ਸਿਆਸੀ ਖਬਰਾਂ

ਪੰਜਾਬੀ ਭਾਸ਼ਾ ਦੇ ਸਮਰਥਕ 22 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਇਕ ਦਿਨ ਲਈ ਸਮੂਹਕ ਭੁੱਖ ਹੜਤਾਲ ਕਰਨਗੇ

October 21, 2016 | By

ਚੰਡੀਗੜ੍ਹ: ਚੰਡੀਗੜ੍ਹ ਪੰਜਾਬੀ ਮੰਚ ਨੇ ਯੂਟੀ ਪ੍ਰਸ਼ਾਸਨ ਦੀ ਪੰਜਾਬੀ ਭਾਸ਼ਾ ਮਾਰੂ ਨੀਤੀ ਵਿਰੁੱਧ ਹੁਣ ਭੁੱਖ ਹੜਤਾਲ ਅਤੇ ਗ੍ਰਿਫਤਾਰੀਆਂ ਦੇ ਰਾਹ ਪੈਣ ਦਾ ਫੈਸਲਾ ਲਿਆ ਹੈ। ਮੰਚ ਦੇ ਬੈਨਰ ਹੇਠ ਪੰਜਾਬੀ ਲਿਖਾਰੀ, ਪੇਂਡੂ ਸੰਘਰਸ਼ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਸੰਗਠਨ ਵਲੋਂ 22 ਅਕਤੂਬਰ ਨੂੰ ਮਸਜਿਦ ਗਰਾਊਂਡ ਸੈਕਟਰ-20 ਵਿਖੇ ਸਮੂਹਿਕ ਭੁੱਖ ਹੜਤਾਲ ਰੱਖਣ ਸਮੇਤ ਮਾਂ ਬੋਲੀ ਦਿਵਸ ਮੌਕੇ ਸਮੂਹਿਕ ਗ੍ਰਿਫਤਾਰੀਆਂ ਦੇਣ ਦਾ ਫੈਸਲਾ ਲਿਆ ਹੈ।

ਸਾਹਿਤ ਅਕਾਦਮੀ ਪੰਜਾਬ ਲੁਧਿਆਣਾ ਦੇ ਪ੍ਰਧਾਨ ਡਾਕਟਰ ਸੁਖਦੇਵ ਸਿੰਘ ਸਿਰਸਾ, ਚੰਡੀਗੜ੍ਹ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਠਨ ਦੇ ਪ੍ਰਧਾਨ ਅਜਾਇਬ ਸਿੰਘ ਅਤੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਸਰਪ੍ਰਸਤ ਤੇ ਪਿੰਡ ਸਾਰੰਗਪੁਰ ਦੇ ਸਰਪੰਚ ਸਾਧੂ ਸਿੰਘ ਦੀ ਅਗਵਾਈ ਹੇਠ 22 ਅਕਤੂਬਰ ਨੂੰ ਪੰਜਾਬੀ ਹਿਤੈਸ਼ੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸਮੂਹਿਕ ਭੁੱਖ ਹੜਤਾਲ ਰੱਖਣਗੇ। ਇਸ ਤੋਂ ਬਾਅਦ ਅਗਲੇ ਵਰ੍ਹੇ ਪੰਜਾਬੀ ਹਿਤੈਸ਼ੀ 21 ਫਰਵਰੀ ਨੂੰ ਮਾਂ ਬੋਲੀ ਦਿਵਸ ਮੌਕੇ ਪੰਜਾਬ ਰਾਜ ਭਵਨ ਵੱਲ ਮਾਰਚ ਕਰਕੇ ਸਮੂਹਿਕ ਗ੍ਰਿਫਤਾਰੀਆਂ ਦੇਣਗੇ।

punjabi Bhasha

ਪ੍ਰਤੀਕਾਤਮਕ ਤਸਵੀਰ

ਮੰਚ ਵਲੋਂ ਦਸੰਬਰ ਵਿਚ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਮਾਂ ਬੋਲੀ ਤੋਂ ਮੁੱਖ ਮੋੜੀਂ ਬੈਠੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮੈਮੋਰੰਡਮ ਦੇ ਕੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਨਿਰਧਾਰਿਤ ਕਰਵਾਉਣ ਲਈ ਮੈਮੋਰੰਡਮ ਦਿੱਤੇ ਜਾਣਗੇ। ਮੰਚ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਹੀ ਪੰਜਾਬੀਆਂ ਦੀ ਮਾਂ ਬੋਲੀ ਨੂੰ ਨੁਕਰੇ ਲਾਉਣਾ ਸਭ ਤੋਂ ਗੰਭੀਰ ਮੁੱਦਾ ਹੈ ਪਰ ਇਥੋਂ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਕਦੇ ਵੀ ਇਸ ਨੂੰ ਮੁੱਖ ਮੁੱਦੇ ਵਜੋਂ ਆਪਣੇ ਏਜੰਡੇ ਵਿਚ ਸ਼ਾਮਲ ਨਹੀਂ ਕੀਤਾ। ਦੱਸਣਯੋਗ ਹੈ ਕਿ ਪਿਛਲੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਨੇ ਪੰਜਾਬੀ ਹਿਤੈਸ਼ੀਆਂ ਦੇ ਲੰਮੇ ਸੰਘਰਸ਼ ਤੋਂ ਬਾਅਦ ਐਲਾਨ ਕੀਤਾ ਸੀ ਕਿ ਪ੍ਰਸ਼ਾਸਨ ਵਿਚ ਤਿੰਨ ਭਾਸ਼ਾਈ ਫਾਰਮੂਲਾ (ਅੰਗਰੇਜ਼ੀ, ਪੰਜਾਬੀ ਤੇ ਹਿੰਦੀ) ਲਾਗੂ ਕੀਤਾ ਜਾਵੇਗਾ। ਪ੍ਰਸ਼ਾਸਨ ਦਾ ਜਿਥੇ ਹਰੇਕ ਵਿਭਾਗ ਇਸ ਹੁਕਮ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਚੁੱਕਾ ਹੈ ਉਥੇ ਲੋਕ ਸੰਪਰਕ ਵਿਭਾਗ ਪ੍ਰੈਸ ਨੋਟ ਕੇਵਲ ਅੰਗਰੇਜ਼ੀ ਵਿਚ ਭੇਜ ਕੇ ਰਾਜਪਾਲ ਦੇ ਹੁਕਮਾਂ ਨੂੰ ਟਿੱਚ ਜਾਣ ਰਿਹਾ ਹੈ।

ਇਸੇ ਤਰ੍ਹਾਂ ਪ੍ਰਸ਼ਾਸਨ ਨੇ ਪੰਜਾਬ ਵਿਧਾਨ ਸਭਾ ਵਿਚ 10 ਮਾਰਚ 2010 ਨੂੰ ਯੂਟੀ ਵਿਚ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਨਿਰਧਾਰਿਤ ਕਰਨ ਦੇ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਨੂੰ ਵੀ ਸਾਢੇ ਛੇ ਸਾਲਾਂ ਤੋਂ ਰੱਦੀ ਦੀ ਟੋਕਰੀ ਵਿਚ ਸੁੱਟ ਕੇ ਪੰਜਾਬ ਦੀ ਸਭ ਤੋਂ ਉਚ ਸੰਵਿਧਾਨਕ ਸੰਸਥਾ ਦਾ ਵੀ ਮਜ਼ਾਕ ਉਡਾਇਆ ਹੈ। ਕਈ ਵਰ੍ਹੇ ਸੰਸਦ ਮੈਂਬਰ ਰਹੇ ਪ੍ਰਮੁੱਖ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਜਿੱਥੇ ਆਪਣੀ ਮਾਂ ਬੋਲੀ ਨੂੰ ਆਪਣੇ ਹੀ ਸ਼ਹਿਰ ਵਿਚ ਮਾਨਤਾ ਦਿਵਾਉਣ ਤੋਂ ਫੇਲ੍ਹ ਰਹੇ ਹਨ ਉਥੇ ਭਾਜਪਾ ਦੀ ਪੰਜਾਬਣ ਸੰਸਦ ਮੈਂਬਰ ਕਿਰਨ ਖੇਰ ਵੀ ਚੋਣਾਂ ਵਿਚ ਕੀਤੇ ਵਾਅਦੇ ਨੂੰ ਭੁੱਲ ਕੇ ਆਪਣੀ ਮਾਂ ਬੋਲੀ ਨੂੰ ਆਪਣੇ ਲੋਕ ਸਭਾ ਹਲਕੇ ਵਿਚ ਮਾਣ ਦਿਵਾਉਣ ਤੋਂ ਅਸਮਰੱਥ ਰਹੀ ਹੈ। ਇਥੋਂ ਤੱਕ ਕਿ ਗਰੀਬ-ਗੁਰਬਿਆਂ ਦੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਆਗੂ ਵੀ ਪ੍ਰੈਸ ਨੋਟਾਂ ਵਿਚੋਂ ਪੰਜਾਬੀ ਭਾਸ਼ਾ ਨੂੰ ਭੁਲਾ ਕੇ ਪੰਜਾਬੀ ਭਾਸ਼ਾ ਦਾ ਨਿਰਾਦਰ ਕਰ ਰਹੇ ਹਨ। ਹੁਣ ਪੰਜਾਬੀ ਮੰਚ ਨੇ ਫੈਸਲਾ ਕੀਤਾ ਹੈ ਕਿ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਨ ਵਾਲੇ ਇਨ੍ਹਾਂ ਪਾਰਟੀਆਂ ਦੇ ਆਗੂਆਂ ਕੋਲੋਂ ਮਾਂ ਬੋਲੀ ਪ੍ਰਤੀ ਸਾਧੀ ਚੁੱਪ ਉਪਰ ਸਵਾਲ ਕੀਤੇ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,