September 27, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ‘ਚੋਂ ਕੱਢੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ਵਲੋਂ ਚੁਣੌਤੀ ਦਿੱਤੀ ਗਈ ਹੈ ਕਿ ਚੌਥਾ ਫਰੰਟ ਬਣਾਉਣ ਤੋਂ ਪਹਿਲਾਂ ਪਾਰਟੀ ਤੋਂ ਅਸਤੀਫ਼ਾ ਦੇਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ।
‘ਆਪ’ ਪੰਜਾਬ ਦੇ ਸਹਿ-ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾ. ਗਾਂਧੀ ‘ਆਪ’ ਵਿਰੁਧ ਦੋਸ਼ ਲਾ ਰਹੇ ਹਨ ਜਦਕਿ ਪਾਰਟੀ ਛੱਡਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਡਾ. ਗਾਂਧੀ ਨੂੰ ਸੰਸਦ ਤੱਕ ਵਿੱਚ ਪਹੁੰਚਾਉਣ ਵਾਲੀ ਪਾਰਟੀ ਹੁਣ ਚੰਗੀ ਨਹੀਂ ਲਗਦੀ ਤਾਂ ਉਹ ਅਸਤੀਫਾ ਕਿਉਂ ਨਹੀਂ ਦੇ ਰਹੇ।
ਜਰਨੈਲ ਸਿੰਘ ਨੇ ਕਿਹਾ ਕਿ ਛੋਟੇਪੁਰ ਨੂੰ ਉਨ੍ਹਾਂ ਕੇਵਲ ਕਨਵੀਨਰਸ਼ਿਪ ਤੋਂ ਹਟਾਇਆ ਸੀ ਜਦਕਿ ਪਾਰਟੀ ਨੂੰ ਉਹ ਖ਼ੁਦ ਹੀ ਛੱਡ ਕੇ ਗਏ ਹਨ ਅਤੇ ਜਿਹੜਾ ਆਗੂ ਪਾਰਟੀ ਹੀ ਛੱਡ ਜਾਵੇ, ਉਸ ਵਿਰੁੱਧ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਛੋਟੇਪੁਰ ਵੱਲੋਂ ਪੈਸੇ ਲੈਣ ਦੇ ਮਾਮਲੇ ਵਿੱਚ ਬਣਾਈ ਪੜਤਾਲੀਆ ਕਮੇਟੀ ਦੇ ਮੁਖੀ ਹਨ। ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ ਵੱਲੋਂ ਉਨ੍ਹਾਂ ’ਤੇ ਇੱਕ ਲੱਖ ਰੁਪਏ ਲੈਣ ਦੇ ਲਾਏ ਦੋਸ਼ਾਂ ਬਾਰੇ ਜਰਨੈਲ ਸਿੰਘ ਨੇ ਦੱਸਿਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵਾਲੰਟੀਅਰਾਂ ਨੇ ਉਨ੍ਹਾਂ ਦੇ ਖਾਤੇ ਵਿੱਚ ਇਹ ਰਾਸ਼ੀ ਪਾਈ ਸੀ ਅਤੇ ਉਹ ਆਪਣੇ ਸਬੰਧਤ ਬੈਂਕ ਖਾਤੇ ਦਾ ਖ਼ੁਲਾਸਾ ਚੋਣ ਕਮਿਸ਼ਨ ਕੋਲ ਵੀ ਕਰ ਚੁੱਕੇ ਹਨ। ਇਸ ਕਾਰਨ ਪਵਿੱਤਰ ਸਿੰਘ ਮਹਿਜ਼ ਆਪਣੀ ਪਤਨੀ ਨੂੰ ਟਿਕਟ ਨਾ ਮਿਲਣ ਤੋਂ ਦੁਖੀ ਹੋ ਕੇ ਹੀ ਅਜਿਹੇ ਦੋਸ਼ ਲਾ ਰਹੇ ਹਨ।
ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਨਹੀਂ ਬਲਕਿ ਅਕਾਲੀਆਂ ਦਾ ਜੰਗਲ ਰਾਜ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਪੁਲਿਸ ਕਠਪੁਤਲੀ ਵਾਂਗ ਨੱਚ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਤੱਕ ਖੁਦਕੁਸ਼ੀਆਂ ਆਦਿ ਦੇ ਰਾਹ ਪੈਣ ਤੋਂ ਸੰਕੋਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਲਟੀਮੇਟਮ ਦਿੱਤਾ ਕਿ ਜੇ ਸੋਮਵਾਰ ਰਾਤ (ਬੀਤੀ ਰਾਤ) ਤੱਕ ‘ਆਪ’ ਵਾਲੰਟੀਅਰ ਜਗਰੂਪ ਸਿੰਘ ਦਾ ਕਤਲ ਕਰਨ ਵਾਲੇ ਅਕਾਲੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕੱਲ੍ਹ ਮੋਗਾ ਵਿੱਚ ਸਬੰਧਤ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਬਾਅਦ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪੰਜਾਬ ਭਰ ਵਿੱਚ ‘ਇਨਸਾਫ ਮਾਰਚ’ ਕੀਤੇ ਜਾਣਗੇ।
Related Topics: Aam Aadmi Party, Dr. Dharamvir Gandhi, Himmat SIngh Shergill, Jarnail Singh Pattarkar, Moga Murder, Punjab Politics, Sucha Singh Chhotepur