January 4, 2019 | By ਸਿੱਖ ਸਿਆਸਤ ਬਿਊਰੋ
ਜਲੰਧਰ/ਗੁਰਦਾਸਪੁਰ: ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੇ ਦਿਨ ਪੰਜਾਬ ਦੇ ਦੌਰੇ ਉਤੇ ਸੀ। ਮੋਦੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਗੁਰਦਾਸਪੁਰ, ਦੋ ਥਾਈਂ ਭਾਸ਼ਣ ਦਿੱਤੇ।
ਲਵਲੀ ਯੂਨੀਵਰਸਿਟੀ ਵਿਖੇ ਮੋਦੀ ਨੇ 106 ਇੰਡੀਅਨ ਸਾਈਂਸ ਕਾਂਗਰਸ ਦੇ ਉਧਘਾਟਨ ਮੌਕੇ ਸੰਬੋਧਨ ਕੀਤਾ। ਇਸ ਮੌਕੇ ਮੋਦੀ ਵਲੋਂ ਸਥਾਨਕ ਲੋਕ ਸਭਾ ਹਲਕੇ ਦੇ ਨੁਮਾਇੰਦੇ ਕੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਜ਼ਿਕਰ ਤੱਕ ਵੀ ਨਾ ਕਰਨ ਅਖਬਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਮੰਚ ਉੱਤੇ ਬੈਠੇ ਲੋਕਾਂ ਦੇ ਨਾਂ ਉਚੇਚੇ ਤੌਰ ਉੱਤੇ ਲਏ ਪਰ ਵਿਜੇ ਸਾਂਪਲਾ, ਜੋ ਕਿ ਮੰਚ ਉੱਤੇ ਹੀ ਮੌਜੂਦ ਸੀ, ਦਾ ਜ਼ਿਕਰ ਨਹੀਂ ਕੀਤਾ। ਇਸ ਮੌਕੇ ਵਿਜੇ ਸਾਂਪਲਾ ਨੂੰ ਮੰਚ ਤੋਂ ਬੋਲਣ ਦਾ ਸੱਦਾ ਵੀ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਿਸ ਇਲਾਕੇ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬਣੀ ਹੋਈ ਹੈ ਉਹ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਹਿੱਸਾ ਹੈ ਜਿਥੋਂ ਵਿਜੇ ਸਾਂਪਲਾ ਮੌਜੂਦਾ ਐਪ.ਪੀ. ਹੈ। ਆਪਣੇ ਭਾਸ਼ਣ ਦੌਰਾਨ ਨਰਿੰਦਰ ਮੋਦੀ ਨੇ “ਜੈ ਅਨੁਸ਼ਠਾਨ” ਦਾ ਨਾਅਰਾ ਦਿੱਤਾ।
ਬਾਅਦ ਵਿਚ ਨਰਿੰਦਰ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਵਲੋਂ ਗੁਰਦਾਸਪੁਰ ਵਿਖੇ ਰੱਖੇ ਗਏ ਇਕੱਠ ਨੂੰ ਵੀ ਸੰਬੋਧਨ ਕੀਤਾ।
ਨਰਿੰਦਰ ਮੋਦੀ ਦੀ ਗੁਰਦਾਸਪੁਰ ਫੇਰੀ ਮੌਕੀ ਕਾਂਗਰਸੀ ਕਾਰਕੁੰਨਾਂ ਨੇ “ਚੌਂਕੀਦਾਰ ਚੋਰ ਹੈ, ਰਿਫੇਲ ਦਾ ਦਲਾਲ ਹੈ” ਦੇ ਨਾਅਰੇ ਲਾਏ ਤੇ ਕਾਲੀਆਂ ਝੰਡੀਆਂ ਵਿਖਾਈਆਂ। ਇਨਾਂ ਨਾਅਰਿਆਂ ਵਾਲੇ ਪਰਦੇ (ਬੈਨਰ) ਗਲਾਂ ਵਿਚ ਪਾਈ ਕਾਂਗਰਸੀ ਕਾਰਕੁੰਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਬਾਦਲ-ਭਾਜਪਾ ਵਲੋਂ ਕੀਤੇ ਇਕੱਠ ਦੀ ਕਾਰਵਾਈ ਮੁੱਕਣ ਤੋਂ ਬਾਅਦ ਗ੍ਰਿਫਤਾਰ ਕੀਤੇ ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਗੁਰਦਾਸਪੁਰ ਵਿਖੇ ਆਪਣੇ ਭਾਸ਼ਣ ਦੌਰਾਨ ਨਰਿੰਦਰ ਮੋਦੀ ਨੇ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਪਾਰਟੀ ਉੱਤੇ ਹੱਲੇ ਕੀਤੇ। ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਜ਼ਿਕਰ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ 1984 ਦੇ ਕਤਲੇਆਮ ਦੇ ਦੋਸ਼ੀ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਹੈ।
ਆਪਣੇ ਭਾਸ਼ਣ ਵਿਚ ਭਾਰਤੀ ਪ੍ਰਧਾਨ ਮੰਤਰੀ ਨੇ ਕਾਂਗਰਸ ਦੀਆਂ ਸੂਬਾ ਸਰਕਾਰਾਂ ਵਲੋਂ ਕੀਤੀ ਜਾ ਰਹੀ ਕਿਸਾਨਾਂ ਦੀ ਕਰਜ਼ ਮਾਫੀ ਨੂੰ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕਰਜ਼ ਮਾਫੀ ਕਿਸਾਨਾਂ ਨਾਲ ਧੋਖਾ ਹੈ। ਉਹਨੇ ਕਿਹਾ ਕਿ ਸਾਲ 2022 ਤੱਕ ਕਿਸਾਨਾਂ ਦਾ ਆਮਦਨ ਦੁੱਗਣੀ ਕਰਨ ਦੇ ਉਸਦੀ ਸਰਕਾਰ ਦੇ ਐਲਾਨ ਬਾਰੇ ਹਾਲੀ ਕੰਮ ਚੱਲ ਰਿਹਾ ਹੈ। ਮੋਦੀ ਨੇ ਕਿਹਾ ਕਿ ਸਰਕਾਰ ਨੇ ਸਰਹੰਦ ਫੀਡਰ ਨਹਿਰ ਵਾਸਤੇ ਰਕਮ ਜਾਰੀ ਕਰਨ ਦਾ ਫੈਸਲਾ ਲਿਆ ਹੈ ਜਿਸ ਨਾਲ ਪੰਜਾਬ ਵਿਚ ਸਿਜਾਈ ਸਹੂਲਤਾਂ ਬਿਹਤਰ ਹੋਣਗੀਆਂ।
ਗੁਰਦਾਸਪੁਰ ਦੇ ਸਰਹੱਦੀ ਇਲਾਕੇ ਲਈ ਨਰਿੰਦਰ ਮੋਦੀ ਦੀ ਫੇਰੀ ਨਿਰਾਸ਼ਾ ਦਾ ਸਵੱਬ ਹੀ ਰਹੀਂ ਕਿਉਂਕਿ ਭਾਰਤੀ ਪ੍ਰਧਾਨ ਮੰਤਰੀ ਨੇ ਇਲਾਕੇ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਜਾਂ ਰਾਹਤ ਦਾ ਐਲਾਨ ਨਹੀਂ ਕੀਤਾ। ਮੋਦੀ ਦੀ ਫੇਰੀ ਤੋਂ ਆਸ ਕੀਤੀ ਜਾ ਰਹੀ ਸੀ ਕਿ ਉਹ ਧਾਰੀਵਾਰ ਸਥਿਤ ਵੂਲਨ ਮਿੱਲ ਅਤੇ ਬਟਾਲਾ ਦੀ ਬੰਦ ਪਈ ਲੋਹਾ ਸਨਅਤ ਨੂੰ ਚਾਲੂ ਕਰਵਾਉਣ ਲਈ ਐਲਾਨ ਕਰਨਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਮੋਦੀ ਨੇ ਵਿਨੋਦ ਖੰਨਾ ਤੇ ਦੇਵ ਆਨੰਦ ਦਾ ਜ਼ਿਕਰ ਕਰਨ ਸਮੇਤ ਹੋਰਨਾਂ ਗੱਲਾਂਬਾਤਾਂ ਨਾਲ ਹੀ ਬੁੱਤਾ ਸਾਰ ਲਿਆ ਤੇ ਇਸ ਫੇਰੀ ਤੋਂ ਆਸਾਂ ਲਾਈ ਬੈਠੇ ਇਲਾਕੇ ਦੇ ਲੋਕਾਂ ਪੱਲੇ ਸਿਰਫ ਨਿਰਾਸ਼ਾ ਹੀ ਪਈ।
ਅਖਬਾਰੀ ਖਬਰਾਂ ਮੁਤਾਬਕ ਭਾਵੇਂ ਬਾਦਲ-ਭਾਜਪਾ ਵਲੋਂ ਇਸ ਇਕੱਠ ਵਿਚ ਇੱਕ ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਖੂਫੀਆ ਏਜੰਸੀਆਂ ਨੇ ਸੂਬੇ ਭਰ ਵਿਚੋਂ ਆਏ ਲੋਕਾਂ ਦੇ ਇਸ ਇਕੱਠ ਦੀ ਗਿਣਤੀ 10 ਤੋਂ 12 ਹਜ਼ਾਰ ਹੀ ਦੱਸੀ ਹੈ।
Related Topics: Badal Dal, BJP, Indian Politics, Narendra Modi, Punjab Politics, Sukhbir Badal, sukhbir singh badal, ਹਰਸਿਮਰਤ ਕੌਰ ਬਾਦਲ (Harsimrat Kaur Badal)