February 5, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 4 ਫਰਵਰੀ 1986 ਨੂੰ ਵਾਪਰੇ ਸਾਕਾ ਨਕੋਦਰ ਨੂੰ ਭਾਵੇਂ 33 ਸਾਲ ਬੀਤ ਚੁੱਕੇ ਹਨ ਪਰ ਇਸ ਘਟਨਾ ਵਿਚ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਪਰਵਾਰ ਹਾਲੀ ਵੀ ਨਿਆਂ ਲਈ ਜਦੋ-ਜਹਿਦ ਕਰ ਰਹੇ ਹਨ।
ਤਤਕਾਲੀ ਪੰਜਾਬ ਸਰਕਾਰ ਨੇ ਇਸ ਸਾਕੇ ਦੀਆਂ ਘਟਨਾਵਾਂ ਦੀ ਜਾਂਚ ਦੀ ਜਿੰਮੇਵਾਰੀ ਜਸਟਿਸ ਗੁਰਨਾਮ ਸਿੰਘ ਨੂੰ ਦਿੱਤੀ ਸੀ ਜਿਨ੍ਹਾਂ ਆਪਣਾ ਜਾਂਚ ਲੇਖਾ 1987 ਵਿਚ ਹੀ ਸੌਂਪ ਦਿੱਤਾ ਸੀ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਸ ਲੇਖੇ ਦੀ ਭੜਾਸ ਵੀ ਨਹੀਂ ਕੱਢੀ।
ਲੰਘੇ ਤਿੰਨ ਦਹਾਕਿਆਂ ਦਰਮਿਆਨ ਪੰਜਾਬ ਵਿਚ ਬਣੀਆਂ ਸਾਰੀਆਂ ਹੀ ਸਰਕਾਰਾਂ ਨੇ ਇਸ ਲੇਖੇ ਨੂੰ ਦੱਬੀ ਰੱਖਿਆ ਹੈ। ਉਸ ਵੇਲੇ ਦੀਆਂ ਅਖਬਾਰਾਂ ਵਿਚ ਇਹ ਗੱਲ ਨਸ਼ਰ ਹੋਈ ਸੀ ਕਿ ਜਸਟਿਸ ਗੁਰਨਾਮ ਸਿੰਘ ਨੇ ਆਪਣੇ ਲੇਖੇ ਵਿਚ ਇਹ ਗੱਲ ਦੀ ਤਸਦੀਕ ਕੀਤੀ ਸੀ ਕਿ ਪੁਲਿਸ ਵਲੋਂ ਨਜਾਇਜ਼ ਤੌਰ ਉੱਤੇ ਹੀ ਸਿੱਖ ਸੰਗਤਾਂ ਤੇ ਗੋਲੀ ਚਲਾਈ ਗਈ ਸੀ।
ਬੀਤੇ ਸਾਲ ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਪਿੰਡ ਬਹਿਬਲ ਕਲਾਂ ਵਿਖੇ ਪੁਲਿਸ ਵਲੋਂ ਸਿੱਖ ਸੰਗਤਾਂ ਉੱਤੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਜਾਂਚ ਲੇਖਾ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਤਾਂ ਇਹ ਮੰਗ ਮੁੜ ਉੱਠੀ ਕਿ ਸਾਕਾ ਨਕੋਦਰ ਬਾਰੇ ਜਸਟਿਸ ਗੁਰਨਾਮ ਸਿੰਘ ਦਾ ਜਾਂਚ ਲੇਖਾ ਵੀ ਜਨਤਕ ਕੀਤਾ ਜਾਵੇ। ਉਦੋਂ ਤਾਂ ਪੰਜਾਬ ਸਰਕਾਰ ਇਹ ਮਾਮਲਾ ਟਾਲ ਗਈ ਸੀ ਪਰ ਹੁਣ ਮੁੜ ਇਹ ਜਾਂਚ ਲੇਖਾ ਜਨਤਕ ਕਰਨ ਲਈ ਪੰਜਾਬ ਸਰਕਾਰ ਉੱਤੇ ਦਬਾਅ ਬਣ ਰਿਹਾ ਹੈ।
ਸਰਕਾਰ ਜਾਂਚ ਲੇਖਾ ਜਨਤਕ ਕਰੇ: ਆਪ
ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਇਕ ਲਿਖਤੀ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਕੋਲੋਂ ਆਉਂਦੇ ਵਿਧਾਨ ਸਭਾ ਇਜਲਾਸ ਦੌਰਾਨ ਇਹ ਜਾਂਚ ਲੇਖਾ ਜਨਤਕ ਕਰਨ ਦੀ ਮੰਗ ਕੀਤੀ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰਾਂ ਨੇ 33 ਸਾਲਾਂ ਤੱਕ ਸੱਚ ਦੱਬੀ ਰੱਖਿਆ ਹੈ ਤੇ ਸ਼ਹੀਦ ਕੀਤੇ ਗਏ ਸਿੱਖ ਨੌਜਵਾਨਾਂ ਦੇ ਪਰਵਾਰਾਂ ਨਾਲ ਬੇਇਨਸਾਫੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਹੁਣ ਅਮਰਿੰਦਰ ਸਿੰਘ ਸਰਕਾਰ ਨੂੰ ਬਿਨਾ ਦੇਰੀ ਜਸਟਿਸ ਗੁਰਨਾਮ ਸਿੰਘ ਦਾ ਜਾਂਚ ਲੇਖਾ ਜਨਤਕ ਕਰਨ ਚਾਹੀਦਾ ਹੈ।
ਐਚ.ਐਸ.ਫੂਲਕਾ ਨੇ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ:
ਵਕੀਲ ਤੋਂ ਸਿਆਸਤਦਾਨ ਬਣੇ ਐਚ.ਐਸ.ਫੂਲਕਾ ਨੇ ਇਕ ਚਿੱਠੀ ਲਿਖ ਕੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਸਾਕਾ ਨਕੋਦਰ ਬਾਰੇ ਜਸਟਿਸ ਗੁਰਨਾਮ ਸਿੰਘ ਦਾ ਜਾਂਚ ਲੇਖਾ ਜਨਤਕ ਕਰਨ ਦੀ ਮੰਗ ਕੀਤੀ ਹੈ। ਅੰਗਰੇਜ਼ੀ ਵਿਚ ਲਿਖੀ ਚਿੱਠੀ (ਜੋ ਕਿ ਸਿੱਖ ਸਿਆਸਤ ਦੇ ਅੰਗਰੇਜ਼ੀ ਪੰਨੇ ਉੱਤੇ ਪੜ੍ਹੀ ਜਾ ਸਕਦੀ ਹੈ) ਵਿਚ ਸ. ਫੂਲਕਾ ਨੇ ਇਸ ਸਾਕੇ ਦਾ ਪਿਛੋਕੜ ਵਿਸਤਾਰ ਵਿਚ ਬਿਆਨ ਕੀਤਾ ਹੈ ਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਇਸ ਸਾਕੇ ਪਿੱਛੇ ਜਲੰਧਰ ਦੇ ਤਤਕਾਲੀ ਐਸ.ਐਸ.ਪੀ ਇਜ਼ਹਾਰ ਆਲਮ, ਐਸ.ਪੀ. ਸੁਰਜੀਤ ਸਿੰਘ, ਨਕੋਦਰ ਡੀ.ਐਸ.ਪੀ. ਗੋਪਾਲ ਸਿੰਘ ਘੁੰਮਣ ਅਤੇ ਇੰਸਪੈਕਟਰ ਹਰਿੰਦਰਪਾਲ ਸਿੰਘ ਦਾ ਹੱਥ ਹੋਣ ਦਾ ਸ਼ੱਕ ਹੈ।
ਵਕੀਲ ਫੂਲਕਾ ਨੇ ਆਪਣੀ ਚਿੱਠੀ ਵਿਚ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਕਾ ਨਕੋਦਰ ਦਾ ਜਾਂਚ ਲੇਖਾ ਅਤੇ ਇਸ ਬਾਰੇ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਦਾ ਲੇਖਾ ਵਿਧਾਨ ਸਭਾ ਵਿਚ ਪੇਸ਼ ਕਰੇ।
27 ਜਨਵਰੀ ਦੇ ਪੰਥਕ ਇਕੱਠ ਨੇ ਵੀ ਜਾਂਚ ਲੇਖਾ ਜਾਰੀ ਕਰ ਦੀ ਮੰਗ ਕੀਤੀ ਸੀ:
ਲੰਘੀ 27 ਜਨਵਰੀ ਨੂੰ ਚੰਡੀਗੜ੍ਹ ਵਿਖੇ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਲੋਂ ਸੱਦੇ ਗਏ ਪੰਥਕ ਇਕੱਠ ਦੌਰਾਨ ਵੀ ਇਕ ਮਤਾ ਪ੍ਰਵਾਣ ਕਰਕੇ ਸਰਕਾਰ ਕੋਲੋਂ ਮੰਗ ਕੀਤੀ ਗਈ ਸੀ ਕਿ ਸਾਕਾ ਨਕੋਦਰ ਬਾਰੇ ਜਾਂਚ ਲੇਖਾ ਜਨਤਕ ਕੀਤਾ ਜਾਵੇ।
ਡਾ. ਧਰਮਵੀਰ ਗਾਂਧੀ ਨੇ ਜਾਂਚ ਲੇਖਾ ਜਨਤਕ ਕਰਨ ਦੀ ਮੰਗ ਚੁੱਕੀ:
ਪਟਿਆਲਾ ਤੋਂ ਐਮ.ਪੀ. ਡਾ. ਧਰਮਵੀਰ ਗਾਂਧੀ ਨੇ ਲੰਘੇ ਕੱਲ (4 ਫਰਵਰੀ) ਨੂੰ ਸਾਕਾ ਨਕੋਦਰ ਦੇ ਸ਼ਹੀਦ ਸਿੰਘਾਂ ਦੇ ਪਰਵਾਰਾਂ ਚੋਂ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਭਰਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਡਾ. ਧਰਮਵੀਰ ਗਾਂਧੀ ਨੇ ਵੀ ਸਾਕਾ ਨਕੋਦਰ ਬਾਰੇ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਦਾ ਲੇਖਾ ਜਨਤਕ ਕਰਕੇ ਦੋਸ਼ੀਆ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Related Topics: Aam Aadmi Party, Advocate Harvinder Singh Phoolka, Capt. Amarinder Singh, Congress Government in Punjab 2017-2022, Dr. Dharamvira Gandhi, HS Phoolka, Punjab Politics, Saka Nakodar (4 February 1986)