ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਵਲੋਂ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ‘ਸਿੱਖ ਨੌਜਵਾਨ ਚੇਤਨਾ ਸਮਾਗਮ’

January 7, 2017 | By

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਮੇਟੀ ਨਾਲ ਸਬੰਧਤ ਯੂਨੀਵਰਸਿਟੀ, ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ, ਧਰਮ ਅਤੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ 10 ਜਨਵਰੀ ਨੂੰ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਦਸ਼ਮੇਸ਼ ਦੀਵਾਨ ਹਾਲ ਵਿੱਚ ‘ਸਿੱਖ ਨੌਜਵਾਨ ਗੁਰਮਤਿ ਚੇਤਨਾ ਸਮਾਗਮ’ ਕਰਵਾਇਆ ਜਾ ਰਿਹਾ ਹੈ।

ਸ਼਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਵਿਚਲੇ ਦਫਤਰ ਵਿਖੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਉਚ-ਪੱਧਰੀ ਮੀਟਿੰਗ ‘ਚ ਕਿਹਾ ਕਿ ਅਜੋਕੇ ਯੁੱਗ ਅੰਦਰ ਨੌਜਵਾਨ ਅਤੇ ਵਿਦਿਆਰਥੀ ਵਰਗ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮਾਜੀ ਚਕਾਚੌਂਧ ਦਾ ਮੁਕਾਬਲਾ ਕਰਨ ਲਈ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਸ਼਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਵਿਚਲੇ ਦਫਤਰ ਵਿਖੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਮੀਟਿੰਗ ਦੌਰਾਨ

ਸ਼਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਵਿਚਲੇ ਦਫਤਰ ਵਿਖੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਮੀਟਿੰਗ ਦੌਰਾਨ

ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸ਼ਤਾਬਦੀ ਸਿੱਖ ਜਗਤ ਨੂੰ ਜਾਗਰੂਕ ਕਰਨ ਅਤੇ ਆਪਣੇ ਧਰਮ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦੇ ਕੇ ਗਈ ਹੈ। ਜਿਸ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਰ-ਘਰ ਪਹੁੰਚਾਉਣ ਦਾ ਯਤਨ ਕਰੇਗੀ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਇਸ ਸਮਾਗਮ ਅੰਦਰ ਵੱਖ-ਵੱਖ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੇ ਵਿਦਿਆਰਥੀ ਹੀ ਕੀਰਤਨ, ਢਾਡੀ ਵਾਰਾਂ, ਕਵਿਸ਼ਰੀ, ਕਵਿਤਾ ਅਤੇ ਭਾਸ਼ਣ ਕਲਾ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਖਿਆਨ ਕਰਨਗੇ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਚਰਨ ਸਿੰਘ ਮੁੱਖ ਸਕੱਤਰ, ਡਾ. ਗੁਰਮੋਹਨ ਸਿੰਘ ਵਾਲੀਆ ਵਾਈਸ ਚਾਂਸਲਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਅਵਤਾਰ ਸਿੰਘ ਸਕੱਤਰ, ਸੁਖਦੇਵ ਸਿੰਘ ਭੂਰਾਕੋਹਨਾ ਐਡੀਸ਼ਨਲ ਸਕੱਤਰ, ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ, ਕੇਵਲ ਸਿੰਘ ਐਡੀਸ਼ਨਲ ਸਕੱਤਰ, ਡਾ. ਧਰਮਿੰਦਰ ਸਿੰਘ ਉਭਾ, ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ, ਡਾ. ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਸਿੱਖਿਆ, ਪ੍ਰਿੰਸੀਪਲ ਸਤਵੰਤ ਕੌਰ ਸਹਾਇਕ ਡਾਇਰੈਕਟਰ ਸਿੱਖਿਆ (ਸਕੂਲਜ਼), ਮੇਜਰ ਜਨਰਲ ਜੀ.ਐਸ. ਲਾਂਬਾ ਪ੍ਰਿੰਸੀਪਲ ਬਾਬਾ ਬੰਦਾ ਸਿੰਘ ਜੀ ਬਹਾਦਰ ਕਾਲਜ, ਸ਼੍ਰੀ ਫ਼ਤਿਹਗੜ੍ਹ ਸਾਹਿਬ, ਡਾ. ਜਤਿੰਦਰ ਸਿੰਘ ਸਿੱਧੂ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨਤਾਰਨ ਲਵਪ੍ਰੀਤ ਸਿੰਘ ਪ੍ਰਚਾਰਕ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਪ੍ਰੋਫੈਸਰ ਸਾਹਿਬਾਨ ਹਾਜ਼ਰ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,