April 21, 2015 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ: ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਅਪਾਣੀ ਫਿਲਮ ਦੁਨੀਆ ਭਰ ਵਿਚੋਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਫਿਲਮ ਨੂੰ ਜਿਥੇ ਦੁਨੀਆ ਭਰ ਦੇ ਸਿੱਖ ਦਰਸ਼ਕਾਂ ਨਕਾਰ ਚੁੱਕੇ ਸਨ ਓਥੇ ਇਸ ਫਿਲਮ ਨੂੰ ਦੇਸ਼-ਵਿਦੇਸ਼ ਵਿਚ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।
ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਵਲੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਫਿਲਮ ਦੀ ਪਹਿਲੀ ਝਲਕੀ ਆਉਣ ਵਾਲੇ ਦਿਨ ਹੀ ਸਿੱਖ ਯੂਥ ਆਫ ਪੰਜਾਬ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਸੀ।
ਬਿਆਨ ਅਨੁਸਾਰ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਵੱਲੋਂ ਇਸ ਫਿਲਮ ਦੇ ਵਿਰੁੱਧ ਡਟਣ ਦੇ ਨਾਲ ਸਮੁਚੇ ਪੰਥ ਨੂੰ ਇਸ ਫਿਲਮ ਦੇ ਵਿਰੁੱਧ ਅਵਾਜ ਬੁਲੰਦ ਕਰਨ ਲਈ ਅਪੀਲ ਕੀਤੀ ਗਈ ਜਿਸ ਨੂੰ ਸਮੁੱਚੇ ਪੰਥ ਨੇਂ ਭਰਵਾਂ ਹੁੰਗਾਰਾ ਦਿੱਤਾ ਜਿਸ ਕਾਰਨ ਆਖਿਰਕਾਰ ਸਿੱਕੇ ਨੂੰ ਇਹ ਸਿੱਖ ਸਿਧਾਂਤਾਂ ਵਿਰੋਧੀ ਫਿਲਮ ਵਾਪਿਸ ਲੈਣੀ ਪਈ।
ਸਿੱਖ ਯੂਥ ਆਫ ਪੰਜਾਬ ਨੇ ਆਪਣੇ ਬਿਆਨ ਵਿਚ ਅੱਗੇ ਕਿਹਾ ਹੈ ਕਿ “ਹਰਿੰਦਰ ਸਿੱਕਾ ਨੇਂ ਭਾਂਵੇਂ ਅੱਜ ਫਿਲਮ ਵਾਪਿਸ ਲਈ ਪਰ ਸਿੱਕਾ ਆਪਣੇ ਆਪ ਨੂੰ ਹੁਣ ਪੰਥ ਦੋਖੀ ਦੇ ਦੋਸ਼ ਤੋਂ ਨਹੀਂ ਬਚਾ ਸਕਦਾ। ਪਿਛਲੇ ਕਾਫੀ ਸਮੇਂ ਤੋਂ ਸਿੱਕੇ ਨੂੰ ਪੰਥ ਵੱਲੋਂ ਇਹ ਸਮਝਾਇਆ ਜਾ ਰਿਹਾ ਸੀ ਕਿ ਉਹ ਇਸ ਸਿੱਖ ਸਿਧਾਂਤਾਂ ਵਿਰੋਧੀ ਫਿਲਮ ਨੂੰ ਰਿਲੀਜ਼ ਨਾ ਕਰੇ ਕਿਉਂਕਿ ਇਸ ਨਾਲ ਗੁਰੂ ਪਾਤਸ਼ਾਹ ਦੀ ਤੌਹੀਨ ਹੁੰਦੀ ਹੈ। ਜਿਸ ਤਹਿਤ ਦਲ ਖਾਲਸਾ ਵੱਲੋਂ ਭਾਈ ਕੰਵਰਪਾਲ ਸਿੰਘ ਨੇਂ ਸਿੱਕੇ ਨੂੰ ਚਿੱਠੀ ਵੀ ਲਿੱਖੀ ਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਸਿੱੱਖ ਸੰਗਤਾਂ ਦੇ ਸਹਿਯੋਗ ਨਾਲ ਹਜਾਰਾਂ ਮੇਲਾਂ ਵੀ ਸਿੱਕੇ ਨੂੰ ਭੇਜੀਆਂ ਗਈਆਂ। ਪਰ ਇਸ ਪੰਥ ਦੋਖੀ ਨੇਂ ਪੰਥ ਨਾਲ ਧ੍ਰੋਹ ਕਮਾਉਂਦੇ ਹੋਏ 17 ਅਪ੍ਰੈਲ ਨੂੰ ਫਿਲਮ ਰਿਲੀਜ ਕਰ ਦਿੱਤੀ । ਪਰ ਵਿਸ਼ਵ ਪੱਧਰ ਉੱਤੇ ਸਿੱਖ ਸੰਗਤਾਂ ਦੇ ਵਿਰੋਧ ਕਾਰਨ ਸਿੱਕੇ ਨੂੰ ਆਖਿਰ ਕਾਰ ਇਹ ਫਿਲਮ ਵਾਪਿਸ ਲੈਣੀ ਪਈ।”
ਇਸ ਲਿਖਤੀ ਬਿਆਨ ਰਾਹੀਂ ਸਿੱਖ ਯੂਥ ਆਫ ਪੰਜਾਬ ਜਥੇਬੰਦੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਸਲੇ ਤੇ ਹੁਣ ਕੌਮ ਦੀ ਸੁਚੱਜੀ ਅਗਵਾਈ ਕਰਨ ਅਤੇ ਸਿੱਖ ਸਿਧਾਂਤਾਂ ਉਤੇ ਪਹਿਰਾ ਦਿੰਦੇ ਹੋਏ ਪੰਥਕ ਜਥੇਬੰਦੀਆਂ ਦੀ ਰਾਇ ਲੈ ਕੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਨ ਤਾਂ ਕਿ ਫਿਲਮਾਂ ਦੇ ਰੂਪ ਵਿੱਚ ਸਿਖੀ ਸਿਧਾਂਤਾਂ ਉੱਤੇ ਹੋਣ ਵਾਲੇ ਅਜਿਹੇ ਯਤਨਾਂ ਉਤੇ ਹਮੇਸ਼ਾ ਲਈ ਰੋਕ ਲੱਗ ਸਕੇ।
ਬਿਆਨ ਦੇ ਅਖੀਰ ਵਿਚ ਕਿਹਾ ਗਿਆ ਹੈ ਕਿ ਹਰਿੰਦਰ ਸਿੱਕੇ ਵਲੋਂ ਫਿਲਮ ਨੂੰ ਵਾਪਿਸ ਲੈਣਾ ਸਮੁਚੇ ਪੰਥ ਦੀ ਜਿੱਤ ਹੈ।
Related Topics: Harinder Sikka, Nanak Shah Fakir Film Controversy