January 20, 2017 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਵਿਦਿਆਰਥੀਆਂ ਨੂੰ ਚੰਗਾ ਰੋਜ਼ਗਾਰ ਪ੍ਰਦਾਨ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੇ ਅਕਾਦਮਿਕ ਵਰ੍ਹੇ ਦੌਰਾਨ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਯੂਨੀਵਰਸਿਟੀ ਦੇ 10 ਵਿਦਿਆਰਥੀ ਨਾਮਵਰ ਮਲਟੀਨੈਸ਼ਨਲ ਕੰਪਨੀ ਕੈਡਬਰੀ ਦੁਆਰਾ ਛੇ ਮਹੀਨਿਆਂ ਦੀ ਇਨਟਰਨਸ਼ਿਪ ਲਈ ਚੁਣੇ ਗਏ। ਇਸ ਪਲੇਸਮੈਂਟ ਡਰਾਈਵ ਵਿਚ ਚੁਣੇ ਗਏ ਵਿਦਿਆਰਥੀ ਯੂਨੀਵਰਸਿਟੀ ਦੇ ਫ਼ੂਡ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਅਤੇ ਮਕੈਨੀਕਲ ਇੰਜੀਨਿਅਰਿੰਗ ਵਿਭਾਗ ਨਾਲ ਸਬੰਧਿਤ ਹਨ।
ਇਸ ਤੋਂ ਇਲਾਵਾ ਇਕ ਵੱਖਰੀ ਪਲੇਸਮੈਂਟ ਡਰਾਈਵ ਵਿਚ ਵੈੱਬ ਡਿਵੈਲਪਮੈਂਟ ਕੰਪਨੀ ਜੇਰੋਨੋਨ ਟੈਕਨਾਲੋਜੀ ਦੁਆਰਾ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨਿਅਰਿੰਗ ਵਿਭਾਗ ਦੇ ਵਿਦਿਆਰਥੀਆਂ ਦੀ ਵੀ ਚੋਣ ਕੀਤੀ ਗਈ।
ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਨੇ ਕੰਪਨੀਆਂ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਜਿੱਥੇ ਮੁਬਾਰਕਬਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਉਥੇ ਨਾਲ ਹੀ ਕੰਪਨੀਆਂ ਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਭਰੋਸਾ ਦਿਖਾਉਣ ਉਤੇ ਖੁਸ਼ੀ ਜ਼ਾਹਿਰ ਕੀਤੀ।ਉਨ੍ਹਾਂ ਕਿਹਾ ਕਿ ਮੌਜੂਦਾਂ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ ਯੂਨੀਵਰਸਿਟੀ ਵਿਦਿਆਰਥੀਆਂ ਦੀ ਟ੍ਰੇਨਿੰਗ ਅਤੇ ਪਲੇਸਮੈਂਟ ਉਤੇ ਖਾਸ ਧਿਆਨ ਦੇ ਰਹੀ ਹੈ ਜਿਸ ਸਦਕਾ ਵਿਦਿਆਰਥੀਆਂ ਨੂੰ ਸਮੇਂ-ਸਮੇਂ ਉਤੇ ਵੱਖ-ਵੱਖ ਮੋਹਰੀ ਕੰਪਨੀਆਂ ਨਾਲ ਰੂ-ਬ-ਰੂ ਕਰਵਾਇਆ ਜਾਂਦਾ ਹੈ। ਯੂਨੀਵਰਸਿਟੀ ਦੀ ਟ੍ਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਤ੍ਰਿਪਤੀ ਗੁਪਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਯੂਨੀਵਰਸਿਟੀ ਕੈਂਪਸ ਵਿਖੇ ਹੋਰ ਅਜਿਹੀਆਂ ਕੰਪਨੀਆਂ ਦੇ ਆਉਣ ਦੀ ਉਮੀਦ ਹੈ ਜਿਸ ਨਾਲ ਹੋਰ ਮਿਹਨਤੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੈਕੇਜ ਵਾਲੀਆਂ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।
Related Topics: Shri Guru Granth Sahib World University