ਖਾਸ ਖਬਰਾਂ

ਪੰਜਾਬ ਵਿੱਚ ਇਸ ਵੇਲੇ 3.84 ਕਰੋੜ ਲੈਂਡਲਾਈਨ ਤੇ ਮੋਬਾਇਲ, ਔਸਤਨ 2300 ਕਰੋੜ ਰੁਪਏ ਸਾਲਾਨਾ ਖਰਚਾ

January 17, 2018 | By

ਬਠਿੰਡਾ: ਸਮੁੱਚਾ ਪੰਜਾਬ ਜਿਥੇ ਸੰਕਟ ਕੰਢੇ ਖੜ੍ਹਾ ਹੈ, ਉਦੋਂ ਇਹ ਤੱਥ ਫਿਕਰਮੰਦ ਕਰਦੇ ਹਨ ਕਿ ਪੰਜਾਬ ਦੇ ਲੋਕ ਰੋਜ਼ਾਨਾ ਘੱਟੋ ਘੱਟ 6.50 ਕਰੋੜ ਰੁਪਏ ਮੋਬਾਈਲਾਂ ਦੀ ‘ਹੈਲੋ ਹੈਲੋ’ ‘ਤੇ ਫੂਕ ਦਿੰਦੇ ਹਨ। ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਘੱਟੋ ਘੱਟ ਟੈਲੀਫੋਨ (ਲੈਂਡਲਾਈਨ ਤੇ ਮੋਬਾਇਲ) ਖਰਚਾ ਔਸਤਨ 2300 ਕਰੋੜ ਰੁਪਏ ਸਾਲਾਨਾ ਬਣਦਾ ਹੈ। ਕੇਂਦਰੀ ਸੰਚਾਰ ਮੰਤਰਾਲੇ ਅਨੁਸਾਰ ਪੰਜਾਬ ‘ਚ ਇਸ ਵੇਲੇ 3.84 ਕਰੋੜ ਟੈਲੀਫੋਨ (ਲੈਂਡਲਾਈਨ ਤੇ ਮੋਬਾਇਲ) ਹਨ ਜਿਨ੍ਹਾਂ ’ਚੋਂ 1.40 ਕਰੋੜ ਦਿਹਾਤੀ ਅਤੇ 2.44 ਕਰੋੜ ਸ਼ਹਿਰੀ ਖੇਤਰ ‘ਚ ਹਨ।

ਪੰਜਾਬ ਦੀ ਅਨੁਮਾਨਤ ਆਬਾਦੀ ਸਾਲ 2017 ‘ਚ 2.99 ਕਰੋੜ ਵਧੀ ਹੈ, ਜਦੋਂ ਕਿ ਟੈਲੀਫੋਨਾਂ ਦੀ ਗਿਣਤੀ 3.84 ਕਰੋੜ ਹੈ।ਵੇਰਵਿਆਂ ਅਨੁਸਾਰ ਪੰਜਾਬ ‘ਚ ਸਾਲ 2017 ਵਿੱਚ ਅਨੁਮਾਨਿਤ ਘਰਾਂ ਦੀ ਗਿਣਤੀ ਕਰੀਬ 55 ਲੱਖ ਦੱਸੀ ਜਾ ਰਹੀ ਹੈ। ਘਰਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਦੇ ਹਰ ਘਰ ਵਿਚ ਔਸਤਨ ਸੱਤ ਟੈਲੀਫੋਨ ਹਨ।

ਮੋਬਾਈਲ ਕੰਪਨੀਆਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੇ ਜਾਲ ਵਿਚ ਫਸਾ ਲਿਆ ਹੈ। ਹਰ ਕੁਨੈਕਸ਼ਨ ਧਾਰਕ ਦਾ ਟੈਲੀਫੋਨ ਖਰਚ ਪ੍ਰਤੀ ਮਹੀਨਾ ਘੱਟੋ ਘੱਟ 50 ਰੁਪਏ ਵੀ ਮੰਨ ਲਈਏ ਤਾਂ 3.84 ਕਰੋੜ ਕੁਨੈਕਸ਼ਨਾਂ ਦੇ ਹਿਸਾਬ ਨਾਲ ਇਹ ਰਾਸ਼ੀ ਸਾਲਾਨਾ 2304 ਕਰੋੜ ਰੁਪਏ ਬਣ ਜਾਂਦੀ ਹੈ। ਇਸ ਤਰ੍ਹਾਂ ਪੰਜਾਬ ਦੇ ਵਸਨੀਕ ਹਰ ਮਹੀਨੇ ਟੈਲੀਫੋਨਾਂ ’ਤੇ ਘੱਟੋ ਘੱਟ 192 ਕਰੋੜ ਰੁਪਏ ਖ਼ਰਚਦੇ ਹਨ। ਮਾਹਿਰਾਂ ਅਨੁਸਾਰ ਇਹ ਖਰਚਾ ਇਸ ਤੋਂ ਕਿਤੇ ਵੱਧ ਹੈ।

ਸੰਚਾਰ ਮੰਤਰਾਲੇ ਅਨੁਸਾਰ ਪੰਜਾਬ ‘ਚ 31 ਮਾਰਚ 2014 ਨੂੰ ਟੈਲੀਫੋਨਾਂ ਦੀ ਗਿਣਤੀ 3.23 ਕਰੋੜ ਸੀ, ਜੋ 31 ਅਕਤੂਬਰ 2017 ਤੱਕ ਵੱਧ ਕੇ 3.84 ਕਰੋੜ ਹੋ ਗਈ ਹੈ। ਅਰਥਾਤ ਲੰਘੇ ਸਾਢੇ ਤਿੰਨ ਵਰ੍ਹਿਆਂ ਵਿਚ ਟੈਲੀਫੋਨ ਕੁਨੈਕਸ਼ਨਾਂ ਦੀ ਗਿਣਤੀ ਵਿਚ 61 ਲੱਖ ਦਾ ਵਾਧਾ ਹੋਇਆ ਹੈ। ਪੰਜਾਬ ਵਿਚ ਕੁੱਲ 12,586 ਆਬਾਦ ਪਿੰਡ ਹਨ ਜਿਨ੍ਹਾਂ ’ਚੋਂ ਸਿਰਫ਼ 24 ਪਿੰਡ ਅਜਿਹੇ ਹਨ ਜੋ ਹਾਲੇ ਮੋਬਾਈਲ ਫੋਨਾਂ ਦੀ ਮਾਰ ਵਿੱਚ ਨਹੀਂ ਹਨ। ਇਨ੍ਹਾਂ ਪਿੰਡਾਂ ਵਿਚ ਗੁਰਦਾਸਪੁਰ ਦੇ ਦੋ ਪਿੰਡ, ਕਪੂਰਥਲਾ ਜ਼ਿਲ੍ਹੇ ਦੇ ਛੇ, ਹੁਸ਼ਿਆਰਪੁਰ ਦੇ ਅੱਠ ਅਤੇ ਫਿਰੋਜ਼ਪੁਰ ਦੇ ਅੱਠ ਪਿੰਡ ਸ਼ਾਮਿਲ ਹਨ।

ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ 18,333 ਮੋਬਾਈਲ ਟਾਵਰ ਅਤੇ ਚਾਰ ਦਰਜਨ ਮੋਬਾਈਲ ਐਕਸਚੇਂਜਾਂ ਹਨ। ਪੰਜਾਬ ਦੇ ਪੇਂਡੂ ਇਲਾਕੇ ‘ਤੇ ਨਜ਼ਰ ਮਾਰੀਏ ਤਾਂ ਹਾਲ ਦੀ ਘੜੀ ਪੰਜਾਬ ਦਾ ਦਿਹਾਤੀ ਇਲਾਕਾ ਟੈਲੀਫੋਨ ਘਣਤਾ ਦੀ ਦਰ ਵਿਚ ਭਾਰਤ ਭਰ ’ਚੋਂ ਤੀਜੇ ਨੰਬਰ ’ਤੇ ਹੈ। ਪੇਂਡੂ ਪੰਜਾਬ ਦੀ ਟੈਲੀਫੋਨ ਘਣਤਾ ਦਰ 81.02 ਫੀਸਦੀ ਹੈ, ਜਦੋਂ ਕਿ ਪਹਿਲੇ ਨੰਬਰ ’ਤੇ ਹਿਮਾਚਲ ਪ੍ਰਦੇਸ਼ ਹੈ ਜਿਸ ਦੀ ਘਣਤਾ ਦਰ 118 ਫੀਸਦੀ ਹੈ। ਦੂਸਰਾ ਨੰਬਰ ਤਾਮਿਲਨਾਡੂ ਦਾ ਹੈ। ਲੰਘੇ ਸਾਢੇ ਤਿੰਨ ਵਰ੍ਹਿਆਂ ਵਿਚ ਪੇਂਡੂ ਪੰਜਾਬ ‘ਚ ਟੈਲੀਫੋਨ ਕੁਨੈਕਸ਼ਨਾਂ ਦੀ ਗਿਣਤੀ ਵਿਚ 16 ਲੱਖ ਜਦੋਂ ਕਿ ਸ਼ਹਿਰਾਂ ਵਿਚ 45 ਲੱਖ ਦਾ ਵਾਧਾ ਹੋਇਆ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਪ੍ਰੋ. ਕੇਸਰ ਸਿੰਘ ਭੰਗੂ ਦਾ ਕਹਿਣਾ ਸੀ ਕਿ ਮੋਬਾਈਲ ਕੰਪਨੀਆਂ ਨੇ ਚਕਾਚੌਂਧ ਦਿਖਾ ਕੇ ਨੌਜਵਾਨ ਵਰਗ ’ਤੇ ਪੂਰੀ ਤਰ੍ਹਾਂ ਜਾਲ ਸੁੱਟ ਲਿਆ ਹੈ ਅਤੇ ਮੋਬਾਈਲ ਨੂੰ ਹਰ ਕਿਸੇ ਦੀ ਲੋੜ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਰੋਤਾਂ ਦੀ ਬਰਬਾਦੀ ਹੈ ਜਿਨ੍ਹਾਂ ਨੂੰ ਹੋਰ ਉਸਾਰੂ ਕੰਮਾਂ ’ਤੇ ਵਰਤਿਆ ਜਾ ਸਕਦਾ ਸੀ।

ਇਹ ਖ਼ਬਰ ਅੱਜ ਦੇ ਪੰਜਾਬੀ ਟ੍ਰਿਿਬਊਨ ਵਿੱਚ ਛਪੀ ਸੀ।ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇੱਥੇ ਛਾਪ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,