ਖਾਸ ਖਬਰਾਂ » ਖੇਤੀਬਾੜੀ

ਝੋਨੇ ਸਮੇਤ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਹਾਇਕ ਮੁੱਲ ਵਿਚ ਵਾਧੇ ਦਾ ਐਲਾਨ

July 5, 2018 | By

ਨਵੀਂ ਦਿੱਲੀ: ਭਾਰਤ ਸਰਕਾਰ ਨੇ ਝੋਨੇ ਦੇ ਘੱਟੋ-ਘੱਟ ਸਹਾਇਕ ਮੁੱਲ ਐਮਐਸਪੀ ਵਿੱਚ 200 ਰੁਪਏ ਫ਼ੀ ਕੁਇੰਟਲ ਦਾ ਵਾਧਾ ਕੀਤਾ ਹੈ। ਇਹ ਫ਼ੈਸਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਉਦੋਂ ਲਿਆ ਗਿਆ ਜਦੋਂ ਅਗਲੀਆਂ ਲੋਕ ਸਭਾ ਚੋਣਾਂ ਵਾਸਤੇ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਤੋਂ ਪਹਿਲਾਂ ਝੋਨੇ ਦੇ ਘੱਟੋ-ਘੱਟ ਸਹਾਇਕ ਮੁੱਲ ਵਿੱਚ ਸਭ ਤੋਂ ਵੱਡਾ 170 ਰੁਪਏ ਦਾ ਵਾਧਾ ਫ਼ਸਲੀ ਸਾਲ 2012-13 ਵਿੱਚ ਕੀਤਾ ਗਿਆ ਸੀ। ਪਿਛਲੇ ਚਾਰ ਸਾਲਾਂ ਵਿੱਚ ਐਨਡੀਏ ਸਰਕਾਰ ਨੇ ਝੋਨੇ ਦੇ ਸਹਾਇਕ ਮੁੱਲ ਵਿੱਚ ਸਾਲਾਨਾ 50-80 ਰੁਪਏ ਫ਼ੀ ਕੁਇੰਟਲ ਦਾ ਵਾਧਾ ਕੀਤਾ ਸੀ।

ਸੀਸੀਈਏ ਦੇ ਫ਼ੈਸਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੈਬਨਿਟ ਨੇ ਫ਼ਸਲੀ ਸਾਲ 2018-19 ਲਈ ਸਾਉਣੀ ਦੀਆਂ 14 ਫ਼ਸਲਾਂ ਦੀ ਐਮਐਸਪੀ ਨੂੰ ਪ੍ਰਵਾਨਗੀ ਦਿੱਤੀ ਹੈ। ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ (ਸੀਏਸੀਪੀ) ਨੇ ਝੋਨੇ ਦੀ ਪ੍ਰਤੀ ਕੁਇੰਟਲ ਲਾਗਤ 1166 ਰੁਪਏ ਫੀ ਕੁਇੰਟਲ ਕੱਢੀ ਸੀ ਤੇ ਸਰਕਾਰ ਨੇ ਸਾਲ 2018-19 ਲਈ ਝੋਨੇ (ਆਮ ਗਰੇਡ) ਦਾ ਭਾਅ 1750 ਰੁਪਏ ਫੀ ਕੁਇੰਟਲ ਮਿੱਥਿਆ ਹੈ ਜਦਕਿ ਏ ਗਰੇਡ ਝੋਨੇ ਦਾ ਭਾਅ 180 ਰੁਪਏ ਵਧਾ ਕੇ 1770 ਰੁਪਏ ਮਿਥਿਆ ਹੈ। ਝੋਨੇ ਦੇ ਸਹਾਇਕ ਮੁੱਲ ਵਿੱਚ ਇਸ ਦੀ ਪੈਦਾਵਾਰ ਲਾਗਤ ਦਾ 50 ਫੀਸਦ ਵਧਾਇਆ ਗਿਆ ਹੈ।

ਸਰਕਾਰ ਦੇ ਦੱਸਣ ਮੁਤਾਬਕ ਕਪਾਹ (ਦਰਮਿਆਨਾ ਤਣਾ) ਦਾ ਸਹਾਇਕ ਮੁੱਲ 4020 ਰੁਪਏ ਤੋਂ ਵਧਾ ਕੇ 5150 ਰੁਪਏ ਤੇ ਕਪਾਹ (ਲੰਮਾ ਤਣਾ) ਦਾ ਮੁੱਲ 4320 ਰੁਪਏ ਤੋਂ ਵਧਾ ਕੇ 5450 ਰੁਪਏ ਫੀ ਕੁਇੰਟਲ ਕਰ ਦਿੱਤਾ ਗਿਆ। ਦਾਲਾਂ ਵਿੱਚ ਅਰਹਰ ਦਾ ਸਹਾਇਕ ਮੁੱਲ 5450 ਰੁਪਏ ਤੋਂ ਵਧਾ ਕੇ 5675 ਰੁਪਏ, ਮੂੰਗੀ ਦਾ ਭਾਅ 5575 ਰੁਪਏ ਤੋਂ ਵਧਾ ਕੇ 6975 ਰੁਪਏ, ਮਾਂਹ ਦਾ ਭਾਅ 5400 ਰੁਪਏ ਤੋਂ ਵਧਾ ਕੇ 5600 ਰੁਪਏ ਕੀਤਾ ਗਿਆ ਹੈ। ਨਰਮੇ ਦੇ ਮੁੱਲ ਵਿੱਚ ਲਾਗਤ ਨਾਲੋਂ 50 ਫੀ਼ਸਦ ਜਦਕਿ ਅਰਹਰ ਤੇ ਮਾਂਹ ਦੇ ਭਾਅ ਵਿੱਚ 66 ਫ਼ੀਸਦ ਵਾਧਾ ਕੀਤਾ ਗਿਆ ਹੈ। ਮੋਟੇ ਅਨਾਜ ਵਿੱਚ ਰਾਗੀ ਦਾ ਭਾਅ 997 ਰੁਪਏ ਵਧਾ ਕੇ 2897 ਰੁਪਏ, ਬਾਜਰੇ ਦਾ 525 ਰੁਪਏ ਵਧਾ ਕੇ 1950 ਰੁਪਏ ਤੇ ਮੱਕੇ ਦਾ ਭਾਅ 275 ਰੁਪਏ ਵਧਾ ਕੇ 1700 ਰੁਪਏ ਕੁਇੰਟਲ ਕੀਤਾ ਗਿਆ ਹੈ। ਜੁਆਰ ਹਾਇਬ੍ਰਿਡ ਦਾ ਐਮਐਸਪੀ 730 ਰੁਪਏ ਵਧਾ ਕੇ 2340 ਰੁਪਏ ਜਦਕਿ ਮਾਲਦਾਨੀ ਕਿਸਮ ਦਾ ਭਾਅ 725 ਰੁਪਏ ਵਧਾ ਕੇ 2450 ਰੁਪਏ ਕੀਤਾ ਗਿਆ ਹੈ। ਤੇਲਬੀਜਾਂ ਵਿੱਚ ਸੋਇਆਬੀਨ ਦਾ ਭਾਅ 3050 ਰੁਪਏ ਤੋਂ ਵਧਾ ਕੇ 3399 ਰੁਪਏ ਜਦਕਿ ਮੂੰਗਫਲੀ ਦਾ 4450 ਰੁਪਏ ਤੋਂ ਵਧਾ ਕੇ 4890 ਰੁਪਏ, ਸੂਰਜਮੁਖੀ ਦਾ 4100 ਰੁਪਏ ਤੋਂ 5388 ਰੁਪਏ, ਤਿਲ 5300 ਰੁਪਏ ਤੋਂ ਵਧਾ ਕੇ 6249 ਰੁਪਏ ਤੇ ਨਾਇਜਰ ਸੀਡ ਦਾ 4050 ਰੁਪਏ ਤੋਂ ਵਧਾ ਕੇ 5877 ਰੁਪਏ ਕੀਤਾ ਗਿਆ ਹੈ। ਰਾਜਨਾਥ ਸਿੰਘ ਨੇ ਕਿਸਾਨਾਂ ਨੂੰ ਸਭ ਤੋਂ ਵੱਡੇ ਪੈਦਾਵਾਰੀ ਤੇ ਖਪਤਕਾਰ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਭਾਅ ਨਹੀਂ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,