July 27, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਕਮੇਟੀ ਵਲੋਂ ਹਮਾਇਤ ਪ੍ਰਾਪਤ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਨੇ ਅਹਿਮ ਫੈਸਲਾ ਲੈਂਦਿਆਂ ਜਿਥੇ ਇਟਲੀ ਸਰਕਾਰ ਵਲੋਂ ਸੁਝਾਏ ਕ੍ਰਿਪਾਨ ਦੇ ਨਵੇਂ ਰੂਪ ਨੂੰ ਰੱਦ ਕਰ ਦਿੱਤਾ ਹੈ ਉਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੀਤੇ ਦਿਨੀਂ ਪ੍ਰਕਾਸ਼ ਕੀਤੇ ਗਏ ਤੀਸਰੀ ਲਿਖਤ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਮਾਮਲੇ ਵਿੱਚ ਤਖਤ ਸਾਹਿਬ ਦੇ ਹੈੱਡ ਗ੍ਰੰਥੀ, ਮੈਨੇਜਰ, ਇੰਚਾਰਜ ਅਖੰਡ ਪਾਠਾਂ ਅਤੇ ਸਰੂਪ ਲਿਖਣ ਵਾਲੇ ਮਲੇਸ਼ੀਆ ਵਾਸੀ ਜਸਵੰਤ ਸਿੰਘ ਖੋਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਹੈ। ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਪਾਏ ਗਏ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਇੰਚਾਰਜ ਅਖੰਡ ਪਾਠਾਂ ਜਰਨੈਲ ਸਿੰਘ ਤੇ ਮੈਨੇਜਰ ਜਗਜੀਤ ਸਿੰਘ ਖਿਲਾਫ ਪ੍ਰਬੰਧਕੀ ਕਾਰਵਾਈ ਕਰਨ ਅਤੇ ਸਬੰਧਤ ਸਰੂਪ ਦੀ ਵੀਡੀਓ ਗਰਾਫੀ ਤੇ ਫੋਟੋਗਰਾਫੀ ਕਰਵਾਕੇ ਅਗਨ ਭੇਟ ਕਰਨ ਲਈ ਗੋਇੰਦਵਾਲ ਸਾਹਿਬ ਪਹੁੰਚਾਇਆ ਜਾਏ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਜਗਤਾਰ ਸਿੰਘ ਲੁਧਿਆਣਾ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਗਿਆਨੀ ਮਲਕੀਅਤ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਸ਼ਾਮਿਲ ਹੋਏ। ਤਿੰਨ ਘੰਟੇ ਚੱਲੀ ਇਕੱਤਰਤਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਟਲੀ ਸਰਕਾਰ ਵਲੋਂ ਸੁਝਾਈ ਜਾ ਰਹੀ ਕ੍ਰਿਪਾਨ ਕਿਸੇ ਤਰ੍ਹਾਂ ਵੀ ਕਕਾਰ ਵਜੋਂ ਅਨੁਕੂਲ ਨਹੀਂ ਹੈ ਕਿਉਂਕਿ ਪੰਜ ਕਕਾਰਾਂ ਵਿੱਚ ਸ਼ਾਮਿਲ ਕ੍ਰਿਪਾਨ ਇੱਕ ਸ਼ਸਤਰ ਵੀ ਹੈ ਜਦ ਕਿ ਪ੍ਰਸਤਾਵਤ ਕ੍ਰਿਪਾਨ ਤਾਂ ਪਲਾਸਟਿਕ ਦੀ ਹੈ। ਉਨ੍ਹਾਂ ਦੱਸਿਆ ਕਿ ਦੁਨੀਆਂ ਭਰ ਤੋਂ ਸਿੱਖ ਸੰਗਤਾਂ ਵਲੋਂ ਪੁੱਜੇ ਸੁਝਾਵਾਂ ਦੀ ਰੋਸ਼ਨੀ ਵਿੱਚ ਅਸੀਂ ਇਹ ਕ੍ਰਿਪਾਨ ਰੱਦ ਕੀਤੀ ਹੈ।
ਤਖਤ ਸ੍ਰੀ ਦਮਦਮਾ ਸਾਹਿਬ ਵਲੋਂ ਬੀਤੇ ਦਿਨੀ ਪ੍ਰਕਾਸ਼ ਕੀਤੇ ਗਏ ਹੱਥ ਲਿਖਤ ਸਰੂਪ ਦਾ ਜ਼ਿਕਰ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਪਰੋਕਤ ਸਰੂਪ ਤੋਂ ਪਾਠ ਕਰਦਿਆਂ ਪਾਠੀ ਸਿੰਘਾਂ ਵਲੋਂ ਬਹੁਤ ਵੱਡੀਆਂ ਉਕਾਈਆਂ ਪਾਈਆਂ ਗਈਆਂ ਹਨ। ਮਾਮਲੇ ਦੀ ਜਾਂਚ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੜਤਾਲੀਆ ਕਮੇਟੀ ਦੁਆਰਾ ਪੇਸ਼ ਕੀਤੀ ਰਿਪੋਰਟ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੱੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਮੈਨਜਰ ਜਗਜੀਤ ਸਿੰਘ, ਇੰਚਾਰਜ ਅਖੰਡ ਪਾਠਾਂ ਜਰਨੈਲ ਸਿੰਘ ਅਤੇ ਸਰੂਪ ਲਿਖਣ ਵਾਲੇ ਜਸਵੰਤ ਸਿੰਘ ਖੋਸੇ ਨੂੰ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਗਿਆ ਹੈ ਤੇ ਤਿੰਨ ਕਮੇਟੀ ਮੁਲਾਜਮਾਂ (ਹੱੈਡ ਗਰੰਥੀ ਗਿਆਨੀ ਜਗਤਾਰ ਸਿੰਘ, ਮੈਨੇਜਰ ਜਗਜੀਤ ਸਿੰਘ, ਇੰਚਾਰਜ ਅਖੰਡ ਪਾਠਾਂ ਜਰਨੈਲ ਸਿੰਘ) ਖਿਲਾਫ ਪ੍ਰਬੰਧਕੀ ਕਾਰਵਾਈ ਕਰਨ ਹਿੱਤ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਗਿਆ ਹੈ।
ਸਬੰਧਤ ਖ਼ਬਰ:
ਡਬਲਿਊ.ਐਸ.ਓ.ਨੇ ਕ੍ਰਿਪਾਨ ਸਬੰਧੀ ਕਿਸੇ ਦਖਲ ਨੂੰ ਪ੍ਰਵਾਨ ਨਾ ਕਰਨ ਲਈ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ …
ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੀ ਬੀਤੇ ਦਿਨੀਂ ਕੁਝ ਮੁਲਾਜ਼ਮਾਂ ਅਤੇ ਇਕ ਕਾਰ ਸੇਵਾ ਵਾਲੇ ਵਲੋਂ ਕੀਤੀ ਗਈ ਸ਼ਰਮਨਾਕ ਕਾਰਵਾਈ ਦਾ ਹਵਾਲਾ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਮੇਟੀ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਮੁਲਾਜ਼ਮਾਂ ਦੀ ਪੁਸ਼ਤ ਪਨਾਹੀ ਨਾ ਕਰਨ।
ਕੁਝ ਅਮਰੀਕੀ ਸਿੱਖਾਂ ਵਲੋਂ ਦਰਬਾਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦੇਣ ਦਾ ਮੁੱਦਾ ਚੁੱਕੇ ਜਾਣ ‘ਤੇ ਟਿਪਣੀ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਮਰਿਆਦਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਪ੍ਰੰਪਰਾ ਨਾਲ ਜੁੜਿਆ ਮੁੱਦਾ ਹੈ। ਇਸ ਬਾਰੇ ਪੰਜ ਸਿੰਘ ਸਾਹਿਬਾਨ ਦੀ ਅਗਲੇਰੀ ਇਕਤਰਤਾ ਵਿਚ ਵਿਚਾਰ ਕੀਤੀ ਜਾਵੇਗੀ।
Related Topics: Giani Gurbachan Singh, Kirpan Issue in Italy, Narinderpal Singh, Shiromani Gurdwara Parbandhak Committee (SGPC), Sikhs in Italy