ਖਾਸ ਖਬਰਾਂ » ਸਿੱਖ ਖਬਰਾਂ

ਦਿੱਲੀ ਕਮੇਟੀ ਵੱਲੋਂ ਜਗਦੀਸ਼ ਟਾਈਟਲਰ ਦੀ ਵੀਡੀਓ ਦੇ 5 ਹਿੱਸੇ ਜਾਰੀ, ਜੀ.ਕੇ. ਨੇ ਕਿਹਾ ਟਾਈਟਲਰ ਨੂੰ ਗ੍ਰਿਫਤਾਰ ਕੀਤਾ ਜਾਵੇ

February 5, 2018 | By

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੇ 5 ਵੀਡੀਓ ਕਲਿੱਪ ਕਾਸ਼ਟੀਟਿਊਸ਼ਨਲ ਕਲਬ ’ਚ ਮੀਡੀਆ ਸਾਹਮਣੇ ਜਾਰੀ ਕੀਤੇ।  ਦਿੱਲੀ ਕਮੇਟੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਵਿੱਚ ਟਾਈਟਲਰ ਵੱਲੋਂ ਨਵੰਬਰ 1984 ਸਿੱਖ ਕਤਲੇਆਮ ’ਚ 100 ਸਿੱਖਾਂ ਦਾ ਕਤਲ ਕਬੂਲ ਕੀਤਾ।

ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ 3 ਫਰਵਰੀ 2018 ਨੂੰ ਦੁਪਹਿਰ ਦੇ ਵੇਲੇ ਉਨ੍ਹਾਂ ਦੇ ਘਰ ਗ੍ਰੇਟਰ ਕੈਲਾਸ਼ ’ਚ ਸੁਰੱਖਿਆ ਕਰਮੀ ਨੂੰ ਕੋਈ ਅਣਪੱਛਾਤਾ ਵਿਅਕਤੀ ਇੱਕ ਚਿੱਟਾ ਲਿਫਾਫਾ ਦੇ ਕੇ ਗਿਆ ਸੀ। ਜੀ.ਕੇ. ਨੇ ਦੱਸਿਆ ਕਿ ਲਿਫਾਫੇ ’ਤੇ ਮੇਰੇ ਨਾਂ ਦੇ ਨਾਲ ਲਿਫਾਫੇ ਨੂੰ ਗੁਪਤ ਦੱਸਦੇ ਹੋਏ ਮੈਨੂੰ ਖੁੱਦ ਲਿਫਾਫਾ ਖੋਲਣ ਦੀ ਹਿਦਾਇਤ ਦਿੱਤੀ ਗਈ ਸੀ। ਜਦੋਂ 3 ਵਜੇ ਦੇ ਕਰੀਬ ਮੇਰੇ ਗਾਰਡ ਨੇ ਮੈਂਨੂੰ ਇਹ ਲਿਫਾਫਾ ਦਿੱਤਾ। ਲਿਫਾਫਾ ਖੋਲਣ ’ਤੇ ਕੁਝ ਕਾਗਜਾਤ ਅਤੇ ਪੈਨ-ਡਰਾਈਵ ਮਿਲੀ। ਕਾਗਜਾਤਾਂ ਨੂੰ ਪੜ੍ਹਨ ਨਾਲ ਸਮਝ ਆਇਆ ਕਿ ਇਸ ’ਚ 8 ਦਸੰਬਰ 2011 ਦੀ 5 ਵੀਡੀਓ ਦੀ ਸਕਰਿਪਟ ਲਿੱਖੀ ਹੋਈ ਹੈ।

 ਵਧੇਰੇ ਜਾਣਕਾਰੀ ਲਈ ਇਹ ਖ਼ਬਰ ਅੰਗ੍ਰੇਜੀ ਵਿੱਚ ਪੜੋ:  Five Clips of Jagdish Tytler’s “Sting Video” Released by Manjit Singh G. K. [Watch Videos]

ਮਨਜੀਤ ਸਿੰਘ ਜੀ. ਕੇ. ਨੇ ਖਬਰੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ: “ਮੈਂ ਤੁਰੰਤ ਇਸ ਲਿਫਾਫੇ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਆਪਣੇ ਦਫ਼ਤਰ ’ਚ ਆਪਣੇ ਨਿਜ਼ੀ ਸਹਾਇਕ ਵਿਕਰਮ ਸਿੰਘ ਕੋਲ ਭੇਜਿਆ ਤਾਂਕਿ ਅਗਲੀ ਕਾਰਵਾਈ ਲਈ ਕਮੇਟੀ ਦਾ ਮੀਡੀਆ ਅਤੇ ਕਾਨੂੰਨੀ ਵਿਭਾਗ ਆਪਣੀ ਰਾਇ ਦੇ ਸਕੇ। ਉਸਤੋਂ ਬਾਅਦ ਮੀਡੀਆ ਵਿਭਾਗ ਮੁਖੀ ਪਰਮਿੰਦਰ ਪਾਲ ਸਿੰਘ ਨੇ ਜਦੋਂ ਪੈਨ ਡਰਾਈਵ ਨੂੰ ਚਲਾ ਕੇ ਵੇਖਿਆ ਤਾਂ ਉਸ ’ਚ ਟਾਈਟਲਰ ਦੇ ਕਿਸੇ ਸਟਿੰਗ ਆੱਪਰੇਸ਼ਨ ਦੀ 5 ਵੀਡੀਓ ਸਨ। ਫੋਨ ’ਤੇ ਇਸ ਦੇ ਬਾਅਦ ਦੋਨੋਂ ਵਿਭਾਗ ਮੁਖੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਮੈਂ ਤੁਰੰਤ ਇਸ ਮਸਲੇ ’ਤੇ ਪ੍ਰੈਸ ਕਾਨਫਰੰਸ ਸੋਮਵਾਰ ਨੂੰ ਕਰਨ ਦਾ ਆਦੇਸ਼ ਦਿੱਤਾ। ਤਾਂਕਿ ਟਾਈਟਲਰ ਦਾ ਸੱਚ ਲੋਕਾਂ ਸਾਹਮਣੇ ਆ ਸਕੇ। ਪ੍ਰੈਸ ਕਾਨਫਰੰਸ ਦੇ ਬਾਅਦ ਅਸੀਂ ਅਗਲੀ ਕਾਰਵਾਈ ਲਈ ਇਸ ਲਿਫਾਫੇ ਨੂੰ ਸੀ.ਬੀ.ਆਈ. ਅਤੇ ਦਿੱਲੀ ਪੁਲਿਸ ਨੂੰ ਸੌਂਪਣ ਜਾ ਰਹੇ ਹਾਂ”।

ਜੀ.ਕੇ. ਨੇ ਕਿਹਾ ਕਿ ਵੀਡੀਓ ਨੰਬਰ 3 ’ਚ ਟਾਈਟਲਰ ਖੁਦ ਕਹਿ ਰਿਹਾ ਹੈ ਕਿ ਉਸਨੇ 100 ਸਰਦਾਰਾਂ ਦਾ ਕਤਲ ਕੀਤਾ ਹੈ ਪਰ ਕੁਝ ਨਹੀਂ ਹੋਇਆ, ਜਾਂਚ ਜਾਰੀ ਹੈ। ਇਹ ਟਾਈਟਲਰ ਦਾ ਇਕਬਾਲੀਆ ਜੁਰਮ ਹੈ। ਜੇਕਰ ਅੱਜੇ ਵੀ ਜਾਂਚ ਏਜੰਸੀਆਂ ਨੇ 24 ਘੰਟੇ ਦੇ ਅੰਦਰ ਟਾਈਟਲਰ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਪੁਲਿਸ ਹੈਡਕੁਆਟਰ ਦਾ ਘੇਰਾਵ ਕਰਨ ਨੂੰ ਮਜਬੂਰ ਹੋਵਾਂਗੇ। ਅਕਾਲੀ ਦਲ ਇਸ ਮਸਲੇ ’ਤੇ ਹੁਣ ਚੁੱਪ ਨਹੀਂ ਬੈਠੇਗਾ, ਲੋੜ ਪੈਣ ’ਤੇ ਅਕਾਲੀ ਸਾਂਸਦ ਇਸ ਮਸਲੇ ਨੂੰ ਸੰਸਦ ’ਚ ਵੀ ਚੁੱਕਣਗੇ।

ਵੀਡੀਓ ਨੰਬਰ 1 ’ਚ ਟਾਈਟਲਰ ਆਪਣੇ 4 ਦੋਸਤਾਂ ਤੋਂ 150 ਕਰੋੜ ਰੁਪਏ ਨਗਦ ਨਾ ਵਾਪਸ ਮਿਲਣ ’ਤੇ ਅਫ਼ਸੋਸ ਜਤਾ ਰਿਹਾ ਹੈ। ਜੋ ਸਿੱਧੇ ਤੌਰ ’ਤੇ ਬੇਨਾਮੀ ਅਤੇ ਅਘੋਸ਼ਿਤ ਕਾਲੇ ਧੰਨ ਦਾ ਮਾਮਲਾ ਲਗਦਾ ਹੈ। ਵੀਡੀਓ ਨੰਬਰ 2 ’ਚ ਟਾਈਟਲਰ ਸਿਵਸ ਅਕਾਉਂਟ ਵਾਲੀ ਇੱਕ ਕੰਪਨੀ ’ਚ ਆਪਣੇ ਬੇਟੇ ਦੇ ਸ਼ੇਅਰ ਹੋਲਡਰ ਹੋਣ ਦੀ ਗੱਲ ਕਰਦਾ ਹੋਇਆ ਕਾਂਗਰਸ ਹਾਈਕਮਾਨ ਦੇ ਨਾਲ ਹੋਈ ਗੱਲਬਾਤ ਦੇ ਆਧਾਰ ’ਤੇ 2 ਮਹੀਨੇ ’ਚ ਰਾਜਸਭਾ ਸੀਟ ਜਾਂ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਮਿਲਣ ਦੀ ਜਾਣਕਾਰੀ ਦੇ ਰਿਹਾ ਹੈ।

ਵੀਡੀਓ ਨੰਬਰ 3 ’ਚ ਟਾਈਟਲਰ ਆਪਣੇ ਵੱਲੋਂ 100 ਸਰਦਾਰਾਂ ਦੇ ਕਤਲ ਕਰਨ ਦਾ ਹਵਾਲਾ ਦਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਇਸੇ ਕਾਰਨ ਵਿਸ਼ਵਾਸ ਗੁਆਉਣ ਦਾ ਇਸ਼ਾਰਾ ਕਰ ਰਿਹਾ ਹੈ।

ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਵੀਡੀਓ ਨੰਬਰ 4 ’ਚ ਟਾਈਟਲਰ ਨਿਆਪਾਲਿਕਾ ’ਚ ਆਪਣੀ ਪਕੜ ਦੀ ਗੱਲ ਨੂੰ ਬਿਆਨ ਕਰ ਰਿਹਾ ਹੈ। ਟਾਈਟਲਰ ਜਿਥੇ ਚੀਫ਼ ਜਸਟਿਸ ਨੂੰ ਫੋਨ ਕਰਨ ਦੀ ਗੱਲ ਕਰਦਾ ਹੈ ਉਥੇ ਹੀ ਆਪਣੇ ਵੱਲੋਂ ਮਿਸਟਰ ਐਂਡ ਮਿਸੇਜ਼ ਪਾਠਕ ਨੂੰ ਦਿੱਲੀ ਹਾਈ ਕੋਰਟ ’ਚ ਲਗਾਉਣ ਦਾ ਵੀ ਦਾਅਵਾ ਕਰਦਾ ਹੈ। ਜੀ.ਕੇ. ਨੇ ਕਿਹਾ ਕਿ ਕਾਂਗਰਸ ਅਤੇ ਟਾਈਟਲਰ ਦਾ ਨਿਆਂਪਾਲਿਕਾ ’ਤੇ ਪਕੜ ਦਾ ਦਾਅਵਾ ਪਹਿਲੀ ਨਜ਼ਰ ’ਚ ਸਹੀ ਵੀ ਲਗਦਾ ਹੈ ਕਿਉਂਕਿ 26 ਫਰਵਰੀ 2010 ਨੂੰ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਅਤੇ ਉਸਦੇ ਸਾਥੀਆਂ ਨੂੰ ਇੱਕ ਮਾਮਲੇ ’ਚ ਅਗਾਹੂ ਜਮਾਨਤ ਦਿੱਤੀ ਸੀ। ਜਿਸ ਮਾਮਲੇ ’ਚ ਸੱਜਣ ਕੁਮਾਰ ਨਾ ਕੇਵਲ ਭਗੌੜਾ ਘੋਸ਼ਿਤ ਹੋ ਚੁੱਕਿਆ ਸੀ ਸਗੋਂ ਹੇਠਲੀ ਅਦਾਲਤ ਨੇ ਉਸਦੇ ਖਿਲਾਫ਼ ਗੈਰ ਜਮਾਨਤੀ ਵਰੰਟ ਵੀ ਜਾਰੀ ਕੀਤੇ ਹੋਏ ਸਨ। ਇਹ ਜਮਾਨਤ ਸ਼ੁਰੂ ਤੋਂ ਹੀ ਸਵਾਲਾ ਦੇ ਘੇਰੇ ’ਚ ਰਹੀ ਹੈ। ਪਰ ਹੁਣ ਟਾਈਟਲਰ ਦੇ ਦਾਅਵੇ ਦੇ ਬਾਅਦ ਹੁਣ ਸ਼ੱਕ ਹੋਰ ਵੀ ਗਹਿਰਾ ਹੋ ਗਿਆ ਹੈ।

ਜੀ.ਕੇ. ਨੇ ਦੱਸਿਆ ਕਿ ਵੀਡੀਓ ਨੰਬਰ 5 ’ਚ ਟਾਈਟਲਰ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਨਾ ਹਜ਼ਾਰੇ ਵੱਲੋਂ ਸ਼ੁਰੂ ਕੀਤੀ ਗਈ ਇੰਡੀਆ ਅੰਗੇਂਸਟ ਕਰੱਪਸ਼ੰਨ ਮੁਹਿੰਮ ਨਾਲ ਜੁੜੇ ਅੰਨਾ ਹਜ਼ਾਰੇ, ਕਿਰਨ ਬੇਦੀ ਅਤੇ ਅਰਵਿੰਦ ਕੇਜ਼ਰੀਵਾਲ ’ਤੇ ਫਾਸੀਵਾਦੀ ਤਰੀਕੇ ਨਾਲ ਨਕੇਲ ਕਸਣ ਦੀ ਵਕਾਲਤ ਕਰਦਾ ਹੋਇਆ ਦੇਸ਼ ’ਚ ਭ੍ਰਿਸ਼ਟਾਚਾਰ ਕਦੇ ਨਾ ਖਤਮ ਹੋਣ ਦੀ ਗੱਲ ਕਰ ਰਿਹਾ ਹੈ।

ਇਸ ਲਈ ਇਸ ਮਾਮਲੇ ਨੂੰ ਲੈ ਕੇ ਦਿੱਲੀ ਕਮੇਟੀ ਵੱਲੋਂ ਆਮਦਨ ਕਰ ਵਿਭਾਗ, ਪ੍ਰਵਰਤਨ ਨਿਦੇਸਾਲਾ, ਸੀ.ਬੀ.ਆਈ., ਦਿੱਲੀ ਪੁਲਿਸ, ਆਰਥਿਕ ਅਪਰਾਧ ਸ਼ਾਖਾ, ਭਾਰਤੀ ਰਿਜਰਵ ਬੈਂਕ, ਸੁਪਰੀਮ ਕੋਰਟ ਅਤੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਅਤੇ 1984 ਦੀ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਵੱਲੋਂ ਬਣਾਈ ਐਸ.ਆਈ.ਟੀ. ਨੂੰ ਟਾਈਟਲਰ ਦੇ ਖਿਲਾਫ਼ ਤੁਰੰਤ ਕਾਰਵਾਈ ਕਰਨ ਲਈ ਪੱਤਰ ਭੇਜੇ ਜਾ ਰਹੇ ਹਨ।

ਮਨਜੀਤ ਸਿੰਘ ਜੀ.ਕੇ. ਵੱਲੋਂ ਅੱਜ ਆਪਣੇ ਫੇਸਬੁੱਕ ਪੇਜ਼ ‘ਤੇ ਸਾਂਝੀਆਂ ਕੀਤੀਆਂ ਜਗਦੀਸ਼ ਟਾਈਟਲਰ ਦੀਆਂ 5 ਵੀਡੀਓ ਹੇਠਾਂ ਦੇਖੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,