March 13, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਣ ਸਮੇਂ ਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਰਾਜਨਾਥ ਸਿੰਘ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਸ਼ਰਧਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਵਿਜੈ ਸੈਂਪਲਾ ਕੇਂਦਰੀ ਮੰਤਰੀ, ਸ਼ਵੇਤ ਮਲਿਕ ਮੈਂਬਰ ਪਾਰਲੀਮੈਂਟ ਵੀ ਉਨ੍ਹਾਂ ਦੇ ਨਾਲ ਸਨ।ਉਪਰੰਤ ਕੇਂਦਰੀ ਗ੍ਰਹਿ ਮੰਤਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਲੋਂਗੋਵਾਲ ਵਲੋਂ ਸਿਰੋਪਾਓ, ਲੋਈ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਸ੍ਰੀ ਰਾਜਨਾਥ ਸਿੰਘ ਨੂੰ ਦਿੱਤਾ ਮੰਗ ਪੱਤਰ:
ਗ੍ਰਹਿ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸੌਪੇ ਮੰਗ ਪੱਤਰ ਵਿੱਚ 6 ਵਿਸ਼ੇਸ਼ ਮੰਗਾਂ ਦਾ ਜ਼ਿਕਰ ਹੈ। ਮੰਗ ਪੱਤਰ ਵਿਚ ਗੁਰਦੁਆਰਾ ਸਾਹਿਬਾਨ ਵਿਚ ਵਰਤਾਏ ਜਾਂਦੇ ਲੰਗਰਾਂ ਤੋਂ ਜੀ.ਐਸ.ਟੀ. ਹਟਾਉਣ ਦੀ ਅਪੀਲ ਕੀਤੀ, ਤਾਂ ਜੋ ਗੁਰੂ ਘਰਾਂ ’ਤੇ ਪੈ ਰਹੇ ਵਾਧੂ ਬੋਝ ਨੂੰ ਰੋਕਿਆ ਜਾ ਸਕੇ। ਕਮੇਟੀ ਪਰਧਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿਚ ਆ ਰਹੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਮੰਗ ਕੀਤੀ ਕਿ ਇਸ ਇਤਿਹਾਸਕ ਪੁਰਬ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੱਕ ਖੁੱਲ੍ਹਾ ਲਾਂਘਾ ਦਿੱਤਾ ਜਾਵੇ, ਤਾਂ ਜੋ ਸੰਗਤਾਂ ਗੁਰੂ ਸਾਹਿਬ ਨਾਲ ਸਬੰਧਤ ਅਸਥਾਨ ਦੇ ਖੁੱਲ੍ਹੇ ਦਰਸ਼ਨ ਕਰ ਸਕਣ। ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਅਪੀਲ ਦਾ ਫੈਸਲਾ ਜਲਦ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਹੋਰਨਾਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਸਬੰਧੀ ਵੀ ਅਪੀਲ ਕੀਤੀ।
ਇਕ ਹੋਰ ਮੰਗ ਰਾਹੀਂ ਸ਼੍ਰੋਮਣੀ ਕਮੇਟੀ ਨੇ ਜੰਮੂ ਕਸ਼ਮੀਰ ਵਿਚ ਵੱਸਦੇ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜ਼ਾ ਦੇਣ ਦਾ ਮਾਮਲਾ ਗ੍ਰਹਿ ਮੰਤਰੀ ਪਾਸ ਉਠਾਇਆ। ਇਹ ਵੀ ਮੰਗ ਕੀਤੀ ਗਈ ਹੈ ਕਿ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਮਾਨ ਜੋ ਫੌਜ ਵੱਲੋਂ ਚੁੱਕ ਲਿਆ ਗਿਆ ਸੀ ਨੂੰ ਤੁਰੰਤ ਵਾਪਸ ਕੀਤਾ ਜਾਵੇ। ਭਾਈ ਲੌਂਗੋਵਾਲ ਨੇ ਇਕ ਹੋਰ ਮੰਗ ਰਾਹੀਂ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ-87 ਤਹਿਤ ਆਉਂਦੇ ਉਨ੍ਹਾਂ ਗੁਰਦੁਆਰਿਆਂ ਨੂੰ ਸੈਕਸ਼ਨ-85 ਅਧੀਨ ਲਿਆਉਣ ਲਈ ਨੋਟੀਫਿਕੇਸ਼ਨ ਕਰਨ ਲਈ ਕਿਹਾ ਜੋ ਯੋਗ ਹਨ। ਉਨ੍ਹਾਂ ਕਿਹਾ ਕਿ 35 ਤੋਂ ਵੱਧ ਇਨ੍ਹਾਂ ਗੁਰਦੁਆਰਿਆਂ ਸਬੰਧੀ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ।
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਉਨ੍ਹਾਂ ਨੂੰ ਮੁਲਾਕਾਤ ਲਈ ਸਮਾਂ ਦੇਣਗੇ, ਤਾਂ ਜੋ ਇਨ੍ਹਾਂ ਸਾਰੇ ਮਸਲਿਆਂ ਦੇ ਹੱਲ ਲਈ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੰਗ ਪੱਤਰ ਨੂੰ ਉਹ ਅਗਲੀ ਪ੍ਰਕਿਰਿਆ ਵਿਚ ਜ਼ਰੂਰ ਪਾਉਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ, ਰਜਿੰਦਰਮੋਹਨ ਸਿੰਘ ਛੀਨਾ, ਅਨਿਲ ਜੋਸ਼ੀ, ਸਾਧੂ ਸਿੰਘ ਧਰਮਸੋਤ, ਸ਼੍ਰੋਮਣੀ ਕਮੇਟੀ ਸਕੱਤਰ ਅਵਤਾਰ ਸਿੰਘ ਸੈਂਪਲਾ, ਜਗਜੀਤ ਸਿੰਘ ਜੱਗੀ ਨਿੱਜੀ ਸਹਾਇਕ, ਸੁਲੱਖਣ ਸਿੰਘ ਭੰਗਾਲੀ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ,ਸੁਖਬੀਰ ਸਿੰਘ ਵਧੀਕ ਮੈਨੇਜਰ, ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਹਰਿੰਦਰ ਸਿੰਘ ਰੋਮੀ, ਦਰਸ਼ਨ ਸਿੰਘ ਪੀ.ਏ. ਮੌਜੂਦ ਸਨ।
Related Topics: Gobind Singh Longowal, Indian Government, Rajnath Singh, Shiromani Gurdwara Parbandhak Committee (SGPC), Sikh Political Prisoners