ਖਾਸ ਖਬਰਾਂ » ਵਿਦੇਸ਼ » ਸਿਆਸੀ ਖਬਰਾਂ

ਪੰਜਾਬੀ ਬੋਲੀ ਦੇ ਹੱਕ ‘ਚ ਲਾਹੌਰ ਵਿਖੇ ਭੁੱਖ ਹੜਤਾਲ

October 14, 2017 | By

ਲਾਹੌਰ: ਪੰਜਾਬੀ ਬੋਲੀ ਨੂੰ ਬਣਦਾ ਹੱਕ ਦਵਾਉਣ ਲਈ ਪਾਕਿਸਤਾਨ ਵਿੱਚ ਵੀ ਲੋਕ ਸੰਘਰਸ਼ ਕਰ ਰਹੇ ਹਨ। ਬੀਤੇ ਦਿਨ ਲਹਿੰਦੇ ਪੰਜਾਬ ਵਿੱਚ ਲੋਕਾਂ ਨੇ ਸਰਕਾਰ ਦੀ ਪੰਜਾਬੀ ਬੋਲੀ ਪ੍ਰਤੀ ਬੇਰੁਖੀ ਦੇ ਖਫਾ ਹੋ ਕੇ ਸਰਕਾਰ ਖਿਲਾਫ ਭੁੱਖ ਹੜਤਾਲ ਸ਼ੁਰੂ ਕੀਤੀ। ਲਾਹੌਰ ਦੀ ਸ਼ਿਮਲਾ ਪਹਾੜੀ ਆਬਾਦੀ ਸਥਿਤ ਲਾਹੌਰ ਪ੍ਰੈੱਸ ਕਲੱਬ ਅੱਗੇ ਪੰਜਾਬੀ ਪ੍ਰਚਾਰ ਤੇ ਪੰਜਾਬੀ ਪੜ੍ਹਾਓ ਤਹਿਰੀਕ ਸੰਸਥਾਵਾਂ ਦੀ ਅਗਵਾਈ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਸ਼ਾਮਲ ਵੱਖ-ਵੱਖ ਜੱਥੇਬੰਦੀਆਂ ਵੱਲੋਂ ਲਾਹੌਰ ਸਥਿਤ ਪੰਜਾਬ ਅਸੈਂਬਲੀ ਦੇ ਸਾਹਮਣੇ ਰੋਸ ਮੁਜਾਹਰਾ ਕੀਤਾ ਗਿਆ।

ਪੰਜਾਬੀ ਬੋਲੀ ਦੇ ਹੱਕ 'ਚ ਲਾਹੌਰ ਵਿਖੇ ਭੁੱਖ ਹੜਤਾਲ

ਪੰਜਾਬੀ ਬੋਲੀ ਦੇ ਹੱਕ ‘ਚ ਲਾਹੌਰ ਵਿਖੇ ਭੁੱਖ ਹੜਤਾਲ

ਪੰਜਾਬੀ ਪ੍ਰਚਾਰ ਸੰਸਥਾ ਦੇ ਸਦਰ (ਪ੍ਰਧਾਨ) ਅਹਿਮਦ ਰਜ਼ਾ ਨੇ ਪੰਜਾਬ ‘ਚ ਮਾਂ-ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਲਈ ਲਹਿੰਦੇ ਪੰਜਾਬ ਦੀ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਮਾਂ-ਬੋਲੀ ਨੂੰ ਤਰਜੀਹ ਦੇਣ ਦੀ ਅਪੀਲ ਕਰਦਿਆਂ ਸੂਬੇ ਦੇ ਲੋਕਾਂ ਨੂੰ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਉਸਾਰੂ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਪਹਿਲੀ ਜਮਾਤ ਤੋਂ ਗ੍ਰੈਜੂਏਸ਼ਨ ਤਕ ਪੰਜਾਬੀ ਨੂੰ ਵਿਸ਼ੇ ਦੇ ਤੌਰ ‘ਤੇ ਲਾਗੂ ਕਰਨ ਅਤੇ ਪੰਜਾਬ ਅਸੈਂਬਲੀ ਵਿਚ ਪੰਜਾਬੀ ਬੋਲਣ ‘ਤੇ ਲਾਈ ਗਈ ਪਾਬੰਦੀ ਨੂੰ ਖ਼ਤਮ ਕਰਨ ਦੀ ਵੀ ਮੰਗ ਕੀਤੀ।

ਪ੍ਰੋ: ਤਾਰਿਕ ਜਟਾਲਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨਾਲ ਹੀਣ ਭਾਵਨਾ ਜੋੜ ਦਿੱਤੀ ਗਈ ਹੈ, ਜਿਸ ਕਾਰਨ ਨਵੀਂ ਪੀੜੀ ਪੰਜਾਬ ਭਾਸ਼ਾ ਤੋਂ ਆਪਣੀ ਦੂਰੀ ਬਣਾ ਰਹੀ ਹੈ। ਬਾਬਾ ਨਜ਼ਮੀ ਨੇ ਸਕੂਲੀ ਪੰਜਾਬੀ ਪੁਸਤਕਾਂ ਵਿਚ ਬਾਬਾ ਬੁੱਲ੍ਹਾ ਸ਼ਾਹ, ਸ਼ਾਹ ਹੁਸੈਨ, ਬਾਬਾ ਗੁਰੂ ਨਾਨਕ ਦੇਵ ਜੀ, ਸ਼ੇਖ਼ ਫ਼ਰੀਦ, ਵਾਰਿਸ ਸ਼ਾਹ ਆਦਿ ਦੇ ਪੰਜਾਬੀ ਸੂਫ਼ੀ ਕਲਾਮ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ।

ਰੋਜ਼ਾਨਾ ਲੁਕਾਈ ਦੇ ਸੰਪਾਦਕ ਜ਼ਮੀਲ ਪਾਲ ਨੇ ਕਿਹਾ ਪੰਜਾਬ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਸਰਕਾਰ ਵਲੋਂ ਇਸ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਕਬਾਲ ਕੇਸਰ ਨੇ ਕਿਹਾ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨਾਲ ਕਦੇ ਵਿਤਕਰਾ ਨਹੀਂ ਹੋਣ ਦੇਵਾਂਗੇ।

ਸਬੰਧਤ ਖ਼ਬਰ:

‘ਹਰ’ ਭਾਸ਼ਾ ਸਿੱਖਣੀ ਮੁਸ਼ਕਲ, ਇਸ ਲਈ ਚੰਡੀਗੜ੍ਹ ‘ਚ ਪੰਜਾਬੀ ਲਾਗੂ ਨਹੀਂ ਕੀਤੀ ਜਾ ਸਕਦੀ: ਰਾਜਨਾਥ ਸਿੰਘ …

ਭੁੱਖ ਹੜਤਾਲ ਵਿਚ ਪੰਜਾਬੀ ਖੋਜਗੜ੍ਹ, ਲੁਕਾਈ ਪੰਜਾਬ, ਪੰਜਾਬੀ ਸਾਂਝ ਸੰਗਤ, ਪੰਜਾਬੀ ਅਦਬੀ ਸੰਗਤ, ਪੰਜਾਬੀ ਅਦਬੀ ਬੋਰਡ, ਕੁਕਨੂਸ ਲਾਇਲਪੁਰ, ਪੰਜਾਬ ਲੋਕ ਲਹਿਰ ਤੇ ਪੰਜਾਬ ਸੋਸ਼ਲ ਮੂਵਮੈਂਟ ਆਦਿ ਸੰਸਥਾਵਾਂ ਵੀ ਸ਼ਾਮਲ ਹੋਈਆਂ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਹੱਕ ਤੇ ਮਾਣ-ਸਨਮਾਨ ਦਿਵਾਉਣ ਤਕ ਜੱਦੋ-ਜਹਿਦ ਜਾਰੀ ਰੱਖੀ ਜਾਵੇਗੀ।

ਇਸ ਮੌਕੇ ਰਾਣਾ ਅਬਦੁਲ ਮਜੀਦ ਖਾਨ, ਖਲੀਲ ਔਜਲਾ, ਕਾਸ਼ਿਫ ਹੁਸੈਨ, ਗ਼ਜ਼ਾਲਾ ਨਿਜ਼ਾਮੁਦੀਨ, ਤਾਹਿਰਾ ਸਾਰਾ, ਡਾ. ਜ਼ਹੀਰ ਵੱਤੂ, ਪ੍ਰੋਫੈਸਰ ਇਬਾਦ ਨਬੀਲ, ਪ੍ਰੋ. ਕਰਾਮਤ ਮੁਗ਼ਲ, ਜ਼ਿਆਉੱਲ੍ਹਾ ਸਾਰਾ, ਕਲਿਆਣਾ ਸਿੰਘ ਕਲਿਆਣ, ਬਾਬਰ ਜਲੰਧਰੀ ਨੇ ਵੀ ਆਪਣੇ ਵਿਚਾਰ ਰੱਖੇ।

ਸਬੰਧਤ ਖ਼ਬਰ:

ਮੁੱਖ ਮਾਰਗਾਂ ‘ਤੇ ਹਿੰਦੀ ‘ਚ ਬੋਰਡ ਲਾਉਣ ਦੇ ਕੰਮ ‘ਚ ਤੇਜ਼ੀ, ਪੰਜਾਬੀ ਨੂੰ ਪਹਿਲੇ ਥਾਂ ‘ਤੇ ਲਿਖਣ ਤੋਂ ਇਨਕਾਰ …

ਜ਼ਿਕਰਯੋਗ ਹੈ ਕਿ ਜਿਵੇਂ ਭਾਰਤ ਦੇ ਕਬਜ਼ੇ ਵਾਲੇ ਪੰਜਾਬ ‘ਚ ਹਿੰਦੀ ਥੋਪਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬ ‘ਚ ਇਕ ਵਰਗ ਵਲੋਂ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਪੰਜਾਬੀ ਨਾਲੋਂ ਉਰਦੂ ਜ਼ਿਆਦਾ ਵਧੀਆ ਬੋਲੀ ਹੈ। ਹਾਲਾਂਕਿ ਪਾਕਿਸਤਾਨ ਦੀ ਆਬਾਦੀ ਦਾ 60 ਫੀਸਦ ਹਿੱਸਾ ਪੰਜਾਬ ‘ਚ ਰਹਿੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,