ਖਾਸ ਖਬਰਾਂ » ਸਿੱਖ ਖਬਰਾਂ

ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਫਿਲਮ ਦਾਸਤਾਨ-ਏ-ਸਰਹੰਦ ਬੰਦ ਹੋਵੇ: ਪੰਥ ਸੇਵਕ

November 3, 2023 | By

(3 ਨਵੰਬਰ): ਪੰਥ ਸੇਵਕ ਸ਼ਖ਼ਸੀਅਤਾਂ ਨੇ ਅੱਜ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਗੁਰੂ ਸਾਹਿਬਾਨ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਪ੍ਰਮੁੱਖ ਸਿੱਖ ਸ਼ਹੀਦਾਂ ਅਤੇ ਗੁਰੂ ਸਾਹਿਬਾਨ ਦੇ ਪਰਿਵਾਰਕ ਜੀਆਂ ਦੀ ਪਾਤਰ ਉਤਾਰੀ ਕਰਨੀ, ਸਵਾਂਗ ਰਚਣੇ ਅਤੇ ਕਾਰਟੂਨੀ ਦ੍ਰਿਸ਼ ਫਿਲਮਾਉਣੇ ਗੁਰਮਤਿ ਵਿਰੋਧੀ ਕਾਰਵਾਈ ਹੈ, ਜਿਸ ਦੀ ਮੂਲੋਂ ਹੀ ਆਗਿਆ ਨਹੀਂ ਦਿਤੀ ਜਾ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 13 ਦਸੰਬਰ 2022 ਨੂੰ ਇਸ ਸੰਬੰਧੀ ਮਤਾ ਪਾਸ ਕਰ ਚੁੱਕੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਸ ਕੀਤੇ ਗਏ ਮਤੇ ਦੀ ਕਾਪੀ

ਭਾਈ ਨਰਾਇਣ ਸਿੰਘ ਤੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਗੁਰ ਮਰਯਾਦਾ, ਖਾਲਸਾਈ ਸਿਧਾਤਾਂ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਉਲੰਘਣਾ ਕਰਕੇ ਵਿਵਾਦਤ ਫਿਲਮ “ਦਾਸਤਾਨ-ਏ-ਸਰਹੰਦ” ਚਲਾਉਣ ਦਾ ਯਤਨ ਕਰਨਾ ਗੁਰੂ ਪੰਥ ਨੂੰ ਚੁਣੋਤੀ ਦੇਣ ਵਾਲੀ ਕਾਰਵਾਈ ਸਮਝੀ ਜਾਵੇਗੀ। ਕੋਈ ਵੀ ਸਿਨਮਾ ਘਰ ਇਸ ਫਿਲਮ ਨੂੰ ਚਲਾਉਣ ਦਾ ਹੀਆ ਨਾ ਕਰੇ। ਜੇ ਕਿਸੇ ਸਿਨਮਾਘਰ ਨੇ ਪੁਲਿਸ ਜਾਂ ਸਰਕਾਰੀ ਸ਼ਹਿ ‘ਤੇ ਇਸ ਫਿਲਮ ਨੂੰ ਫਿਲਮਾਉਣ ਦਾ ਯਤਨ ਕੀਤਾ ਤਾਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਉਸ ਦੀ ਹਵੇਗੀ।

ਸ਼੍ਰੋਮਣੀ ਕਮੇਟੀ ਤੇ ਉਸ ਵਲੋਂ ਥਾਪੇ ਜਥੇਦਾਰਾਂ ਦੀ ਚੁੱਪ ਇਸ ਫਿਲਮ ਰਾਹੀਂ ਸਾਹਿਬਜ਼ਾਦਿਆਂ ਦਾ ਸਵਾਂਗ ਰਚਣ ਵਾਲਿਆਂ ਨੂੰ ਚੁੱਪ ਸਹਿਮਤੀ ਮੰਨੀ ਜਾਵੇਗੀ। ਇਹ ਆਪਣਾ ਪੰਥਕ ਫਰਜ ਪਛਾਣਨ ਤੇ ਪੰਥਕ ਰਵਾਇਤਾਂ ਅਨੁਸਾਰ ਤੁਰੰਤ ਕਾਰਵਾਈ ਕਰਨ।

ਪੰਥ ਸੇਵਕਾਂ ਨੇ ਕਿਹਾ ਕਿ ਰੋਪੜ ਦੇ ਸਿਨੇਮਾਂ ਘਰਾਂ ਵਿੱਚ ਫਿਲਮ ਚਲਾਉਣ ਤੋਂ ਰੋਕਣ ਲਈ ਗਲਬਾਤ ਕਰਨ ਵਾਲੇ ਸਿੰਘਾਂ ‘ਤੇ ਦਬਾਅ ਬਣਾਉਣਾ ਭਗਵੰਤ ਮਾਨ ਸਰਕਾਰ ਦੀ ਗੁਰਮਤਿ ਸਿਧਾਤਾਂ ਤੇ ਸਿੱਖ ਭਾਵਨਾਂ ਵਿਰੋਧੀ ਨੀਅਤ ਨੂੰ ਦਰਸਾਉਂਦੀ ਹੰਕਾਰਆਨਾ ਕਾਰਵਾਈ ਹੈ, ਜਿਸ ਨਾਲ ਤਨਾਉ ਵਧੇਗਾ ਅਤੇ ਰੋਹ ਜਾਗੇਗਾ।

ਉਹਨਾ ਕਿਹਾ ਕਿ ਗੁਰਮਤਿ ਸਿਧਾਤਾਂ ਦਾ ਉਲੰਘਣ ਕਰਦੀ ਦਾਸਤਾਨ-ਏ-ਸਰਹੰਦ ਫਿਲਮ ਬੰਦ ਕਰਵਾਉਣੀ ਹਰ ਸਿੱਖ ਦਾ ਧਾਰਮਿਕ ਫਰਜ ਹੈ। ਇਸ ਨੂੰ ਰੋਕਣ ਲਈ ਯਤਨ ਕਰ ਰਹੇ ਸੰਗਤ ਦੇ ਜਥੇ ਤੇ ਜਥੇਬੰਦੀਆਂ ਸਿੱਖ ਸਿਧਾਤਾਂ ਤੇ ਸਿੱਖ ਸੰਸਥਾਵਾਂ ਵੱਲੋਂ ਪਾਸ ਕੀਤੇ ਮਤਿਆਂ ਦੀ ਪਹਿਰੇਦਾਰੀ ਕਰ ਰਹੇ ਹਨ। ਉਹਨਾਂ ਵਿਰੁੱਧ ਪੁਲਿਸ ਕਾਰਵਾਈ ਗੁਰੂ ਪੰਥ ਨੂੰ ਚਨੌਤੀ ਹੋਵੇਗੀ। ਸੰਗਤਾਂ ਇਹਨਾਂ ਜਥਿਆਂ ਤੇ ਜਥੇਬੰਦੀਆਂ ਦਾ ਪੂਰਾ-ਪੂਰਾ ਸਾਥ ਦੇਣ ਅਤੇ ਆਪੋ-ਆਪਣੇ ਇਲਾਕੇ ਵਿਚ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਡਟ ਜਾਣ।

ਭਾਈ ਨਰਾਇਣ ਸਿੰਘ ਨੇ ਕਿਹਾ ਕਿ ਅਗੇ ਤੋਂ ਕੋਈ ਵੀ ਫਿਲਮਸਾਜ ਤੇ ਨਾਟਕਕਾਰ, ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਪਰਿਵਾਰਾਂ, ਸਾਹਿਬਜ਼ਾਦਿਆਂ, ਮਹਾਨ ਗੁਰਸਿੱਖਾਂ ਅਤੇ ਪ੍ਰਮੁੱਖ ਸ਼ਹੀਦਾਂ ਦਾ ਸਵਾਂਗ ਰਚਣ ਦਾ ਹੀਆ ਨਾ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,