮੰਨਿਆ ਨਹੀ।

ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਜੋ ਸਾਲ 2015 ਵਿੱਚ ਪੰਜਾਬ ਦੇ ਮੁੱਖ ਮੰਤਰੀ ਸਨ, ਨੇ ਜੋ ਚਿੱਠੀ ਵੇਲੇ ਦੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਮ ਲਿਖੀ ਉਸ ਵਿੱਚ ਸਾਲ 2015 ਦੀਆਂ ਉਪਰੋਕਤ ਘਟਨਾਵਾਂ ਨੂੰ ਪ੍ਰਸ਼ਾਸਨਿਕ ਮਜਬੂਰੀ ਦੱਸਿਆ ਗਿਆ। ਚਿੰਤਕ ਤਾਂ ਇਹ ਵੀ ਦੁਹਰਾ ਰਹੇ ਹਨ ਕਿ ਬੇਅਦਬੀ ਤੇ ਸਿੱਖ ਕਤਲ ਕਾਂਡ ਦੇ ਦੋਸ਼ੀਆਂ ਖਿਲਾਫ ਸਰਕਾਰੀ ਕਾਰਵਾਈ ਵਿੱਚ ਢਿੱਲ ਮੱਠ ਦੇ ਦੋਸ਼ ਤਾਂ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਤੀਕ ਵੀ ਨਕਾਰੇ ਹਨ।ਫਿਰ ਅਜਿਹਾ ਕੀ ਵਾਪਰਿਆ ਕਿ ਅਕਾਲੀ ਦਲ ਨੂੰ ਅਚਨਚੇਤ ਹੀ ਯਾਦ ਆ ਗਿਆ ਕਿ ਉਹ ਆਪਣੇ ਇੱਕ ਦਹਾਕੇ ਦੇ ਰਾਜਭਾਗ ਦੌਰਾਨ ਜਾਣੇ ਅਨਜਾਣੇ ਵਿੱਚ ਕੀਤੀਆਂ ਭੁੱਲਾਂ ਦਾ ਪਸ਼ਚਾਤਾਪ ਕਰਨ ਦੇ ਰਾਹ ਟੁਰ ਪਿਆ।

ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ ਕਿ ਗਲਤੀਆਂ ਮਨੁੱਖ ਪਾਸੋਂ ਹੀ ਹੁੰਦੀਆਂ ਹਨ ਪਰ ਹੋਈਆਂ ਗਲਤੀਆਂ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੰੁਦਿਆਂ, ਗਲਤੀਆਂ ਨੂੰ ਯਾਦ ਕਰਾਉਣ ਵਾਲਿਆਂ ਨੂੰ ਜੁਲਮ ਤਸ਼ੱਦਦ ਦਾ ਸ਼ਿਕਾਰ ਬਣਾ ਦੇਣਾ ਤਾਂ ਕੋਈ ਸਾਧਾਰਣ ਭੱੁਲ ਨਹੀ ਹੈ।ਯਾਦ ਦਿਵਾਉਣਾ ਜਰੂਰੀ ਹੈ ਕਿ ਡੇਰਾ ਸਿਰਸਾ ਮੁਖੀ ਦੀ ਗੁਰੂ ਦੋਖੀ ਕਰਤੂਤ ਖਿਲਾਫ ਅਵਾਜ ਬੁਲੰਦ ਕਰਦਿਆਂ, ਇੱਕ ਹੋਰ ਡੇਰੇਦਾਰ ਆਸ਼ੂਤੋਸ਼ ਦੇ ਕੂੜ ਪ੍ਰਚਾਰ ਦਾ ਵਿਰੋਧ ਜਿਤਾਉਂਦਿਆਂ ਅਤੇ ਸਿੱਖ ਸੰਘਰਸ਼ ਦੇ ਅਹਿਮ ਯੋਧੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਮੁਆਫੀ ਖਿਲਾਫ ਪੰਜਾਬ ਬੰਦ ਮੌਕੇ ਜੋ ਸਿੱਖ ਨੌਜੁਆਨ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਗਏ, ਉਨ੍ਹਾਂ ਨੂੰ ਹੁਣ ਤੀਕ ਵੀ ਇਨਸਾਫ ਨਾ ਦੇਣ ਦੋਸ਼ੀ ਬਾਦਲ ਦਲ ਜਰੂਰ ਹੈ।ਕੀ ਬਾਦਲਾਂ ਦੇ ਇਸ ਪਸ਼ਚਾਤਾਪ ਨਾਲ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਜਾਵੇਗਾ? ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਬਣੀ ਇੱਕ ਸਿੱਖ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਤੇ ਅਕਾਲੀ ਦੀ ਪਰਿਭਾਸ਼ਾ ਤੋਂ ਰਹਿਤ ਕਰਦਿਆਂ ਨਿੱਜੀ ਸੰਸਥਾ ਬਣਾਕੇ ਸਿੱਖ ਕੌਮ ਤੇ ਸੰਸਾਰ ਦੇ ਲੋਕਾਂ ਨਾਲ ਧੋਖਾ ਕਰਨਾ ਬੱਜਰ ਪਾਪ ਨਹੀ ਹੈ? ਜੇਕਰ ਦਲ ਤੇ ਇਸਦੀ ਲੀਡਰਸ਼ਿਪ ਨੇ ਇਹ ਪ੍ਰਵਾਨ ਕਰ ਲਿਆ ਹੈ ਕਿ ਉਸਦੇ ਰਾਜਭਾਗ ਦੌਰਾਨ ਅਣਗਿਣਤ ਭੁੱਲਾਂ ਹੋਈਆਂ ਹਨ ਤਾਂ ਫਿਰ ਪਸ਼ਚਾਤਾਪ ਕਰਨ ਲੱਗਿਆਂ ਅਕਾਲ ਤਖਤ ਸਾਹਿਬ ਵਲੋਂ ਮਿਲਿਆ ਫਖਰ-ਏ-ਕੌਮ ਦਾ ਮਾਣ ਵਾਪਿਸ ਕਿਉਂ ਨਹੀ ? ਇਹ ਸਵਾਲ ਇਸ ਕਰਕੇ ਹੈ ਕਿ ਦਲ ਦੀ ਲੀਡਰਸ਼ਿਪ ਪਾਸੋਂ ਹੋਈਆਂ ਜਿਹੜੀਆਂ ਭੁੱਲਾਂ ਦਾ ਜਿਕਰ ਪਿਛਲੇ ਕਈ ਸਾਲਾਂ ਤੋਂ ਵਾਰ-ਵਾਰ ਹੋ ਰਿਹਾ ਹੈ ਉਨ੍ਹਾਂ ਦੇ ਮੱਦੇ-ਨਜਰ ਇਹ ਅਵਾਜ ਵੀ ਬੁਲੰਦ ਰਹੀ ਹੈ ਕਿ ਪਰਕਾਸ਼ ਸਿੰਘ ਬਾਦਲ ਫਖਰ-ਏ-ਕੌਮ ਹੋਣ ਦਾ ਹੱਕ ਗਵਾ ਬੈਠਾ ਹੈ।

ਹੁਣ ਸ਼ੁਰੂ ਹੋਣ ਜਾ ਰਹੀ ਦਲ ਦੀ ਪਸ਼ਚਤਾਪ ਸੇਵਾ ਦੇ ਮੱਦੇਨਜਰ ਇਹ ਸਵਾਲ ਵੀ ਅਹਿਮ ਰਹੇਗਾ ਕਿ ਇੱਕ ਫਖਰ-ਏ-ਕੌਮ,ਆਪਣੇ ਕਿਸ ਪਾਪ ਦਾ ਪਸ਼ਚਾਤਾਪ ਕਰ ਰਿਹਾ ਹੈ ਤੇ ਜੇਕਰ ਉਹ ਪਾਪ ਕਰ ਚੁੱਕਾ ਹੈ ਤਾਂ ਫਿਰ ਫਖਰ-ਏ-ਕੌਮ ਕਿਵੇਂ? ਕੀ ਪ੍ਰਕਾਸ਼ ਸਿੰਘ ਬਾਦਲ ਆਪਣੇ ਪਾਸੋਂ ਹੋਈਆਂ ਭੁੱਲਾਂ ਦੇ ਪਸ਼ਚਾਤਾਪ ਵਜੋਂ ਆਪਣੇ ਅਸਰ ਹੇਠਲੇ ਵਾਲੇ ਜਥੇਦਾਰਾਂ ਪਾਸੋਂ ਲਿਆ ਫਖਰ-ਏ-ਕੌਮ ਦਾ ਸਨਮਾਨ ਵਾਪਸ ਮੋੜਨਗੇ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,