May 11, 2020 | By ਸਿੱਖ ਸਿਆਸਤ ਬਿਊਰੋ
ਪੰਜਾਬ ਪੁਲਿਸ ਨੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਵਿਰੁੱਧ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ, ਤਸੀਹੇ ਦੇਣ ਅਤੇ ਉਸ ਨੂੰ ਜਾਨੋ ਖਤਮ ਕਰਨ ਦੇ 29 ਸਾਲ ਪੁਰਾਣੇ ਮਾਮਲੇ ਵਿਚ ਪਰਚਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਡੀ.ਐਸ.ਪੀ ਬਲਦੇਵ ਸਿੰਘ ਸੈਣੀ, ਇਕ ਇੰਸਪੈਕਟਰ ਹਨ, ਤਿੰਨ ਸਬ-ਇੰਸਪੈਕਟਰ ਅਤੇ ਇਕ ਏ.ਐਸ.ਆਈ ਵੀ ਸ਼ਾਮਿਲ ਹਨ।
ਇਹ ਐਫ.ਆਈ.ਆਰ. (ਨੰਬਰ 77/20 ਠਾਣਾ ਮਟੌਰ) ਮ੍ਰਿਤਕ ਦੇ ਭਰਾ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ਉੱਤੇ ਦਰਜ ਕੀਤੀ ਗਈ ਹੈ। ਬਲਵੰਤ ਸਿੰਘ ਮੁਲਤਾਨੀ ਦਾ ਪਿਤਾ ਦਰਸ਼ਨ ਸਿੰਘ ਮੁਲਤਾਨੀ ਇਕ ਆਈ.ਏ.ਐਸ ਅਫਸਰ ਸੀ ਪਰ ਉਹ ਆਪਣੇ ਪੁੱਤਰ ਨੂੰ ਨਾ ਬਚਾ ਸਕਿਆ। ਕਲਪਨਾ ਕਰੋ ਕਿ ਉਸ ਸਮੇਂ ਆਮ ਸਿੱਖ ਨੌਜਵਾਨਾਂ ਨਾਲ ਪੁਲਿਸ ਕੀ ਕਰਦੀ ਰਹੀ ਹੋਵੇਗੀ? ਪੁਲਿਸ ਨੂੰ ਉਸ ਵੇਲੇ ਅੰਨ੍ਹੀਆਂ ਗੈਰ-ਵਿਧਾਨਿਕ ਤਾਕਤਾ ਦਿੱਤੀਆਂ ਗਈਆਂ ਸਨ।
ਬਾਅਦ ਵਿਚ, ਸਾਲ 2007 ਵਿਚ ਹਾਈ ਕੋਰਟ ਦੇ ਜੱਜ ਮਹਿਤਾਬ ਸਿੰਘ ਗਿਲ ਦੇ ਹੁਕਮਾਂ ਨਾਲ ਸੀ.ਬੀ.ਆਈ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ 2008 ਵਿਚ ਸੈਣੀ ਵਿਰੁੱਧ ਐਫ.ਆਈ.ਆਰ ਹੋਈ ਗਈ ਸੀ, ਜਿਸ ਨੂੰ ਉਸ ਵਕਤ ਬਾਦਲਾਂ ਦੀ ਸਰਕਾਰ ਨੇ ਸੁਪਰੀਮ ਕੋਰਟ ਪਹੁੰਚ ਕਰਕੇ ਸੈਣੀ ਦੇ ਬਚਾਅ ਲਈ ਪੰਜਾਬ ਸਰਕਾਰ ਦੇ ਖਰਚੇ ਨਾਲ 2011 ਵਿਚ ਰੱਦ ਕਰਵਾ ਦਿੱਤਾ ਸੀ।
2015 ਵਿਚ ਗੁਰਮੀਤ ਸਿੰਘ ‘ਪਿੰਕੀ’ ਨੇ ‘ਆਉਟਲੁੱਕ’ ਰਸਾਲੇ ਨੂੰ ਇਕ ਇੰਟਰਵਿਊ ਦਿੱਤੀ ਸੀ, ਜਿਸ ਵਿਚ ਪੀੜਤ ਨੂੰ ਤਸੀਹੇ ਦਿੱਤੇ ਜਾਣ ਦਾ ਵੇਰਵਾ ਸੀ ਅਤੇ ਬਲਵੰਤ ਸਿੰਘ ਮੁਲਤਾਨੀ ਨੂੰ ਖਤਮ ਕਰਨ ਦਾ ਇਕਬਾਲੀਆ ਬਿਆਨ ਸੀ। ਇਹ ਇੰਟਰਵਿਊ ਪੁਲੀਸ ਪਰਚੇ ਵਿਚ ਸ਼ਾਮਲ ਹੈ।
ਲੁਧਿਆਣੇ ਦੇ ਇੱਕ ਉਦਯੋਗਪਤੀ ਅਤੇ ਉਸਦੇ ਰਿਸ਼ਤੇਦਾਰਾਂ ਦੇ “ਖ਼ਾਤਮੇ” ਵਰਗੇ ਮਾਮਲਿਆਂ ਵਿਚ ਸੁਮੇਧ ਸੈਣੀ ਵਿਰੁਧ ਸੀ.ਬੀ.ਆਈ. ਅਦਾਲਤ ਵਿਚ ਕੇਸ ਚੱਲਦੇ ਹੋਣ ਦੇ ਬਾਵਜੂਦ ਬਾਦਲਾਂ ਨੇ ਸੈਣੀ ਦੀ ਸਰਪ੍ਰਸਤੀ ਜਾਰੀ ਰੱਖੀ ਅਤੇ ਉਸ ਨੂੰ ਅਪਣੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਪਿੱਛੇ ਪਾ ਕੇ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਇਆ।
ਬਾਦਲਾਂ ਦੀ ਸਰਕਾਰ ਵੇਲੇ ਸੁਮੇਧ ਸੈਣੀ ਦਾ ਨਾਂ ਸਾਕਾ ਬਹਿਬਲ ਕਲਾਂ ਅਤੇ ਸਾਕਾ ਕੋਟਕਪੂਰਾ ਮਾਮਲਿਆਂ ਵਿਚ ਵੀ ਸਾਹਮਣੇ ਆਇਆ।
ਹਾਲੀਆ ਪਰਚਾ ਦਰਜ਼ ਹੋਣ ਤੋਂ ਬਾਅਦ ਸੁਮੇਧ ਸੈਣੀ ਨੇ ਗ੍ਰਿਫਤਾਰੀ ਤੋਂ ਬਚਨ ਲਈ ਹਿਮਾਚਲ ਪ੍ਰਦੇਸ਼ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਰਫਿਊ ਪਾਸ ਨਾ ਹੋਣ ਕਰਕੇ ਹਿਮਾਚਲ ਵਿਚ ਵੜਨ ਨਹੀਂ ਦਿੱਤਾ।
ਸੈਣੀ ਨੇ ਇਹ ਦੋਸ਼ ਲਾਇਆ ਹੈ ਕਿ ਉਸਦੇ ਉੱਤੇ ਐਫ.ਆਈ.ਆਰ. ਇਸ ਲਈ ਦਰਜ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਹੁਣ “ਰਾਸ਼ਟਰ ਵਿਰੋਧੀ ਅਨਸਰਾਂ” ਨਾਲ ਮਿਲ ਚੁੱਕਿਆ ਹੈ।
ਇਹ ਕਾਰਵਾਈ ਪੁਲਿਸ ਦੀ ਅੰਦਰੂਨੀ ਗੁਟਬੰਦੀ ਦੇ ਅਸਰ, ਮਨੁੱਖੀ ਅਧਿਕਾਰ ਸੰਸਥਾਵਾਂ ਦਾ ਦੁਬਾਅ ਅਤੇ ਪੰਜਾਬ ਤੇ ਸਿੱਖ ਵਿਰੋਧੀ ਪੁਲਿਸ ਲਾਬੀ ਦੇ ਬਾਦਲਾਂ ਦੇ ਗਠਜੋੜ ਦਾ ਪਰਦਾਫਾਸ਼ ਕਰਨ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹੜੇ ਕੇ.ਪੀ.ਐਸ. ਗਿੱਲ ਦੇ ਵਾਰਿਸ ਹੋਣ ਕਰਕੇ ਪੰਜਾਬ ਦੇ ਸੱਤਾਧਾਰੀ ਸਿਆਸਤਦਾਨਾਂ ਨੂੰ ਛੱਡ ਕੇ ਦਿਲੀ ਦਰਬਾਰ ਤਕ ਸਿੱਧੀ ਪਹੁੰਚ ਰੱਖਦੇ ਹਨ।
ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਦਰਿਆਵਾਂ ਉੱਤੇ ਪਿਛਲੇ ਪਾਣੀ ਦੇ ਸਮਝੌਤਿਆਂ ਨੂੰ ਰੱਦ ਕਰਦਿਆਂ ਸਿੱਖ ਕਿਸਾਨਾਂ ਦੀਆਂ ਵੋਟਾਂ ਅਤੇ ਸਮਰਥਨ ਹਾਸਲ ਕੀਤਾ ਸੀ। ਹੁਣ ਉਸ ਨੇ ਬਾਦਲਾਂ ਖ਼ਿਲਾਫ਼ ਇੱਕ ਹੋਰ ‘ਭਾਵੁਕ ਮੁੱਦਾ’ ਹਾਸਲ ਕਰ ਲਿਆ ਹੈ, ਜਿਸ ਵਿੱਚ ਪੰਜਾਬੀਆਂ ਤੇ ਸਿੱਖਾਂ ਨਾਲ ਅੱਤਿਆਚਾਰ ਕਰਨ ਵਾਲੇ ਬਦਨਾਮ ਅਧਿਕਾਰੀ ਸੁਮੇਧ ਸੈਣੀ ਉੱਤੇ ਪੁਲਿਸ ਪਰਚਾ ਕੀਤਾ ਗਿਆ ਹੈ। ਵੇਖਣਾ ਹੋਵੇਗਾ ਕਿ ਬਾਦਲ ਅਤੇ ਹੋਰ “ਰਾਸ਼ਟਰਵਾਦੀ ਸ਼ਕਤੀਆਂ” ਕੀ ਪ੍ਰਤੀਕਰਮ ਦਿੰਦੀਆਂ ਹਨ?
– ਜਸਪਾਲ ਸਿੰਘ ਸਿੱਧੂ ਤੇ ਖੁਸ਼ਹਾਲ ਸਿੰਘ
Related Topics: Advocate Satnam Singh Kaler, Badal Dal, Gurmeet Pinki, Jaspal Singh Sidhu, Khushal Singh (Kendri Sri Guru Singh Sabha), Parkash Singh Badal, Sumedh Saini