ਖਾਸ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਜਗਤਾਰ ਸਿੰਘ ਜੱਗੀ ਦਾ ਮਾਮਲਾ: ਪੰਜਾਬ ਪੁਲਿਸ ਵਲੋਂ ਤਸ਼ੱਦਦ ਨਾ ਕਰਨ ਦੇ ਦਾਅਵੇ ਨੂੰ ਵਕੀਲ ਨੇ ਕੀਤਾ ਰੱਦ

November 22, 2017 | By

ਲੁਧਿਆਣਾ/ ਚੰਡੀਗੜ੍ਹ: ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਹਿਰਾਸਤ ‘ਚ ਤਸ਼ੱਦਦ ਨਾ ਕਰਨ ਦੇ ਪੁਲਿਸ ਦੇ ਦਾਅਵੇ ਨੂੰ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਰੱਦ ਕੀਤਾ ਹੈ। ਪੁਲਿਸ ਵਲੋਂ ਜਗਤਾਰ ਸਿੰਘ ਜੌਹਲ ਦੇ ਕੇਸ ‘ਚ ਜਾਰੀ ਬਿਆਨ ਪੜ੍ਹੋ:

ਤੱਥ ਇਹ ਹੈ ਕਿ ਜਗਤਾਰ ਸਿੰਘ ਜੱਗੀ ਵਲੋਂ 5 ਨਵੰਬਰ ਨੂੰ ਅਦਾਲਤ ‘ਚ ਵਕੀਲ ਜਗਪ੍ਰੀਤ ਸਿੰਘ ਚੱਢਾ ਪੇਸ਼ ਹੋਏ। ਇਸ ਤੋਂ ਬਾਅਦ ਅਗਲੀ ਪੇਸ਼ੀ 10 ਨਵੰਬਰ ਸੀ ਪਰ ਪੁਲਿਸ ਨੇ ਜੱਗੀ ਨੂੰ ਬਾਘਾਪੁਰਾਣਾ ਮੈਜਿਸਟ੍ਰੇਟ ਅੱਗੇ ਪੇਸ਼ ਕਰਨ ਦੀ ਬਜਾਏ, ਮੋਗਾ ‘ਚ ਮੈਜਿਸਟ੍ਰੇਟ ਅੱਗੇ ਪੇਸ਼ ਕਰ ਦਿੱਤਾ ਅਤੇ ਉਸਦਾ 4 ਦਿਨਾਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰ ਲਿਆ ਅਤੇ ਉਸਨੂੰ ਦੁਬਾਰਾ 14 ਨਵੰਬਰ ਨੂੰ ਪੇਸ਼ ਕੀਤਾ ਗਿਆ। ਵਕੀਲ ਮੰਝਪੁਰ ਨੇ ਦੱਸਿਆ, “ਜਗਤਾਰ ਸਿੰਘ ਜੱਗੀ ਵਲੋਂ 10 ਨਵੰਬਰ ਨੂੰ ਕੋਈ ਵਕੀਲ ਨਹੀਂ ਪੇਸ਼ ਹੋਇਆ ਅਤੇ ਜੱਗੀ ਨੂੰ 6 ਨਵੰਬਰ ਤੋਂ 13 ਨਵੰਬਰ ਤਕ ਕੋਈ ਕਾਨੂੰਨੀ ਸਹਾਇਤਾ ਨਹੀਂ ਦਿੱਤੀ ਗਈ।”

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜਗਤਾਰ ਸਿੰਘ ਜੌਹਲ ਦੇ ਨਾਲ ਅੱਜ 19 ਨਵੰਬਰ ਨੂੰ ਜ਼ਿਲ੍ਹਾ ਕਚਹਿਰੀਆਂ ਲੁਧਿਆਣਾ 'ਚ (ਫੋਟੋ: ਸਿੱਖ ਸਿਆਸਤ ਨਿਊਜ਼)

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜਗਤਾਰ ਸਿੰਘ ਜੌਹਲ ਦੇ ਨਾਲ ਅੱਜ 19 ਨਵੰਬਰ ਨੂੰ ਜ਼ਿਲ੍ਹਾ ਕਚਹਿਰੀਆਂ ਲੁਧਿਆਣਾ ‘ਚ (ਫੋਟੋ: ਸਿੱਖ ਸਿਆਸਤ ਨਿਊਜ਼)

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ, “14 ਨਵੰਬਰ ਨੂੰ ਜਗਤਾਰ ਸਿੰਘ ਜੱਗੀ ਨੇ ਅਦਾਲਤ ‘ਚ ਪੇਸ਼ ਹੋਣ ਸਮੇਂ ਮੈਨੂੰ ਦੱਸਿਆ ਕਿ ਪੁਲਿਸ ਨੇ ਉਸਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਸ ‘ਤੇ 5, 6, 7 ਨਵੰਬਰ ਨੂੰ ਤਸ਼ੱਦਦ ਕੀਤਾ।”

ਐਡਵੋਕੇਟ ਮੰਝਪੁਰ ਨੇ ਦੱਸਿਆ ਕਿ 14 ਨਵੰਬਰ ਨੂੰ ਅਸੀਂ ਨਿਰਪੱਖ ਮੈਡੀਕਲ ਜਾਂਚ ਦੀ ਮੰਗ ਕਰਦੇ ਹੋਏ ਜੱਜ ਸਾਹਮਣੇ ਅਰਜ਼ੀ ਵੀ ਲਾਈ ਸੀ ਕਿ, “ਜੱਗੀ ਨੇ ਮੈਨੂੰ ਦੱਸਿਆ ਕਿ ਉਸਨੂੰ ਸਰੀਰਕ ਅਤੇ ਮਾਨਸਕ ਤੌਰ ‘ਤੇ ਬਹੁਤ ਤੰਗ ਕੀਤਾ ਗਿਆ, ਉਸਦੀਆਂ ਦੋਵੇਂ ਲੱਤਾਂ ਹੱਦ ਤੋਂ ਵੱਧ ਉਲਟ ਦਿਸ਼ਾਂ ‘ਚ ਖਿੱਚੀਆਂ ਗਈਆਂ, ਉਸਦੀ ਛਾਤੀ, ਕੰਨਾਂ ਅਤੇ ਪਿਸ਼ਾਬ ਵਾਲੀ ਥਾਂ ‘ਤੇ ਬਿਜਲੀ ਦੇ ਝਟਕੇ ਦਿੱਤੇ ਗਏ।”

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਜਦੋਂ ਤੋਂ ਉਹ ਜੱਗੀ ਨੂੰ ਰੋਜ਼ ਹਿਰਾਸਤ ‘ਚ ਮਿਲਣ ਜਾਣ ਲੱਗੇ ਹਨ ਉਸਤੋਂ ਬਾਅਦ ਜੱਗੀ ਨੇ ਤਸ਼ੱਦਦ ਦੀ ਸ਼ਿਕਾਇਤ ਨਹੀਂ ਕੀਤੀ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 5, 6, 7 ਨਵੰਬਰ ਨੂੰ ਪੰਜਾਬ ਪੁਲਿਸ ਵਲੋਂ ਉਸ ‘ਤੇ ਤਸ਼ੱਦਦ ਨਹੀਂ ਕੀਤਾ ਗਿਆ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ, “ਸਾਨੂੰ ਉਮੀਦ ਸੀ ਕਿ ਅਦਾਲਤ ਮੈਡੀਕਲ ਬੋਰਡ ਵਲੋਂ ਜੱਗੀ ਦੀ ਫੌਰੀ ਮੈਡੀਕਲ ਜਾਂਚ ਲਈ ਦਿਸ਼ਾ ਨਿਰਦੇਸ਼ ਜਾਰੀ ਕਰੇਗੀ ਜਿਸ ਵਿਚ ਘੱਟ ਤੋਂ ਘੱਟ 3 ਡਾਕਟਰ ਜਾਂ ਮੈਡੀਕਲ ਮਾਹਰ ਹੋਣਗੇ।”

ਉਨ੍ਹਾਂ ਕਿਹਾ ਕਿ ਅਜ਼ਾਦ ਮੈਡੀਕਲ ਜਾਂਚ ਦੀ ਅਰਜ਼ੀ ‘ਤੇ ਸੁਣਵਾਈ 17 ਨਵੰਬਰ ਨੂੰ ਹੋਈ। ਪੰਜਾਬ ਪੁਲਿਸ ਵਲੋਂ 3 ਡਾਕਟਰ/ ਮੈਡੀਕਲ ਮਾਹਰਾਂ ਦੀ ਅਗਵਾਈ ਵਾਲੇ ਬੋਰਡ ਤੋਂ ਜੱਗੀ ਦੀ ਮੈਡੀਕਲ ਜਾਂਚ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ (ਫਾਈਲ ਫੋਟੋ)

ਐਡਵੋਕੇਟ ਜਸਪਾਲ ਸਿੰਘ ਮੰਝਪੁਰ (ਫਾਈਲ ਫੋਟੋ)

ਉਨ੍ਹਾਂ ਕਿਹਾ, “ਤਸ਼ੱਦਦ ਬਹੁਤ ਗੰਭੀਰ ਦੋਸ਼ ਹੈ ਅਤੇ ਇਹ ਵਿਦੇਸ਼ੀ ਨਾਗਰਕਿ ਦਾ ਪੰਜਾਬ ਪੁਲਿਸ ਵਲੋਂ ਤਸ਼ੱਦਦ ਦਾ ਮਾਮਲਾ ਹੈ। ਜੇ ਜੱਗੀ ਨੂੰ ਪੁਲਿਸ ਹਿਰਾਸਤ ਵਿਚ ਤਸ਼ੱਦਦ ਨਹੀਂ ਕੀਤਾ ਗਿਆ ਤਾਂ ਪੁਲਿਸ ਨੇ ਅਦਾਲਤ ‘ਚ ਅਜ਼ਾਦ ਮੈਡੀਕਲ ਜਾਂਚ ਦੀ ਅਰਜ਼ੀ ਦਾ ਇੰਨਾ ਵਿਰੋਧ ਕਿਉਂ ਕੀਤਾ? ਇਸ ਦਾ ਕਾਰਨ ਇਹ ਸੀ ਕਿ ਮੈਡੀਕਲ ਜਾਂਚ ਵਿਚ ਤਸੀਹਿਆਂ ਦੇ ਤੱਥਾਂ ਦੀ ਪੁਸ਼ਟੀ ਹੋ ਸਕਦੀ ਸੀ।”

ਉਨ੍ਹਾਂ ਕਿਹਾ ਕਿ ਹਾਲਾਂਕਿ ਅਸੀਂ ਮੈਜਿਸਟ੍ਰੇਟ ਦੇ ਹੁਕਮ ਨੂੰ ਉੱਪਰਲੀ ਅਦਾਲਤ ‘ਚ ਚੁਣੌਤੀ ਦੇ ਸਕਦੇ ਹਾਂ, ਪਰ ਮੈਡੀਕਲ ਜਾਂਚ ਵਿਚ ਦੇਰੀ ਹੋ ਜਾਣ ਨਾਲ ਜਾਂਚ ਦਾ ਮਕਸਦ ਪੂਰਾ ਨਹੀਂ ਹੁੰਦਾ। ਅਦਾਲਤੀ ਕਾਰਵਾਈ ‘ਚ ਸਮਾਂ ਜ਼ਾਇਆ ਹੋ ਜਾਣਾ ਸੀ, ਅਤੇ ਸਮਾਂ ਬੀਤਣ ਨਾਲ ਬਿਜਲੀ ਦੇ ਝਟਕਿਆਂ ਨਾਲ ਕੀਤਾ ਜਾਂਦੇ ਤਸ਼ੱਦਦ ਦੇ ਲੱਛਣ ਖਤਮ ਹੋ ਜਾਂਦੇ ਹਨ।

ਪੰਜਾਬ ਪੁਲਿਸ ਵਲੋਂ ਜੱਗੀ ਖਿਲਾਫ ਲਾਏ ਗੰਭੀਰ ਦੋਸ਼ਾਂ ਬਾਰੇ ਬੋਲਦਿਆਂ ਵਕੀਲ ਮੰਝਪੁਰ ਨੇ ਕਿਹਾ ਕਿ ਇਹ ‘ਦੋਸ਼’ ਸਿਰਫ ਪੁਲਿਸ ਦੇ ਦਾਅਵੇ ਹਨ।

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ, “ਇਹ ਸਿਰਫ ਇਲਜ਼ਾਮ ਹਨ ਅਤੇ ਇਹ ਵਿਚ ਕੁਝ ਵੀ ਨਹੀਂ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜ ਸਾਲ ਪਹਿਲਾਂ ਇਕ ਹੋਰ ਯੂ.ਕੇ. ਦੇ ਨਾਗਰਿਕ ਜਸਵੰਤ ਸਿੰਘ ਅਜ਼ਾਦ ਦੇ ਵਿਰੁੱਧ ਪੰਜਾਬ ਪੁਲਿਸ ਨੇ ਇਸੇ ਤਰ੍ਹਾਂ ਦੇ ਦੋਸ਼ ਲਗਾਏ ਸਨ ਜਿਨ੍ਹਾਂ ਨੂੰ ਦੋ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਲਾ ਕੇ ਦਾਅਵਾ ਕੀਤਾ ਗਿਆ ਸੀ ਕਿ ਪੁਲਿਸ ਨੇ ਬਹੁਤ ਵੱਡਾ “ਮੌਡਿਊਲ” ਬੇਨਕਾਬ ਕਰ ਦਿੱਤਾ ਹੈ। ਜਿਸ ਵਿਚ ਕੌਮਾਂਤਰੀ ਸਾਜ਼ਿਸ਼ ਦੱਸੀ ਗਈ ਸੀ। ਪਰ ਉਸ ਦੇ ਖਿਲਾਫ ਪੁਲਿਸ ਵਲੋਂ ਲਾਏ ਗਏ ਸਾਰੇ ਦੋਸ਼ ਹੇਠਲੀ ਅਦਾਲਤ ਵਿਚ ਟਿਕ ਨਹੀਂ ਸਕੇ ਅਤੇ ਜਸਵੰਤ ਸਿੰਘ ਅਜ਼ਾਦ 2016 ਅਤੇ 2017 ਵਿਚ ਦੋਵੇਂ ਮਾਮਲਿਆਂ ਵਿਚ ਬਰੀ ਹੋ ਗਏ।

ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਗ੍ਰਿਫਤਾਰ ਬੰਦਿਆਂ ਨੂੰ ਗੈਂਗਸਟਰ ਜਾਂ ਅੱਤਵਾਦੀ ਦੇ ਰੂਪ ਵਿਚ ਹੀ ਪ੍ਰਚਾਰਦਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਜੱਜ ਨਹੀਂ ਹੈ ਅਤੇ ਉਸਨੂੰ ਕਿਸੇ ਵੀ ਗ੍ਰਿਫਤਾਰ ਸ਼ਖਸ ਲਈ ਇਹੋ ਜਿਹੇ ਸ਼ਬਦ ਨਹੀਂ ਇਸਤੇਮਾਲ ਕਰਨੇ ਚਾਹੀਦੇ, ਉਸਨੂੰ ਸ਼ੱਕੀ ਕਹਿ ਸਕਦੇ ਹਨ, ਜਦ ਤਕ ਕਿ ਗ੍ਰਿਫਤਾਰ ਸ਼ਖਸ ਦੇ ਖਿਲਾਫ ਸਾਬਤ ਨਹੀਂ ਹੋ ਜਾਂਦਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Jagtar Singh Jaggi Case: Lawyer Rejects Punjab Police’s Rebuttal of Torture Allegations …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,