July 19, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਜਪਾ ਦੇ ਰਾਜ ਸਭਾ ਮੈਂਬਰ ਨਵਜੋਤ ਸਿੱਧੂ ਵਲੋਂ ਭਾਜਪਾ ਛੱਡਣ ਅਤੇ ‘ਆਪ’ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਕ ਸਮਾਗਮ ਦੌਰਾਨ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਡਾ. ਨਵਜੋਤ ਕੌਰ ਸਿੱਧੂ ਦੇ ਅਸਤੀਫ਼ਾ ਦੇਣ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਿੱਧੂ ਜੋੜਾ ਭਾਵੇਂ ਆਮ ਆਦਮੀ ਵਿੱਚ ਜਾਵੇ ਜਾਂ ਖ਼ਾਸ ਪਾਰਟੀ ਵਿੱਚ, ਇਹ ਭਾਜਪਾ ਦਾ ਅੰਦਰੂਨੀ ਮਾਮਲਾ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਚੋਣਾਂ ਦੇ ਨਤੀਜਿਆਂ ’ਤੇ ਕੋਈ ਫਰਕ ਨਹੀਂ ਪਵੇਗਾ।
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰਾਜ ਸਭਾ ਵਿੱਚੋਂ ਨਵਜੋਤ ਸਿੱਧੂ ਦਾ ਅਸਤੀਫ਼ਾ ਪਹਿਲਾਂ ਤੋਂ ਤੈਅ ਸੀ ਕਿਉਂਕਿ ਉਨ੍ਹਾਂ ਕੋਲ ਹੋਰ ਬਦਲ ਨਹੀਂ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਉਨ੍ਹਾਂ ਦੀ ਪਾਰਟੀ ਨੇ ਸਿੱਧੂ ਨੂੰ ਚੁੱਪ ਕਰਵਾਉਣ ਵਾਸਤੇ ਖੁੱਡੇ ਲਾਈਨ ਲਾ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਕੋਲ ਅਸਤੀਫ਼ਾ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਕੈਪਟਨ ਨੇ ਕਿਹਾ ਕਿ ਸਿੱਧੂ ਕਾਫ਼ੀ ਸਮਾਂ ਪਹਿਲਾਂ ਹੀ ਸਰਗਰਮ ਸਿਆਸਤ ਤੋਂ ਬਾਹਰ ਹੋ ਚੁੱਕੇ ਹਨ, ਜਿਨ੍ਹਾਂ ਦੀ ਹੁਣ ਭਾਜਪਾ ਵਿੱਚ ਸਿਰਫ਼ ਨਾਮਾਤਰ ਮੌਜੂਦਗੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵੱਲੋਂ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨਾਲ ਕੀਤੇ ਵਤੀਰੇ ਕਾਰਨ ਉਨ੍ਹਾਂ ਦਾ ਭਾਜਪਾ ਵਿੱਚ ਰਹਿਣਾ ਸੰਭਵ ਨਹੀਂ ਸੀ।
ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਦੇ ਅਸਤੀਫ਼ੇ ਦਾ ਪੰਜਾਬ ਅਤੇ ਪਾਰਟੀ ’ਤੇ ਕੋਈ ਅਸਰ ਨਹੀਂ ਪਵੇਗਾ। ਪਾਰਟੀ ਵੱਡੀ ਹੁੰਦੀ ਹੈ, ਜਿਸ ਵਿੱਚ ਲੋਕ ਆਉਂਦੇ-ਜਾਂਦੇ ਰਹਿੰਦੇ ਹਨ ਪਰ ਪਾਰਟੀ ਦਾ ਕੰਮ ਚਲਦਾ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਨਵਜੋਤ ਸਿੱਧੂ ਚਾਰ ਵਰ੍ਹਿਆਂ ਤੋਂ ਪੰਜਾਬ ਵਿੱਚੋਂ ਗਾਇਬ ਸੀ। ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਅਤੇ ਉਨ੍ਹਾਂ ਦੀ ਪਤਨੀ ਨੂੰ ਵਿਧਾਇਕ ਤੇ ਫਿਰ ਮੁੱਖ ਸੰਸਦੀ ਸਕੱਤਰ ਬਣਾਇਆ। ਉਨ੍ਹਾਂ ਆਖਿਆ ਕਿ ਨਵਜੋਤ ਸਿੱਧੂ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ ਹੈ ਅਤੇ ਉਹ ਸਿਧਾਂਤਾਂ ਤੋਂ ਉਖੜ ਚੁੱਕੇ ਹਨ।
Related Topics: Aam Aadmi Party, Captain Amrinder Singh Government, navjot singh sidhu, Punjab BJP, sukhbir singh badal, Vijay Sampla