September 17, 2018 | By ਸਿੱਖ ਸਿਆਸਤ ਬਿਊਰੋ
ਗੁਰਪ੍ਰੀਤ ਸਿੰਘ ਮੰਡਿਆਣੀ
ਪੰਜਾਬ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਅਧੂਰਾ ਸੱਚ ਬੋਲ ਕੇ ਅਸਲੀਅਤ ਨੂੰ ਪਲਟਾ ਦਿੰਦੇ ਹਨ। 16 ਸਤੰਬਰ ਨੂੰ ਫਰੀਦਕੋਟ ’ਚ ਰੈਲੀ ਦੌਰਾਨ ਆਪਦੀ ਵਿਰੋਧੀ ਪਾਰਟੀ ਕਾਂਗਰਸ ਦੀ ਭੰਡੀ ਕਰਨ ਖਾਤਰ ਬਾਦਲ ਸਾਹਿਬ ਨੇ ਕਾਂਗਰਸੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਦੋਸ਼ ਲਾਇਆ ਕਿ ਪੰਜਾਬੀ ਸੂਬੇ ਦੀ ਹੱਕੀ ਮੰਗ ਨੂੰ ਉਹਨਾਂ ਨੇ ਪੂਰੀ ਨਹੀਂ ਹੋਣ ਦਿੱਤਾ। ਇਹ ਗੱਲ ਸਹੀ ਹੈ ਕਿ ਨਹਿਰੂ ਨੇ ਆਪਦੇ ਜਿਊਂਦੇ ਜੀ ਪੰਜਾਬੀਆਂ ਦੀ ਇਹ ਬਿਲਕੁਲ ਵਾਜਬ ਮੰਗ ਨਹੀਂ ਮੰਨੀ ਤੇ ਇਹਦੇ ਹੱਕ ਵਿੱਚ ਅਕਾਲੀ ਦਲ ਵੱਲੋਂ ਚਲਾਈ ਗਈ ਜੱਦੋਜਹਿਦ ’ਤੇ ਬਹੁਤ ਹੀ ਤਸ਼ੱਦਦ ਕੀਤਾ। ਸ. ਬਾਦਲ ਵੱਲੋਂ ਬੋਲਿਆ ਗਿਆ ਇਹ ਅਧੂਰਾ ਸੱਚ ਹੈ।
ਪੂਰਾ ਸੱਚ ਇਹ ਹੈ ਕਿ ਅੱਜ ਉਹਨਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਪੰਜਾਬੀ ਸੁੂਬੇ ਦੀ ਮੰਗ ਨੂੰ ਦੱਬਣ ਲਈ ਨਹਿਰੂ ਤੋਂ ਵੀ ਦੋ ਰੱਤੀਆਂ ਅਗਾਂਹ ਸੀ। ਪੰਜਾਬੀ ਸੂਬੇ ਦੀ ਮੰਗ ਮੌਕੇ ਭਾਰਤੀ ਜਨਤਾ ਪਾਰਟੀ ਦਾ ਨਓਂ ਜਨਸੰਘ ਸੀ। ਜਨਸੰਘੀਆਂ ਨੇ ਪੰਜਾਬੀ ਸੂਬੇ ਦੇ ਸਿਆਸੀ ਵਿਰੋਧ ਤੋਂ ਵੀ ਅਗਾਂਹ ਜਾ ਕੇ ਇਹਦਾ ਹਿੰਸਕ ਵਿਰੋਧ ਕਰਦੇ ਹੋਏ ਸਿੱਖਾਂ ਅਤੇ ਸਿੱਖੀ ਤੇ ਵੀ ਹਮਲੇ ਕੀਤੇ। ਪੰਜਾਬੀ ਸੂੁਬੇ ਦੀ ਮੰਗ ਨੂੰ ਅੱਧ ਪਚੱਦੀ ਸ਼ਕਲ ’ਚ ਮੰਨਦਿਆਂ ਕੇਂਦਰ ਸਰਕਾਰ ਨੇ ਪੰਜਾਬ ਦੇ ਰਿਜਨ (ਖੇਤਰ) ਬਣਾ ਦਿੱਤੇ ਇੰਨਾਂ ਨੂੰ ਹਿੰਦੀ ਰਿਜਨ ਅਤੇ ਪੰਜਾਬੀ ਰਿਜਨ ਕਿਹਾ ਗਿਆ। ਜਿੱਥੇ ਪੰਜਾਬੀ ਰਿਜਨ ਵਿੱਚ ਪੰਜਾਬੀ ਅਤੇ ਹਿੰਦੀ ਰਿਜਨ ਵਿੱਚ ਹਿੰਦੀ ਲਾਗੂ ਹੋਈ ਸੀ।
ਹਾਲਾਂਕਿ ਇਹ ਮੁਕੰਮਲ ਪੰਜਾਬੀ ਸੂਬੇ ਦੀ ਥਾਂ ਪੰਜਾਬੀਆਂ ਨੂੰ ਇਹ ਇੱਕ ਛੋਟੀ ਜਿਹੀ ਹੀ ਰਿਆਇਤ ਦਿੱਤੀ ਗਈ ਸੀ ਪਰ ਜਨਸੰਘੀਆਂ ਨੂੰ ਪੰਜਾਬੀਆਂ ਨੂੰ ਦਿੱਤੀ ਗਈ ਇਹ ਛੋਟੀ ਜਹੀ ਰਿਆਇਤ ਵੀ ਬਰਦਾਸ਼ਤ ਨਾ ਹੋਈ। ਪੰਜਾਬ ਜਨਸੰਘ ਦੇ ਪ੍ਰਧਾਨ ਲਾਲ ਚੰਦ ਸਭਰਵਾਲ ਨੇ ਆਖਿਆ ਕਿ ਜੇ ਪੰਜਾਬੀ ਲਾਗੂ ਕਰਨ ਦੀ ਕੋਸ਼ਿਸ਼ ਜਬਰਦਸਤੀ ਕੀਤੀ ਗਈ ਤਾਂ ਸ਼ਹਿਰਾਂ ਦੇ ਗਲੀਆਂ ਬਜਾਰਾਂ ’ਚ ਲੜਾਈ ਹੋਵੇਗੀ।
ਇੱਕ ਹੋਰ ਉਘੇ ਜਨਸੰਘੀ ਆਗੂ ਬਲਰਾਮਜੀਦਾਸ ਟੰਡਨ ਨੇ ਰਿਜਨਲ ਫਾਰਮੂਲੇ ਦੇ ਖਿਲਾਫ 27 ਮਾਰਚ 1956 ਤੋਂ 9 ਅਪ੍ਰੈਲ 56 ਤੱਕ ਵਰਤ ਰੱਖਿਆ। ਜਨਸੰਘ ਨੇ ਮਹਾਂ ਪੰਜਾਬ ਵਾਲਿਆਂ ਨਾਲ ਮਿਲ ਅਪ੍ਰੈਲ 1956 ਤੋਂ ਜੂਨ 1956 ਤੱਕ ਪੰਜਾਬ ਦੇ ਵੱਡੇ ਸ਼ਹਿਰਾਂ ’ਚ ਰਿਜਨਲ ਫਾਰਮੂਲੇ ਦੇ ਖਿਲਾਫ ਜਲੂਸ ਕੱਢੇ ਜਿੰਨਾਂ ’ਚ ਸਿੱਖਾਂ ’ਤੇ ਹਮਲੇ ਕਰਦਿਆਂ ਪੁਲਿਸ ਨਾਲ ਝਗੜੇ ਵੀ ਕੀਤੇ। ਇਹਨਾਂ ਜਲੂਸਾਂ ’ਚ ਪੰਜਾਬੀ ਸੂਬੇ ਦੇ ਖਿਲਾਫ ਗੰਦੇ ਨਾਹਰੇ ਲਾਏ ਜਾਂਦੇ ਰਹੇ। ਇਹੀ ਬਲਰਾਮਜੀਦਾਸ ਟੰਡਨ, ਪ੍ਰਕਾਸ਼ ਸਿੰਘ ਬਾਦਲ ਦੀ ਵਜਾਰਤ ਵਿੱਚ ਤਿੰਨ ਵਾਰ ਪਹਿਲੇ ਨੰਬਰ ਵਾਲਾ ਵਜੀਰ ਰਿਹਾ।
ਅਕਾਲੀ ਦਲ ਦੀ ਲੰਮੀ ਜੱਦੋਜਹਿਦ ਤੋਂ ਬਾਅਦ ਜਦੋਂ ਕਾਂਗਰਸ ਵਰਕਿੰਗ ਕਮੇਟੀ ਨੇ 9 ਮਾਰਚ 1966 ਨੂੰ ਪੰਜਾਬੀ ਸੂਬੇ ਦੇ ਹੱਕ ਵਿੱਚ ਮਤਾ ਪਾਸ ਕਰ ਦਿੱਤਾ ਤਾਂ ਜਨਸੰਘੀ, ਕਾਂਗਰਸ ’ਤੇ ਇੰਨੇ ਲੋਹੇ ਲਾਖੇ ਹੋਏ ਕਿ ਕਾਂਗਰਸੀਆਂ, ਸਿੱਖਾਂ ਅਤੇ ਗੁਰਦੁਆਰਿਆਂ ਉਤੇ ਹਮਲੇ ਸ਼ੁਰੂ ਕਰ ਦਿੱਤੇ। ਜਨਸੰਘ ਦੇ ਜਰਨਲ ਸਕੱਤਰ ਯੱਗ ਦੱਤ ਸ਼ਰਮਾ ਨੇ ਪੰਜਾਬੀ ਸੂਬੇ ਦੇ ਖਿਲਾਫ ਮਰਨ ਵਰਤ ਰੱਖ ਲਿਆ। ਇਹੀ ਯੱਗ ਦੱਤ ਸ਼ਰਮਾ 1977 ’ਚ ਅਕਾਲੀਆਂ ਦੀ ਸਰਗਰਮ ਹਮਾਇਤ ਬਾਲ 1977 ’ਚ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਜਿੱਤਿਆ।
ਪੰਜਾਬੀ ਸੂਬੇ ਦੀ ਮੰਗ ਮੰਨਣ ਦਾ ਕਾਂਗਰਸ ਨੇ ਅਜੇ ਐਲਾਨ ਹੀ ਕੀਤਾ ਸੀ। ਪਰ ਜਨਸੰਘ ਵੱਲੋਂ ਇਹਦਾ ਏਨਾਂ ਹਿੰਸਕ ਪੱਧਰ ’ਤੇ ਵਿਰੋਧ ਕੀਤਾ ਗਿਆ ਕਿ ਦਿੱਲੀ ਸਮੇਤ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ’ਚ ਕਰਫਿਊ ਲਾਉਣਾ ਪਿਆ। ਪੰਜਾਬੀ ਸੂੁਬੇ ਦੀ ਮੰਗ ਮੰਨਣ ਖਾਤਰ ਜਨਸੰਘੀਆਂ ਤੇ ਇਹਦੇ ਹੋਰ ਸਾਥੀਆਂ ਦਾ ਗੱੁਸਾ ਇਸ ਕਦਰ ਭੜਕਿਆ ਸੀ ਕੇ 15 ਮਾਰਚ 1966 ਨੂੰ ਪਾਣੀਪਤ ਵਿੱਚ ਕਾਂਗਰਸੀ ਪ੍ਰਧਾਨ ਦੀਵਾਨ ਚੰਦ ਟੱਕਰ, ਕਰਾਂਤੀ ਕੁਮਾਰ ਅਤੇ ਇੱਕ ਹੋਰ ਜਣੇ ਨੂੰ ਦੁਕਾਨ ਅੰਦਰ ਡੱਕ ਕੇ ਸਾੜ ਮਾਰਿਆ। ਜਨਸੰਘੀਆਂ ਅਤੇ ਉਨਾਂ੍ਹ ਦੇ ਹੋਰ ਸਾਥੀਆਂ ਨਾਲ ਕੀਤੀ ਗਈ ਇਸ ਹਿੰਸਾ ਦੇ 6 ਦਿਨਾਂ ਦੌਰਾਨ ਪੰਜਾਬ ’ਚ 9 ਜਾਣੇ ਮਾਰੇ ਗਏ। 200 ਜਖ਼ਮੀ ਹੋਏ, ਸਿੱਖਾਂ ਦੇ ਘਰਾਂ ਅਤੇ ਗੁਰਦੁਆਰਿਆਂ ’ਤੇ ਹਮਲੇ ਹੋਏ। ਇਸੇ ਰੌਲੇ ਕਰਕੇ ਜਨਸੰਘ ਦੇ 2528 ਬੰਦੇ ਗ੍ਰਿਫਤਾਰ ਹੋਏ। ਪਾਣੀਪਤ ਦੀ ਘਟਨਾ ਤੋਂ ਬਾਅਦ ਜਨਸੰਘ ਪੰਜਾਬੀ ਸੂਬੇ ਨੂੰ ਕੌੜੇ ਘੁੱਟ ਵਾਂਗੂ ਪੀ ਕੇ ਚੁੱਪ ਕਰ ਗਈ ਅਤੇ ਯੱਗ ਦੱਤ ਸ਼ਰਮਾਂ ਨੇ ਵੀ ਆਪਦਾ ਮਰਨ ਵਰਤ ਛੱਡ ਦਿੱਤਾ। ਸੋ ਇਹ ਅਸਲੀਅਤ ਹੈ ਜਿਹੜੀ ਸ. ਬਾਦਲ ਨੂੰ ਪੂਰਾ ਸੱਚ ਬੋਲਣ ਤੋਂ ਰੋਕਦੀ ਹੈ ਕਿਉਂਕਿ ਇਸੇ ਜਨਸੰਘ ਦੀ ਮੌਜੂਦਾ ਸ਼ਕਲ ਭਾਰਤੀ ਜਨਤਾ ਪਾਰਟੀ ਨਾਲ ਸ. ਬਾਦਲ ਦੀ ਏਨੀ ਨੇੜਤਾ ਹੈ ਕਿ ਇਸ ਪਾਰਟੀ ਨਾਲ ਗੂੜੇ ਸਬੰਧਾਂ ਦਾ ਜਿਹੜਾ ਨਾਓਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਧਰਿਆ ਹੈ ਉਹੋ ਜਿਹਾ ਨਾਓਂ ਅੱਜ ਕਿਸੇ ਪਾਰਟੀ ਦੇ ਦੂਜੀ ਪਾਰਟੀ ਨਾਲ ਸਿਆਸੀ ਸਬੰਧਾ ਦੀ ਪਕਿਆਈ ਦਿਖਾਓਣ ਖਾਤਰ ਕਿਸੇ ਨੇ ਨਹੀਂ ਧਰਿਆ।
Related Topics: BJP, Indian National Congress, Jansangh, Jawahar Lal Nehru, Parkash Singh Badal, Punjabi Suba Morcha, Shiromani Akali Dal