ਆਮ ਖਬਰਾਂ » ਪੰਜਾਬ ਦੀ ਰਾਜਨੀਤੀ

ਮੁੱਖ ਮੰਤਰੀ ਦਰਸ਼ਨ ਲਈ ਜਦੋਂ ਖਾਣੀਆਂ ਪੈਂਦੀਆਂ ਨੇ ਡਾਂਗਾਂ..

July 4, 2016 | By

ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹੀਂ ਦਿਨੀਂ ਹਰ ਰੋਜ਼ ਸੰਗਤ ਦਰਸ਼ਨ ਕਰਦੇ ਹਨ। ਦੂਜੇ ਪਾਸੇ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਪਾਸ ਬੀ.ਐੱਡ. ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਨੂੰ ਤਾਂ ਪੁਲੀਸ ਦੀਆਂ ਡਾਂਗਾਂ ਖਾ ਕੇ ਅਤੇ ਟੈਂਕੀਆਂ ਉਤੇ ਚੜ੍ਹ ਕੇ ਮੁਸ਼ਕਲ ਨਾਲ ਮੁੱਖ ਮੰਤਰੀ ਦੇ ਦਰਸ਼ਨਾਂ ਦਾ ਹੱਕ ਨਸੀਬ ਹੁੰਦਾ ਹੈ। ਟੀਈਟੀ ਪਾਸ ਅਧਿਆਪਕ ਯੂਨੀਅਨ ਦੇ ਪ੍ਰਧਾਨ ਰਘਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸੰਗਤ ਦਰਸ਼ਨ ਦੌਰਾਨ ਆਪਣੀਆਂ ਸਮਰੱਥਕ ਪੰਚਾਇਤਾਂ ਨੂੰ ਤਾਂ ਪੈਸੇ ਵੰਡਣ ਦੀਆਂ ਖ਼ਬਰਾਂ ਸੁਣਦੇ ਹਾਂ ਪਰ ਜਦੋਂ ਬੇਰੁਜ਼ਗਾਰਾਂ ਨਾਲ ਮੀਟਿੰਗ ਹੋਈ ਤਾਂ ਪੈਸਾ ਨਾ ਹੋਣ ਦਾ ਤਰਕ ਦੇ ਕੇ ਉਨ੍ਹਾਂ ਹੱਥ ਖੜ੍ਹੇ ਕਰ ਦਿੱਤੇ।

ਮੁੱਖ ਮੰਤਰੀ ਨੂੰ ਮਿਲਣ ਜਾਂਦੇ ਲੋਕਾਂ ਦਾ ਇਹ ਹਾਲ ਆਏ ਦਿਨ ਦੀ ਗੱਲ ਬਣ ਗਈ ਹੈ

ਮੁੱਖ ਮੰਤਰੀ ਨੂੰ ਮਿਲਣ ਜਾਂਦੇ ਲੋਕਾਂ ਦਾ ਇਹ ਹਾਲ ਆਏ ਦਿਨ ਦੀ ਗੱਲ ਬਣ ਗਈ ਹੈ

ਅਧਿਆਪਕ ਦਾਖ਼ਲਾ ਟੈਸਟ ਦੀ ਮਿਆਦ ਵੀ ਸੱਤ ਸਾਲ ਹੈ। 2011 ਵਿੱਚ ਪਹਿਲੇ ਟੈਸਟ ਵਿੱਚ ਪਾਸ ਹੋਣ ਵਾਲਿਆਂ ਦੇ ਸਾਢੇ ਪੰਜ ਸਾਲ ਤਾਂ ਨੌਕਰੀ ਮੰਗਦਿਆਂ ਹੀ ਗੁਜ਼ਰ ਚੁੱਕੇ ਹਨ। ਅਸਲ ਵਿੱਚ ਗ਼ਰੀਬਾਂ ਦੇ ਬੱਚਿਆਂ ਬਾਰੇ ਸਰਕਾਰ ਗੰਭੀਰ ਦਿਖਾਈ ਨਹੀਂ ਦਿੰਦੀ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ 40 ਹਜ਼ਾਰ ਤੋਂ ਵਧੇਰੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਟੀਈਟੀ ਪਾਸ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਸਰਕਾਰ ਪੁਲੀਸ ਦੀਆਂ ਡਾਂਗਾਂ ਨਾਲ ਸੇਵਾ ਕਰਵਾ ਰਹੀ ਹੈ, ਉਨ੍ਹਾਂ ਦੇ ਆਗੂਆਂ ’ਤੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ। ਉਨ੍ਹਾਂ ਨੂੰ ਆਏ ਦਿਨ ਟੈਂਕੀਆਂ ’ਤੇ ਚੜ੍ਹਨ, ਸੜਕਾਂ ਜਾਮ ਕਰਨ ਤੇ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਕਰ ਰਹੀ ਹੈ। ਪੰਜਾਬ ਸਰਕਾਰ ਨੇ ਸਿੱਖਿਆ ਅਧਿਕਾਰ ਕਾਨੂੰਨ ਲਾਗੂ ਕਰਦੇ ਹੋਏ ਜੂਨ 2011 ਵਿੱਚ ਪਹਿਲੀ ਵਾਰੀ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਕਰਵਾਈ ਸੀ, ਜਿਸ ਤੋਂ ਬਾਅਦ ਲਗਾਤਾਰ ਸਾਲ 2012, 2013, 2014 ਤੇ 2015 ਵਿੱਚ ਪੰਜ ਵਾਰੀ ਇਹ ਪ੍ਰੀਖਿਆ ਲਈ ਜਾ ਚੁੱਕੀ ਹੈ। ਇਨ੍ਹਾਂ ਪੰਜਾਂ ਸਾਲਾਂ ਦੌਰਾਨ ਇਸ ਪ੍ਰੀਖਿਆ ਵਿੱਚੋਂ 22 ਹਜ਼ਾਰ ਦੇ ਲਗਪਗ ਬੀ.ਐੱਡ. ਕੋਰਸ ਪਾਸ ਅਤੇ 8500 ਦੇ ਲਗਪਗ ਈਟੀਟੀ ਕੋਰਸ ਪਾਸ ਬੇਰੁਜ਼ਗਾਰ ਇਹ ਆਈ.ਐਸ. ਪੱਧਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ। ਪੰਜਾਬ ਸਰਕਾਰ ਨੇ ਪਿਛਲੇ 6 ਸਾਲਾਂ ਦੌਰਾਨ ਸਾਲ 2011 ਵਿੱਚ 3442 ਅਸਾਮੀਆਂ ਕੱਢ ਕੇ ਇਨ੍ਹਾਂ ਵਿੱਚੋਂ ਸਿਰਫ਼ 1707 ਅਤੇ ਸਾਲ 2012 ਵਿੱਚ 5178 ਅਸਾਮੀਆਂ ਕੱਢ ਕੇ ਇਨ੍ਹਾਂ ਵਿੱਚੋਂ ਸਿਰਫ਼ 2500 ਬੇਰੁਜ਼ਗਾਰਾਂ ਨੂੰ ਹੀ ਨੌਕਰੀ ਦਿੱਤੀ ਗਈ ਹੈ। ਹੁਣ ਤੱਕ ਪੰਜਾਬ ਸਰਕਾਰ ਨੇ ਇਹ ਦੋ ਭਰਤੀਆਂ ਰਾਹੀਂ ਸਿਰਫ਼ 4200 ਦੇ ਲਗਪਗ ਅਧਿਆਪਕ ਹੀ ਭਰਤੀ ਕੀਤੇ ਹਨ। ਜੋ ਭਰਤੀ ਹੋਏ ਹਨ, ਉਹ ਵੀ ਉੱਕਾ-ਪੁੱਕਾ 6000 ਰੁਪਏ ਪ੍ਰਤੀ ਮਹੀਨਾ ਦੇ ਠੇਕੇ ’ਤੇ ਹਨ।

ਦਰਸ਼ਨਾਂ ਲਈ ਤਾਂਘਵਾਨ ਹਨ ਕੁੱਕ ਬੀਬੀਆਂ

ਪੰਜਾਬ ਦੇ ਪੰਜਾਹ ਹਜ਼ਾਰ ਤੋਂ ਵੱਧ ਮਿਡ-ਡੇਅ ਮੀਲ ਕੁੱਕਾਂ ਨੂੰ ਕੋਸ਼ਿਸ਼ ਕਰਨ ਦੇ ਬਾਵਜੂਦ ਸਾਢੇ ਚਾਰ ਸਾਲਾਂ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਰਸ਼ਨ ਨਹੀਂ ਹੋਏ। ਅੱਠਵੀਂ ਤੱਕ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਪਰੋਸਣ ਦੇ ਕੰਮ ਵਿੱਚ 95 ਫ਼ੀਸਦ ਦੇ ਕਰੀਬ ਬੀਬੀਆਂ ਲੱਗੀਆਂ ਹੋਈਆਂ ਹਨ। ਡੈਮੋਕਰੈਟਿਕ ਮਿਡ-ਡੇਅ ਮੀਲ ਕੁੱਕ ਫਰੰਟ ਦੀ ਪ੍ਰਧਾਨ ਹਰਜਿੰਦਰ ਕੌਰ ਲੋਪੋ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਵੀ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹੋਣ ਕਰਕੇ ਉਹ ਦੂਜੇ ਬੱਚਿਆਂ ਦੀਆਂ ਮਾਵਾਂ ਦੇ ਵਾਂਗ ਕੰਮ ਕਰਦੀਆਂ ਹਾਂ ਪਰ ਪੂਰਾ ਦਿਨ ਸਕੂਲ ਵਿੱਚ ਗੁਜ਼ਾਰ ਕੇ ਸਿਰਫ਼ 1200 ਰੁਪਏ ਮਹੀਨੇ ਨਾਲ ਤਾਂ ਪਰਿਵਾਰ ਦਾ ਢਿੱਡ ਨਹੀਂ ਭਰਦਾ। ਕੁੱਕ ਬੀਬੀ ਸੁਖਵਿੰਦਰ ਕੌਰ ਅੱਚਲ ਨੇ ਕਿਹਾ ਕਿ ਜਿਸ ਦਿਨ ਮੁੱਖ ਮੰਤਰੀ ਸਾਹਿਬ ਕਹਿਣਗੇ ਕੁੱਕ ਬੀਬੀਆਂ ਸੰਗਤੀ ਰੂਪ ਵਿੱਚ ਉਨ੍ਹਾਂ ਦੇ ਦਿੱਤੇ ਸਮੇਂ ਅਤੇ ਸਥਾਨ ’ਤੇ ਇਕੱਠੀਆਂ ਹੋ ਜਾਣਗੀਆਂ। ਮੁੱਖ ਮੰਤਰੀ ਸਭ ਦੇ ਕੋਲ ਜਾ ਕੇ ਉਨ੍ਹਾਂ ਦੀ ਸਮੱਸਿਆ ਸੁਣਨ ਦੇ ਆਦੀ ਹਨ ਤਾਂ ਸੰਭਵ ਹੈ ਕਿ ਉਨ੍ਹਾਂ ਦੀ ਮੁਸ਼ਕਲ ਮੁੱਖ ਮੰਤਰੀ ਦੀ ਸਮਝ ਵਿੱਚ ਆ ਜਾਵੇ।

(ਧੰਨਵਾਦ ਸਹਿਤ: ਪੰਜਾਬੀ ਟ੍ਰਿਿਬਊਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,