May 7, 2014 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ,(6 ਮਈ 2014):- ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਚੰਗੇ ਭਵਿੱਖ ਦੀ ਆਸ ਉਦੋਂ ਨਜ਼ਰ ਆਉਣ ਲੱਗੀ ਜਦੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਚਲਾਈ ਜਾ ਰਹੀ ਸ਼੍ਰੀ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਵੱਲੋਂ ਵਿਗਿਆਨਕ ਵਿਸ਼ਿਆਂ ਦੀ ਪੜ੍ਹਾਈ ਪੰਜਾਬੀ ਵਿੱਚ ਕਰਵਾਉਣ ਦਾ ਇਤਿਹਾਸਕ ਫੈਸਲਾ ਲਿਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਅੱਜ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਗੁਰਮੋਹਨ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਯੂਨੀਵਰਸਿਟੀ ਕੈਂਪਸ ‘ਚ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਦਾ ਉਦੇਸ਼ ਬੀ. ਐੱਸ. ਸੀ. ਪੱਧਰ ਤੱਕ ਦੀ ਵਿਗਿਆਨ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿਚ ਕਰਾਉਣ ਲਈ ਪਾਠ ਪੁਸਤਕਾਂ ਤਿਆਰ ਕਰਨਾ ਸੀ। ਇਸ ਮੀਟਿੰਗ ਵਿਚ ਵੱਖੋ-ਵੱਖ ਵਿਗਿਆਨਕ ਵਿਸ਼ਿਆਂ ਦੇ ਮਾਹਿਰ ਡਾ: ਸੁਰਜੀਤ ਸਿੰਘ ਢਿੱਲੋਂ, ਡਾ: ਕੁਲਦੀਪ ਸਿੰਘ ਧੀਰ, ਡਾ: ਵਿਦਵਾਨ ਸਿੰਘ ਸੋਨੀ, ਡਾ: ਗੁਰਪ੍ਰੀਤ ਸਿੰਘ ਲਹਿਲ ਅਤੇ ਡਾ: ਹਰਸ਼ਿੰਦਰ ਕੌਰ ਬਾਹਰਲੇ ਵਿਸ਼ਾ ਮਾਹਿਰਾਂ ਵਜੋਂ ਸ਼ਾਮਿਲ ਹੋਏ।
ਯੂਨੀਵਰਸਿਟੀ ਵੱਲੋਂ ਡਾ: ਕੰਵਲਜੀਤ ਸਿੰਘ ਡੀਨ ਅਕਾਦਮਿਕ ਮਾਮਲੇ, ਡਾ: ਪ੍ਰਿਤਪਾਲ ਸਿੰਘ ਰਜਿਸਟਰਾਰ, ਡਾ: ਬਲਵੀਰ ਸਿੰਘ ਭਾਟੀਆ ਡੀਨ ਖੋਜ, ਡਾ: ਸੁਰਜੀਤ ਪਾਤਰ ਪ੍ਰੋਫੈਸਰ ਆਫ਼ ਐਮੀਨੈਂਸ, ਡਾ: ਬੀਰਬਿਕਰਮ ਸਿੰਘ ਡੀਨ ਵਿਦਿਆਰਥੀ ਭਲਾਈ ਅਤੇ ਡਾ: ਸਿਕੰਦਰ ਸਿੰਘ ਇੰਚਾਰਜ ਪੰਜਾਬੀ ਵਿਭਾਗ ਸ਼ਾਮਿਲ ਸਨ। ਡਾ: ਵਾਲੀਆ ਨੇ ਕਿਹਾ ਕਿ ਫਰਾਂਸ, ਜਰਮਨ, ਇਟਲੀ, ਰੂਸ ਆਦਿ ਦੇਸ਼ਾਂ ਵਿਚ ਮਾਂ ਬੋਲੀ ਵਿਚ ਹੀ ਵਿਗਿਆਨ, ਤਕਨੀਕੀ ਅਤੇ ਮੈਡੀਕਲ ਵਿੱਦਿਆ ਦਿੱਤੀ ਜਾਂਦੀ ਹੈ।
ਪੰਜਾਬ ਦੇ ਆਮ ਪੇਂਡੂ ਵਿਦਿਆਰਥੀਆਂ ਦਾ ਅੰਗਰੇਜ਼ੀ ਦਾ ਪੱਧਰ ਬਹੁਤਾ ਉੱਚਾ ਨਾ ਹੋਣ ਕਰਕੇ ਉਨ੍ਹਾਂ ਲਈ ਅੰਗਰੇਜ਼ੀ ਵਿਚ ਪੜ੍ਹਾਈ ਕਰਨੀ ਬਹੁਤ ਮੁਸ਼ਕਲ ਹੈ ਇਸ ਲਈ ਉਨ੍ਹਾਂ ਵਾਸਤੇ ਪੰਜਾਬੀ ਵਿਚ ਵਿਗਿਆਨ, ਤਕਨਾਲੋਜੀ ਅਤੇ ਮੈਡੀਕਲ ਦੀ ਵਿੱਦਿਆ ਦੇ ਸਾਧਨ ਮੁਹੱਈਆ ਕਰਵਾਉਣੇ ਸਮੇਂ ਦੀ ਵੱਡੀ ਲੋੜ ਹੈ। ਮੀਟਿੰਗ ਦੌਰਾਨ ਸਭ ਤੋਂ ਵੱਧ ਜ਼ੋਰ ਇਸ ਗੱਲ ‘ਤੇ ਦਿੱਤਾ ਗਿਆ ਕਿ ਵਿਗਿਆਨ ਦੇ ਮੂਲ ਵਿਸ਼ਿਆਂ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਆਦਿ ਦੇ ਸੰਕਲਪ ਕੋਸ਼ ਤਿਆਰ ਕੀਤੇ ਜਾਣ।
Related Topics: Punjabi Language, Science Study in Punjabi Language, Shiromani Gurdwara Parbandhak Committee (SGPC), Shri Guru Granth Sahib World University